Close
Menu

ਮੋਦੀ ਕੇਰਲ ਜਾਂ ਤਾਮਿਲ ਨਾਡੂ ਤੋਂ ਚੋਣ ਲੜਨ ਦੀ ਹਿੰਮਤ ਵਿਖਾਉਣ: ਥਰੂਰ

-- 08 April,2019

ਨਵੀਂ ਦਿੱਲੀ, 8 ਅਪਰੈਲ
ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਇਨਾਡ ਤੋਂ ਲੋਕ ਸਭਾ ਚੋਣ ਲੜਨ ਦਾ ਫੈਸਲਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਉੱਤਰ ਤੇ ਦੱਖਣ ਭਾਰਤ, ਦੋਵਾਂ ਥਾਵਾਂ ਤੋਂ ਜਿੱਤਣ ਦਾ ਯਕੀਨ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਕਿ ਉਹ ਕੇਰਲ ਜਾਂ ਤਾਮਿਲ ਨਾਡੂ ਤੋਂ ਚੋਣ ਲੜਨ ਦੀ ਹਿੰਮਤ ਵਿਖਾਉਣ।
ਡਿਪਲੋਮੈਟ ਤੋਂ ਸਿਆਸਤਦਾਨ ਬਣੇ ਸ੍ਰੀ ਥਰੂਰ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੇਰਲ ਦੀ ਸੰਸਦੀ ਸੀਟ ਤੋਂ ਚੋਣ ਲੜਨ ਨਾਲ ਦੱਖਣੀ ਰਾਜਾਂ ਵਿੱਚ ਇਕ ‘ਪ੍ਰਤੱਖ ਕਿਸਮ ਦਾ ਉਤਸ਼ਾਹ’ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਇਸ ਖਿੱਤੇ ’ਚੋਂ ਹੋ ਸਕਦਾ ਹੈ। ਰਾਹੁਲ ਗਾਂਧੀ ’ਤੇ ਹਿੰਦੂ ਬਹੁਗਿਣਤੀ ਵਾਲੇ ਖੇਤਰਾਂ ’ਚੋਂ ਭੱਜਣ ਦੇ ਲਾਏ ਦੋਸ਼ਾਂ ਲਈ ਮੋਦੀ ਤੇ ਭਾਜਪਾ ਨੂੰ ਭੰਡਦਿਆਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਲਗਾਤਾਰ ਕੱਟੜਵਾਦ ਦੇ ਆਸਰੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਨਿਰਾਸ਼ਾ ਇਸ ਗੱਲ ਦੀ ਹੈ ਕਿ ਇਹ ਸਭ ਇਕ ਪ੍ਰਧਾਨ ਮੰਤਰੀ ਬੋਲ ਰਿਹਾ ਹੈ। ਤਿਰੂਵਨੰਤਪੁਰਮ ਤੋਂ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ, ‘ਭਾਜਪਾ ਦੇ ਕੱਟੜਵਾਦ ਦਾ ਝੰਡਾਬਰਦਾਰ ਬਣ ਕੇ ਸ੍ਰੀ ਮੋਦੀ ਨੇ ਸਿਧਾਂਤਕ ਅਹੁਦੇ ਦਾ ਅਪਮਾਨ ਕੀਤਾ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਹਰੇਕ ਭਾਰਤੀ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ।’ ਥਰੂਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਵਾਇਨਾਡ ਤੋਂ ਚੋਣ ਲੜਨ ਦਾ ਫੈਸਲਾ ਕਰਕੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਉੱਤਰ ਤੇ ਦੱਖਣ ਵਿੱਚ ਜਿੱਤਣ ਦਾ ਯਕੀਨ ਹੈ।

Facebook Comment
Project by : XtremeStudioz