Close
Menu

ਮੋਦੀ ਦੀ ਜਨਤਕ ਰੈਲੀ ਨੇ ਸ਼ਮਸ਼ਾਨਘਾਟ ਬੰਦ ਕਰਵਾਇਆ

-- 19 December,2018

ਮੁੰਬਈ/ਕਲਿਆਣ, 19 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੰਬਈ ਫੇਰੀ ਦੌਰਾਨ ਰੈਲੀ ਨੇੜਲੇ ਇਕ ਸ਼ਮਸ਼ਾਨ ਘਾਟ ਨੂੰ ਅੱਜ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਬੰਦ ਕਰ ਦਿੱਤਾ ਗਿਆ। ਲਾਲਚੌਕੀ ਸ਼ਮਸ਼ਾਨਘਾਟ ਬੰਦ ਹੋਣ ਕਰਕੇ ਲੋਕਾਂ ਨੂੰ ਆਪਣੇ ਪਰਿਵਾਰਕ ਜੀਆਂ ਦਾ ਸਸਕਾਰ ਕਰਨ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਸ਼ਮਸ਼ਾਨਘਾਟ ਸ੍ਰੀ ਮੋਦੀ ਦੀ ਰੈਲੀ ਵਾਲੀ ਥਾਂ ਤੋਂ ਮਹਿਜ਼ ਦੋ ਸੌ ਮੀਟਰ ਦੂਰ ਸੀ। ਰੈਲੀ ਕਰਕੇ ਸ਼ਮਸ਼ਾਨਘਾਟ ਹੀ ਨਹੀਂ ਬਲਕਿ ਨੇੜਲੇ ਵਧਵਾ ਹਾਲ ਵਿੱਚ ਤਿੰਨ ਵਿਆਹ ਸਮਾਗਮਾਂ ਨੂੰ ਵੀ ਰੱਦ ਕਰਨਾ ਪਿਆ। ਦੱਸਣਾ ਬਣਦਾ ਹੈ ਕਿ ਇਹ ਉਹੀ ਫੜਕੇ ਮੈਦਾਨ ਹੈ, ਜਿੱਥੇ ਸ੍ਰੀ ਮੋਦੀ ਨੇ 2014 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਦੀ ਚੋਣ ਮੌਕੇ ਚੋਣ ਮੀਟਿੰਗ ਕੀਤੀ ਸੀ। ਇਸ ਦੌਰਾਨ ਸ੍ਰੀ ਮੋਦੀ ਨੇ ਅੱਜ ਇਥੇ 33 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀਆਂ ਦੋ ਮੈਟਰੋ ਲਾਈਨਾਂ ਤੇ ਕਿਫਾਇਤੀ ਹਾਊਸਿੰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਨੀਂਹ ਪੱਥਰਾਂ ਨੂੰ ਅਗਲੇ ਸਾਲ ਦੀਆਂ ਅਹਿਮ ਲੋਕ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸ੍ਰੀ ਮੋਦੀ ਨੇ ਇਸ ਮੌਕੇ ਕਾਰਟੂਨ ਵਿਅੰਗਕਾਰ ਆਰ.ਕੇ.ਲਕਸ਼ਮਣ ਨਾਲ ਸਬੰਧਤ ਪੁਸਤਕ ‘ਟਾਈਮਲੈੱਸ’ ਲਕਸ਼ਮਣ’ ਵੀ ਰਿਲੀਜ਼ ਕੀਤੀ।
ਮੁੰਬਈ ਦੀ ਆਪਣੀ ਫੇਰੀ ਦੌਰਾਨ ਸ੍ਰੀ ਮੋਦੀ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਠਾਣੇ-ਭਿਵੰਡੀ-ਕਲਿਆਣ (ਮੈਟਰੋ 5) ਤੇ ਦਹੀਸਰ-ਮੀਰਾ ਭਯੰਡਰ (ਮੈਟਰੋ 9) ’ਤੇ ਕੰਮ ਦੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ’ਤੇ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਵੇਗਾ। ਸ੍ਰੀ ਮੋਦੀ ਨੇ ਨਵੀ ਮੁੰਬਈ ਪਲਾਨਿੰਗ ਅਥਾਰਿਟੀ ਦੇ ਸਿਡਕੋ’ਜ਼ (ਸਿਟੀ ਐਂਡ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ) ਦੀ 18000 ਕਰੋੜ ਰੁਪਏ ਦੀ ਲਾਗਤ ਵਾਲੀ ਮਾਸ ਹਾਊਸਿੰਗ ਸਕੀਮ ਦੀ ਵੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕਿਫ਼ਾਇਤੀ ਦਰਾਂ ’ਤੇ 89,771 ਮਕਾਨ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਾਲ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। 

Facebook Comment
Project by : XtremeStudioz