Close
Menu

ਮੋਦੀ ਦੀ ਰੈਲੀ ਨੇ ਦਿੱਲੀ ਦਾ ਮੈਦਾਨ ਭਖ਼ਾਇਆ

-- 10 January,2015

* ‘ਆਪ’ ਆਗੂ ਕੇਜਰੀਵਾਲ ਉਤੇ ਸਿੱਧੇ ਹਮਲੇ; ਅਰਾਜਕਤਾਵਾਦੀ ਆਖ ਕੇ ਨਕਸਲੀਆਂ
ਨਾਲ ਰਲਣ ਦੀ ਸਲਾਹ

ਨਵੀਂ ਦਿੱਲੀ,  ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੈਦਾਨ ਭਖ ਗਿਆ ਹੈ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਵੋਟਰਾਂ ਅੱਗੇ ਵਾਅਦਿਆਂ ਦੀ ਝੜੀ ਲਗਾ ਦਿੱਤੀ, ਉਥੇ ‘ਆਪ’ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ‘ਅਰਾਜਕਤਾਵਾਦੀ’ ਕਰਾਰ ਦਿੰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਦਾ ਇਕ ਸਾਲ ਖਰਾਬ ਕਰਨ ਵਾਲੇ ਨੂੰ ਸਬਕ ਸਿਖਾ ਦੇਣ।
ਇਥੇ ਰਾਮਲੀਲਾ ਮੈਦਾਨ ਵਿੱਚ ਭਾਜਪਾ ਦੀ ਇਸ ਰੈਲੀ ਵਿੱਚ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦਾ ਨਾਮ ਲਏ ਬਗੈਰ ਕਿਹਾ ਜੇਕਰ ‘ਆਪ’ ਨੇਤਾ ‘ਅਰਾਜਕਤਾਵਾਦੀ’ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਜੰਗਲਾਂ ਵਿੱਚ ਜਾ ਕੇ ਨਕਸਲੀਆਂ ਨਾਲ ਰਲ ਜਾਣਾ ਚਾਹੀਦਾ ਹੈ। ਸ੍ਰੀ ਕੇਜਰੀਵਾਲ ਨੇ ਬੀਤੇ ਸਾਲ ਮੁੱਖ ਮੰਤਰੀ ਹੁੰਦਿਆਂ ਇਕ ਪ੍ਰਦਰਸ਼ਨ ਦੌਰਾਨ ਕਿਹਾ ਸੀ ਕਿ ਉਹ ਇਕ ‘ਅਰਾਜਕਤਾਵਾਦੀ’ ਹਨ। ਅੱਜ ਆਪਣੇ 40 ਮਿੰਟਾਂ ਦੇ ਭਾਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਝੂਠ ਬੋਲਣ, ਧਰਨੇ ਮਾਰਨ ਤੇ ਪ੍ਰਦਰਸ਼ਨ ਕਰਨ ਵਿੱਚ ‘ਮਾਸਟਰੀ’ ਹੈ। ਪਰ ਦਿੱਲੀ ਦੀ ਜਨਤਾ ਹੁਣ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਕਮਾਨ ਸੌਂਪੇ, ਕਿਉਂਕਿ ਇਸੇ ਪਾਰਟੀ ‘ਚ ‘ਪ੍ਰਸ਼ਾਸਕੀ ਮਾਸਟਰੀ’ ਹੈ। ਇਸ ਲਈ ਰਾਜਧਾਨੀ ਦੇ ਵਿਕਾਸ ਲਈ ਜਨਤਾ ਭਾਜਪਾ ਨੂੰ ਸਪਸ਼ਟ ਬਹੁਮਤ ਨਾਲ ਜਿਤਾਏ। ਦਿੱਲੀ ਇਸ ਵੇਲੇ ਰਾਸ਼ਟਰਪਤੀ ਰਾਜ ਅਧੀਨ ਹੈ ਤੇ ਇਥੇ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਜਨਤਾ ਨੇ ਭਾਜਪਾ ਨੂੰ ਸੱਤਾ ‘ਚ ਲਿਆਂਦਾ ਤਾਂ ਦਿੱਲੀ ਵਿੱਚ ਵਿਕਾਸ ਲਈ ਨਵੀਂ ਉਚਾਈਆਂ ਛੂਹ ਲਏਗਾ। ਲੋਕਾਂ ਨੂੰ ਬਿਜਲੀ ਸਪਲਾਈ ਲਈ ਕੰਪਨੀ ਨੂੰ ਚੁਣਨ ਦਾ ਅਧਿਕਾਰ ਦਿੱਤਾ ਜਾਵੇਗਾ ਤੇ ਉਹ ਮੋਬਾਈਲ ਨੰਬਰ ਵਾਂਗ ਹੀ ਬਿਜਲੀ ਮੁਹੱਈਆ ਕਰਾਉਣ ਵਾਲੀ ਕੰਪਨੀ ਬਦਲ ਸਕਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਤੱਕ ਸਾਰਿਆਂ ਨੂੰ ਪੱਕੇ ਮਕਾਨ ਦੇ ਕੇ ਦਿੱਲੀ ਨੂੰ ਝੁੱਗੀ-ਝੌਂਪੜੀ ਮੁਕਤ ਕਰ ਦਿੱਤਾ ਜਾਵੇਗਾ। ਰਾਜਧਾਨੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਐਲਾਨ ਵੀ ਪ੍ਰਧਾਨ ਮੰਤਰੀ ਨੇ ਕੀਤਾ।
ਉਨ੍ਹਾਂ ਕਿਹਾ, ”ਬੀਤੀ 14 ਫਰਵਰੀ ਨੂੰ 49 ਦਿਨਾਂ ਦੀ ਸਰਕਾਰ ਨੇ ਅਸਤੀਫਾ ਦੇ ਦਿੱਤਾ ਸੀ ਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਸੀ। ਉਸ ਮਗਰੋਂ ਇਕ ਸਾਲ ਤੱਕ ਦਿੱਲੀ ਵਾਸੀ ਸਰਕਾਰ ਬਗੈਰ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਅੱਧ-ਵਿਚਾਲੇ ਛੱਡਿਆ ਸੀ, ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇ।” ਉਨ੍ਹਾਂ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਐਨਡੀਏ ਸਰਕਾਰ 7 ਮਹੀਨਿਆਂ ਤੋਂ ਕੇਂਦਰ ਵਿੱਚ ਹੈ ਤੇ ਹਾਲੇ ਤੱਕ ਇਸ ਸਰਕਾਰ ਵਿੱਚ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਬਾਰੇ ਕਿਸੇ ਨੇ ਸੁਣਿਆ ਨਹੀਂ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, ”ਮੇਰਾ ਭਰੋਸਾ ਕਰੋ ਮੈਂ ਸਾਰਾ ਸਿਸਟਮ ਸਾਫ-ਸੁਥਰਾ ਕਰ ਦਿਆਂਗਾ। ਮੈਂ ਇਹ ਕੰਮ ਉਪਰੋਂ ਸ਼ੁਰੂ ਕਰਕੇ ਹੇਠਾਂ ਤੱਕ ਲਿਆਵਾਂਗਾ। ਜਿਹੜੇ ਲੋਕ ਆਟੋ ਚਾਲਕਾਂ, ਦੁਕਾਨਦਾਰਾਂ ਤੇ ਗਰੀਬਾਂ ਤੋਂ ਰਿਸ਼ਵਤ ਲੈਂਦੇ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ”
ਦਿੱਲੀ ਵਾਸੀਆਂ ਸਾਹਮਣੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹਰਿਆਣਾ ਦੀ ਭਾਜਪਾ ਸ਼ਾਸਤ ਸਰਕਾਰ ਨੇ ਕੇਂਦਰ ਦੇ ਦਖਲ ਮਗਰੋਂ ਦਿੱਲੀ ਨੂੰ ਹੋਰ ਪਾਣੀ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਅਜਿਹੀ ਅਫਵਾਹਾਂ ਦਾ ਖੰਡਨ ਕੀਤਾ ਕਿ ਸੱਤਾ ‘ਚ ਆਉਣ ਮਗਰੋਂ ਭਾਜਪਾ ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ ਫੇਰ ਤੋਂ ਘਟਾ ਕੇ 58 ਸਾਲ ਕਰ ਦੇਵੇਗੀ। ਪ੍ਰਧਾਨ ਮੰਤਰੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ‘ਸਭ ਤੋਂ ਸਫਲ’ ਪਾਰਟੀ ਪ੍ਰਧਾਨ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਲੀਡਰਸ਼ਿਪ ਹੇਠ ਭਾਜਪਾ ਨੇ ਰਾਜਾਂ ਵਿੱਚ ਆਪਣਾ ਝੰਡਾ ਲਹਿਰਾ ਦਿੱਤਾ ਹੈ।

Facebook Comment
Project by : XtremeStudioz