Close
Menu

ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ: ਰਾਹੁਲ

-- 19 December,2018

ਨਵੀਂ ਦਿੱਲੀ, 19 ਦਸੰਬਰ
ਕੁਰਕੀਆਂ ਤੇ ਹੋਰ ਮੁਸੀਬਤਾਂ ਦੇ ਸਤਾਏ ਕਿਸਾਨਾਂ ਨੂੰ ਅੱਜ ਇਥੇ ਸੰਸਦ ਦੇ ਬਾਹਰੋਂ ਆਪਣੇ ਸਿੱਧੇ ਸੰਬੋਧਨ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਦੋਂ ਤਕ ਸੌਣ ਨਹੀਂ ਦੇਣਗੇ ਜਦੋਂ ਤਕ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ਿਆਂ ’ਤੇ ਲੀਕ ਨਹੀਂ ਵਜਦੀ। ਪੂੰਜੀਪਤੀਆਂ ਨਾਲ ਪ੍ਰਧਾਨ ਮੰਤਰੀ ਦੀ ਗੂੜ੍ਹੀ ਸਾਂਝ ਲਈ ਸ੍ਰੀ ਮੋਦੀ ਖ਼ਿਲਾਫ਼ ਹੱਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਰਿਲਾਇੰਸ ਦੇ ਅਨਿਲ ਅੰਬਾਨੀ ਸਮੇਤ 15 ਸਿਖਰਲੇ ਸਨਅਤਕਾਰਾਂ ਨੂੰ ਦਿੱਤੇ ਕਰਜ਼ਿਆਂ ਬਾਰੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜਦੋਂਕਿ ਪਿਛਲੇ ਚਾਰ ਸਾਲਾਂ ਵਿੱਚ ਭਾਜਪਾ ਸਰਕਾਰ ਨੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੂੰ ਘਟਾਉਣ ਲਈ ਕੋਈ ਯਤਨ ਨਹੀਂ ਕੀਤਾ। ਇਸ ਦੌਰਾਨ ਸ੍ਰੀ ਰਾਹੁਲ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਵੱਲੋਂ ਯੂਪੀ ਤੇ ਬਿਹਾਰ ਦੇ ਕਾਮਿਆਂ ਬਾਰੇ ਕੀਤੀ ਟਿੱਪਣੀ ਤੋਂ ਅਗਿਆਨਤਾ ਜ਼ਾਹਿਰ ਕਰਦਿਆਂ ਇਸ ਬਾਰੇ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਉਹ ਕਾਂਗਰਸੀ ਆਗੂ ਸੱਜਣ ਕੁਮਾਰ ਬਾਰੇ ਪੁੱੱਛੇ ਸਵਾਲਾਂ ਨੂੰ ਵੀ ਟਾਲ ਗਏ। ਇਥੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ‘ਅਸੀਂ ਦਸ ਦਿਨਾਂ ਵਿੱਚ ਕਿਸਾਨੀ ਕਰਜ਼ਿਆਂ ਨੂੰ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਦੋ ਰਾਜਾਂ ਵਿੱਚ ਅਸੀਂ ਸਰਕਾਰ ਬਣਨ ਦੇ ਛੇ ਘੰਟਿਆਂ ਅੰਦਰ ਇਸ ਵਾਅਦੇ ਨੂੰ ਪੁਗਾਇਆ ਹੈ ਤੇ ਅਸੀਂ ਜਲਦੀ ਹੀ ਤੀਜੇ ਰਾਜ ਵਿੱਚ ਵੀ ਕਰਜ਼ੇ ਮੁਆਫ਼ ਕਰਾਂਗੇ।’ ਸ੍ਰੀ ਗਾਂਧੀ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਮਿਲੀ ਹਾਲੀਆ ਜਿੱਤ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਜਿੱਤ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘ਮੋਦੀ ਜੀ ਪਿਛਲੇ ਸਾਢੇ ਚਾਰ ਸਾਲ ਤੋਂ ਪ੍ਰਧਾਨ ਮੰਤਰੀ ਹਨ, ਪਰ ਉਨ੍ਹਾਂ ਅੱਜ ਤਕ ਕਿਸਾਨੀ ਕਰਜ਼ਿਆਂ ’ਚੋਂ ਇਕ ਰੁਪਿਆ ਵੀ ਮੁਆਫ਼ ਨਹੀਂ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤਕ ਕਿਸਾਨੀ ਕਰਜ਼ਿਆਂ ’ਤੇ ਲੀਕ ਨਹੀਂ ਫੇਰੀ ਜਾਂਦੀ, ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਇਕਮੁੱਠ ਰਹਿਣਗੀਆਂ। ਅਸੀਂ ਉਨ੍ਹਾਂ ਖ਼ਿਲਾਫ਼ ਲੜਾਂਗੇ ਤੇ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਜਦੋਂ ਤਕ ਕਿਸਾਨੀ ਕਰਜ਼ੇ ਮੁਆਫ਼ ਨਹੀਂ ਹੁੰਦੇ, ਅਸੀਂ ਉਨ੍ਹਾਂ (ਪ੍ਰਧਾਨ ਮੰਤਰੀ) ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ।’ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦਿਆਂ ਗਾਂਧੀ ਨੇ ਕਿਹਾ, ‘ਜੇਕਰ ਮੋਦੀ ਸਰਕਾਰ ਕਿਸਾਨੀ ਕਰਜ਼ੇ ਮੁਆਫ਼ ਨਹੀਂ ਕਰਦੀ, ਅਸੀਂ ਤੁਹਾਨੂੰ ਜ਼ਾਮਨੀ ਦਿੰਦੇ ਹਾਂ ਕਿ ਸਾਲ 2019 ਵਿੱਚ ਸੱਤਾ ’ਚ ਆਉਣ ਮਗਰੋਂ ਕਿਸਾਨੀ ਕਰਜ਼ਿਆਂ ’ਤੇ ਲੀਕ ਫੇਰੀ ਜਾਵੇਗੀ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ’ਤੇ ਇੰਨਾ ਦਬਾਅ ਬਣਾਇਆ ਜਾਵੇਗਾ ਕਿ ਇਕ ਵੀ ਕਿਸਾਨ ਕਰਜ਼ਾ ਮੁਆਫ਼ੀ ਤੋਂ ਵਾਂਝਾ ਨਹੀਂ ਰਹੇਗਾ। ਨੋਟਬੰਦੀ ਨੂੰ ‘ਵਿਸ਼ਵ ਦਾ ਸਭ ਤੋਂ ਵੱਡਾ ਘੁਟਾਲਾ’ ਦਸਦਿਆਂ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ, ਦੁਕਾਨਦਾਰਾਂ ਤੇ ਕਿਸਾਨਾਂ ਦਾ ਪੈਸਾ ਚੋਰੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਅਨਿਲ ਅੰਬਾਨੀ ਸਮੇਤ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਦੋਸਤਾਂ ਦੇ ਕਰਜ਼ੇ ਮੁਆਫ਼ ਕੀਤੇ ਹਨ। ਉਨ੍ਹਾਂ ਰਾਫ਼ਾਲ ਮੁੱਦੇ ਦੀ ਜੇਪੀਸੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਕਾਂਗਰਸ ਸੰਸਦ ਵਿੱਚ ਇਸ ਮੁੱਦੇ ’ਤੇ ਹਰ ਬਹਿਸ ਲਈ ਤਿਆਰ ਹੈ।

Facebook Comment
Project by : XtremeStudioz