Close
Menu

ਮੋਦੀ ਦੇ ਮਨ ’ਚ ਉਤਰੇ ਪੰਜਾਬ ਦੇ ਪਰਾਲੀ ਨਾ ਸਾੜਨ ਵਾਲੇ ਕਿਸਾਨ

-- 29 October,2018

ਨਵੀਂ ਦਿੱਲੀ, ਕੌਮੀ ਰਾਜਧਾਨੀ ਖੇਤਰ ’ਚ ਵੱਧ ਰਹੇ ਹਵਾ ਪ੍ਰਦੂਸ਼ਣ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਾਲੀ ਨਾ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ, ਖਾਸ ਕਰਕੇ ਪੱਛਮੀ ਮੁਲਕ ਵਾਤਾਵਰਨ ਸੁਰੱਖਿਆ ਬਾਰੇ ਵਿਚਾਰਾਂ ਕਰਕੇ ਨਵੇਂ ਰਾਹ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਭਾਰਤ ਨੂੰ ਵੀ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰੇਡੀਓ ’ਤੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਉਨ੍ਹਾਂ ਉੱਤਰ ਪੂਰਬ ਸੂਬਿਆਂ ਦੀ ਜੈਵਿਕ ਖੇਤੀ ’ਚ ਵੱਡੀ ਪੁਲਾਂਘ ਪੁੱਟਣ ਲਈ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੇ ਕਿਸਾਨ ਗੁਰਬਚਨ ਸਿੰਘ ਦਾ ਉਚੇਚੇ ਤੌਰ ’ਤੇ ਹਵਾਲਾ ਦਿੰਦਿਆਂ ਕਿਹਾ ਕਿ ਉਸ ਨੇ ਆਪਣੇ ਹੋਣ ਵਾਲੇ ਸਹੁਰਾ ਪਰਿਵਾਰ ਤੋਂ ਇਹ ਪ੍ਰਣ ਲਿਆ ਕਿ ਉਹ ਆਪਣੇ ਖੇਤਾਂ ’ਚ ਪਰਾਲੀ ਨਹੀਂ ਸਾੜਨਗੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਬਿਆਨ ਨਾਲ ਸਮਾਜਿਕ ਤਾਣੇ-ਬਾਣੇ ਦੀ ਮਜ਼ਬੂਤੀ ਦਾ ਪਤਾ ਚਲਦਾ ਹੈ। ‘ਗੁਰਬਚਨ ਸਿੰਘ ਦਾ ਇਹ ਨੁਕਤਾ ਭਾਵੇਂ ਸਾਧਾਰਨ ਜਿਹਾ ਜਾਪਦਾ ਹੈ ਪਰ ਇਸ ਤੋਂ ਉਸ ਦੀ ਸ਼ਖ਼ਸੀਅਤ ਦਾ ਪਤਾ ਲਗਦਾ ਹੈ। ਸਮਾਜ ’ਚ ਕਈ ਪਰਿਵਾਰ ਮਿਲ ਜਾਣਗੇ ਜੋ ਆਪਣੇ ਨਿੱਜੀ ਮਾਮਲਿਆਂ ਨੂੰ ਸਮਾਜ ਦੀ ਭਲਾਈ ਲਈ ਵਰਤਦੇ ਹਨ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਭਾ ਜ਼ਿਲ੍ਹੇ ਦੇ ਕੱਲਰ ਮਾਜਰਾ ਦੇ ਕਿਸਾਨ ਪਰਾਲੀ ਨੂੰ ਖੇਤਾਂ ’ਚ ਵਾਹ ਕੇ ਨਵੀਂ ਮਿਸਾਲ ਕਾਇਮ ਕਰ ਰਹੇ ਹਨ। ‘ਭਾਈ ਗੁਰਬਚਨ ਸਿੰਘ ਜੀ ਨੂੰ ਵਧਾਈ! ਕੱਲਰ ਮਾਜਰਾ ਦੇ ਉਨ੍ਹਾਂ ਲੋਕਾਂ ਨੂੰ ਵੀ ਵਧਾਈਆਂ ਜੋ ਵਾਤਾਵਰਨ ਨੂੰ ਸਾਫ ਅਤੇ ਪ੍ਰਦੂਸ਼ਣ ਮੁਕਤ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਿਵੇਂ ਬੂੰਦ-ਬੂੰਦ ਨਾਲ ਸਾਗਰ ਬਣਦਾ ਹੈ, ਉਸੇ ਤਰ੍ਹਾਂ ਛੋਟਾ ਜਿਹਾ ਚੁੱਕਿਆ ਗਿਆ ਉਸਾਰੂ ਕਦਮ ਵਾਤਾਵਰਨ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ।’ ਪ੍ਰਧਾਨ ਮੰਤਰੀ ਨੇ ਕਬੀਲਿਆਂ ਦੇ ਲੋਕਾਂ ਦੀ ਰਵਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਰੁਖਾਂ, ਬੂਟਿਆਂ ਅਤੇ ਫੁੱਲਾਂ ਦੀ ਦੇਵੀ-ਦੇਵਤਿਆਂ ਵਾਂਗ ਪੂਜਾ ਕਰਦੇ ਹਨ। ਉਨ੍ਹਾਂ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਭੀਲਾਂ, ਰਾਜਸਥਾਨ ਦੇ ਬਿਸ਼ਨੋਈ ਅਤੇ ਅਰੁਣਾਚਲ ਪ੍ਰਦੇਸ਼ ਦੇ ਮਿਸ਼ਮੀ ਕਬੀਲਿਆਂ ਦੀਆਂ ਮਿਸਾਲਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਬਿਰਸਾ ਮੁੰਡਾ ਨੇ ਜੰਗਲੀ ਜ਼ਮੀਨ ਨੂੰ ਬ੍ਰਿਟਿਸ਼ ਹਕੂਮਤ ਤੋਂ ਬਚਾਉਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ।

Facebook Comment
Project by : XtremeStudioz