Close
Menu

ਮੋਦੀ ਦੇ ਕੈਨੇਡਾ ਦੌਰੇ ਦਾ ਕਈ ਜਥੇਬੰਦੀਆਂ ਵੱਲੋਂ ਵਿਰੋਧ

-- 12 April,2015

ਟਰਾਂਟੋ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਉਠ ਖੜ੍ਹਾ ਹੋਇਆ ਹੈ। ਮਨੁੱਖੀ ਹੱਕਾਂ ਬਾਰੇ ਸਿੱਖ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਵੀ ਕੈਨੇਡਾ ਦੇ ਅਟਾਰਨੀ ਜਨਰਲ ਕੋਲ ਗੁਜਰਾਤ  ਵਿੱਚ ਮੁਸਲਮਾਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੀ ਸਾਜ਼ਿਸ਼ ਲਈ ਸ੍ਰੀ ਮੋਦੀ ਖ਼ਿਲਾਫ਼ ਅਪਰਾਧ ਦਾ ਕੇਸ ਦਰਜ ਕਰਨ ਲਈ ਦੁਹਾੲੀ ਦਿੱਤੀ ਹੈ। ਕੈਨੇਡਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਾਡਾ) ਨੇ ਕਈ ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਨਾਲ ਰਲ ਕੇ ਸ੍ਰੀ ਮੋਦੀ ਦੇ 14 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਦੌਰੇ ਮੌਕੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
‘ਸਾਡਾ’ ਨੇ ਕੈਨੇਡਿਆਈ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ, ੳੁਸ ਨੂੰ ਕੈਨੇਡਾ ’ਚ ਦਾਖਲ ਹੋਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਦੇ ਪੱਤਰ ੳੁਨ੍ਹਾਂ ਮੁਲਕ ਦੇ ਵਿਰੋਧੀ ਧਿਰ ਦੇ ਲੀਡਰਾਂ ਜਸਟਿਨ ਟਰੂਡੋ (ਲਿਬਰਲ ਪਾਰਟੀ) ਅਤੇ ਥਾਮਸ ਮੁਲਕੇਅਰ (ਐਨਡੀਪੀ) ਨੂੰ ਵੀ ਲਿਖੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਮੋਦੀ ਨੂੰ ਮੂੰਹ ਨਾ ਲਾਉਣ ਦੀ ਬੇਨਤੀ ਕੀਤੀ ਗਈ ਹੈ। ਕੈਨੇਡਿਆਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਕ ਬਿਆਨ ’ਚ ਇਸ ਫੇਰੀ ਨੂੰ ਦੋਹਾਂ ਮੁਲਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਅਤੇ ਵਪਾਰ ਪ੍ਰਫੁੱਲਤ ਕਰਨ ਦਾ ਜ਼ਰੀਆ ਕਿਹਾ ਹੈ, ਜਿਸ ’ਤੇ ਸਿੱਖਸ ਫਾਰ ਜਸਟਿਸ ਨੇ ਪ੍ਰਤੀਕਰਮ ’ਚ ਕਿਹਾ ਕਿ ਵਪਾਰ ਨੂੰ ਮੁੱਖ ਰੱਖ ਕੇ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।  ‘ਸਾਡਾ ਈਸਟ’ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਵੱਲੋਂ ਭੇਜੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੇ ਦੌਰੇ ਵੇਲੇ ‘ਸਿੱਖ ਫਰੀਡਮ ਰੈਲੀਆਂ’ ਦਾ ਬੰਦੋਬਸਤ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ, ਈਸਟ ਇੰਡੀਅਨ ਡਿਫੈਂਸ ਕਮੇਟੀ ਅਤੇ ਹੋਰ ਕਈ ਸੰਗਠਨਾਂ ਨੇ ਵਿਰੋਧ ਪ੍ਰੋਗਰਾਮ ਉਲੀਕੇ ਹਨ। ਸ੍ਰੀ ਨਰਿੰਦਰ ਮੋਦੀ 14, 15, 16 ਅਪਰੈਲ ਨੂੰ ਕੈਨੇਡਾ ਆ ਰਹੇ ਹਨ ਅਤੇ ਉਹ ਮੁਲਕ ਦੀ ਰਾਜਧਾਨੀ ਅੌਟਵਾ, ਟਰਾਂਟੋ ਅਤੇ ਵੈਨਕੂਵਰ ਜਾਣਗੇ।

Facebook Comment
Project by : XtremeStudioz