Close
Menu

ਮੋਦੀ ਤੇ ਸ਼ਾਹ ਦੀ ਜੋੜੀ ਕਰੇਗੀ ਭਾਜਪਾ ਉਮੀਦਵਾਰ ਦੀ ਚੋਣ

-- 18 April,2019

ਚੰਡੀਗੜ੍ਹ, 18 ਅਪਰੈਲ
ਭਾਜਪਾ ਵੱਲੋਂ ਲੋਕ ਸਭਾ ਹਲਕਾ ਚੰਡੀਗੜ੍ਹ ਦੇ ਉਮੀਦਵਾਰ ਦਾ ਐਲਾਨ ਪਾਰਟੀ ਵੱਲੋਂ ਕਰਵਾਏ ਜਾ ਰਹੇ ਸਰਵੇਖਣਾਂ ਵਿਚ ਅਟਕਿਆ ਪਿਆ ਹੈ। ਸੂਤਰਾਂ ਅਨੁਸਾਰ ਇਸ ਵਾਰ ਟਿਕਟ ਦੇ ਦਾਅਵੇਦਾਰ ਭਾਵੇਂ ਸੰਸਦ ਮੈਂਬਰ ਕਿਰਨ ਖੇਰ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਅਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਹਨ ਪਰ ਹਾਈ ਕਮਾਂਡ ਵੱਲੋਂ ਮੁੱਖ ਤੌਰ ’ਤੇ ਕਿਰਨ ਤੇ ਟੰਡਨ ਦੇ ਨਾਵਾਂ ਉਪਰ ਹੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੇਲੇ ਵੀ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੀਆਂ ਟਿਕਟਾਂ ਦਾ ਅੰਤਿਮ ਫੈਸਲਾ ਪਾਰਟੀ ਦੀ ਸਿਖਰਲੀ ਜੋੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਕਰ ਰਹੇ ਹਨ ਅਤੇ ਇਹ ਜੋੜੀ ਸਬੰਧਤ ਸੂਬੇ ਦੀ ਲੀਡਰਸ਼ਿਪ ਤੋਂ ਇਲਾਵਾ ਆਪਣੇ ਪੱਧਰ ’ਤੇ ਹਰੇਕ ਹਲਕੇ ਦੇ ਕਰਵਾਏ ਜਾਂਦੇ ਸਰਵੇ ਨੂੰ ਅਧਾਰ ਬਣਾ ਕੇ ਜਿੱਤਣ ਦੇ ਸਮਰੱਥ ਵਾਲੇ ਆਗੂਆਂ ਨੂੰ ਹੀ ਟਿਕਟਾਂ ਦੇਣ ਦਾ ਫੈਸਲਾ ਕਰ ਰਹੀ ਹੈ। ਇਨ੍ਹਾਂ ਸਰਵੇਖਣਾਂ ਦੇ ਅਧਾਰ ’ਤੇ ਹੀ ਹਾਈ ਕਮਾਂਡ ਵੱਲੋਂ ਮੁੱਖ ਤੌਰ ’ਤੇ ਕਿਰਨ ਤੇ ਟੰਡਨ ਦੇ ਨਾਵਾਂ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ ਸ੍ਰੀ ਜੈਨ ਨੇ ਪਹਿਲਾਂ ਹੀ ਹਾਈ ਕਮਾਂਡ ਨੂੰ ਕਹਿ ਦਿੱਤਾ ਸੀ ਕਿ ਜੇ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟਾਂ ਦੇਣ ਦੀ ਰਣਨੀਤੀ ਤਹਿਤ ਕਿਰਨ ਨੂੰ ਮੁੜ ਟਿਕਟ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕਿਰਨ ਨੂੰ ਟਿਕਟ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦੀ ਦਾਅਵੇਦਾਰੀ ਕਾਇਮ ਮੰਨੀ ਜਾਵੇ। ਸੂਤਰਾਂ ਅਨੁਸਾਰ ਭਾਜਪਾ ਵੱਲੋਂ ਇਹ ਪਤਾ ਲਾਉਣ ਲਈ ਸਰਵੇ ਕਰਵਾਇਆ ਹੈ ਕਿ ਇਨ੍ਹਾਂ ਤਿੰਨਾਂ ਵਿਚੋਂ ਕਿਸ ਆਗੂ ਨੂੰ ਚੰਡੀਗੜ੍ਹ ਵਾਸੀ ਜ਼ਿਆਦਾ ਪਸੰਦ ਕਰਦੇ ਹਨ। ਮੋਦੀ ਤੇ ਸ਼ਾਹ ਦੀ ਜੋੜੀ ਨੇ ਤਿੰਨਾਂ ਆਗੂਆਂ ਦੀ ਹਰਮਨਪਿਆਰਤਾ ਬਾਰੇ ਦੋ ਤਰ੍ਹਾਂ ਦੇ ਸਰਵੇ ਕਰਵਾਏ ਹਨ। ਇਕ ਸਰਵੇ ਵਿਚ ਚੰਡੀਗੜ੍ਹ ਦੇ ਲੋਕਾਂ ਦੀ ਰਾਏ ਲਈ ਗਈ ਹੈ ਅਤੇ ਦੂਸਰਾ ਸਰਵੇ ਭਾਜਪਾ ਚੰਡੀਗੜ੍ਹ ਦੇ ਅਹੁਦੇਦਾਰਾਂ ਦੇ ਅਧਾਰ ’ਤੇ ਕਰਵਾਇਆ ਗਿਆ ਹੈ। ਸ੍ਰੀ ਟੰਡਨ 9 ਸਾਲਾਂ ਤੋਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਹਨ। ਪਾਰਟੀ ਪੱਧਰ ’ਤੇ ਕਰਵਾਏ ਸਰਵੇ ਵਿਚ ਉਹ ਕਿਰਨ ਤੋਂ ਬਹੁਤ ਅੱਗੇ ਹਨ। ਉਂਜ ਨਗਰ ਨਿਗਮ ਵਿਚ ਭਾਜਪਾ ਦੇ 20 ਕੌਸਲਰਾਂ ਵਿਚੋਂ ਤਕਰੀਬਨ ਅੱਧੇ-ਅੱਧੇ ਕੌਸਲਰ ਕਿਰਨ ਤੇ ਟੰਡਨ ਨਾਲ ਹਨ। ਇਕ ਹੋਰ ਜਾਣਕਾਰੀ ਅਨੁਸਾਰ ਹਾਈ ਕਮਾਂਡ ਚੰਡੀਗੜ੍ਹ ਦੀ ਸੀਟ ਅਤੇ ਇਥੋਂ ਟਿਕਟ ਦੇ ਦਾਅਵੇਦਾਰਾਂ ਨੂੰ ਪੰਜਾਬ ਲਈ ਚੁਣੇ ਜਾ ਰਹੇ ਉਮੀਦਵਾਰਾਂ ਨਾਲ ਜੋੜ ਕੇ ਵੀ ਵਿਚਾਰ ਕਰ ਰਹੀ ਹੈ। ਭਾਜਪਾ ਨੂੰ ਪੰਜਾਬ ਲਈ ਆਪਣੇ ਹਿੱਸੇ ਦੇ ਤਿੰਨ ਲੋਕ ਸਭਾ ਹਲਕਿਆਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਲਈ ਯੋਗ ਉਮੀਦਵਾਰਾਂ ਦੀ ਘਾਟ ਮਹਿਸੂਸ ਹੁੰਦੀ ਰਹੀ ਹੈ। ਸੂਤਰਾਂ ਅਨੁਸਾਰ ਇਸੇ ਕਾਰਨ ਹੀ ਹਾਈ ਕਮਾਂਡ ਨੇ ਫਿਲਹਾਲ ਚੰਡੀਗੜ੍ਹ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਦਰਅਸਲ ਕਿਰਨ ਖੇਰ ਬਤੌਰ ਮਹਿਲਾ ਭਾਜਪਾ ਵਿਚ ਪ੍ਰਭਾਵਸ਼ਾਲੀ ਚਿਹਰਾ ਹੈ ਜਿਸ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਹਲਕੇ ਤੋਂ ਵੀ ਚੋਣ ਮੈਦਾਨ ਵਿਚ ਉਤਾਰਨ ਉਪਰ ਵਿਚਾਰ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz