Close
Menu

ਮੋਦੀ ਨੇ ਤਿਲੰਗਾਨਾ ਵਿਚ ਚੰਦਰਸ਼ੇਖ਼ਰ ਰਾਓ ਨੂੰ ਵੰਗਾਰਿਆ

-- 28 November,2018

ਨਿਜ਼ਾਮਾਬਾਦ/ਮਹਿਬੂਬ ਨਗਰ, 28 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਵਿਧਾਨ ਸਭਾ ਚੋਣਾਂ ਲਈ ਰੈੈਲੀਆਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਸੱਤਾਧਾਰੀ ਟੀਆਰਐੱਸ ਅਤੇ ਕਾਂਗਰਸ ਨੇ ਪਰਿਵਾਰਵਾਦ ਨੂੰ ਹੁਲਾਰਾ ਦਿੱਤਾ ਹੈ ਅਤੇ ਹਮੇਸ਼ਾਂ ਵੋਟ ਬੈਂਕ ਦੀ ਰਾਜਨੀਤੀ ਕੀਤੀ ਹੈ, ਜੋ ਵਿਕਾਸ ਲਈ ਸਿਊਂਕ ਦੀ ਤਰ੍ਹਾਂ ਨੁਕਸਾਨਦੇਹ ਹੈ।
ਦੋਵਾਂ ਪਾਰਟੀਆਂ ਨੂੰ ਇੱਕ ਹੀ ਸਿੱਕੇ ਦੇ ਦੋ ਪਾਸੇ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਬੇ ਦੇ ਕੰਮ ਚਲਾਉੂ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਕਾਰਜ ਪ੍ਰਣਾਲੀ ਵੀ ਕਾਂਗਰਸ ਨਾਲ ਮਿਲਦੀ ਜੁਲਦੀ ਹੀ ਹੈ। ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ‘ਫਰੈਂਡਲੀ ਮੈਚ’ ਖੇਡ ਰਹੀਆਂ ਹਨ। ਮੋਦੀ ਨੇ ਨਿਜ਼ਾਮਾਬਾਦ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਰਦਾਰ ਵੱਲਭ ਭਾਈ ਪਟੇਲ ਦੀ ਬਦੌਲਤ ਹੀ ਹੈ ਕਿ ਅੱਜ ਭਾਰਤ ਦੇ ਨਾਗਰਿਕਾਂ ਨੂੰ ਹੈਦਰਾਬਾਦ ਜਾਣ ਲਈ ਪਾਕਿਸਤਾਨ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜੋ ਅੱਜ ਤਿਲੰਗਾਨਾ ਦੀ ਰਾਜਧਾਨੀ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦਾ ਮੁੱਖ ਮੰਤਰੀ ਅਤੇ ਉਸਦਾ ਪਰਿਵਾਰ ਸੋਚਦਾ ਹੈ ਕਿ ਉਹ ਕਾਂਗਰਸ ਦੀ ਤਰ੍ਹਾਂ ਲੋਕਾਂ ਲਈ ਬਿਨਾਂ ਕੰਮ ਕੀਤਿਆਂ ਹੀ ਜਿੱਤ ਜਾਣਗੇ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਰਾਓ ਦੀ ਧੀ ਨਿਜ਼ਾਮਾਬਾਦ ਤੋਂ ਲੋਕ ਸਭਾ ਮੈਂਬਰ ਹੈ। ਇਸ ਦੌਰਾਨ ਹੀ ਮਹਿਬੂਬ ਨਗਰ ਵਿਚ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਵੀ ਮੋਦੀ ਨੇ ਚੰਦਰਸ਼ੇਖਰ ਰਾਓ ਨੂੰ ਰਗੜੇ ਲਾਏ।

Facebook Comment
Project by : XtremeStudioz