Close
Menu

ਮੋਦੀ ਨੇ ਦਿੱਤਾ ਵਿਦੇਸ਼ਾਂ ਵਿੱਚ ਸਿੱਖ ਪਛਾਣ ਦੇ ਮੁੱਦੇ ਬਾਰੇ ਮਦਦ ਦਾ ਭਰੋਸਾ

-- 24 March,2015

ਅੰਮ੍ਰਿਤਸਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਸਿੱਖ ਪਛਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਉਹ ਯਤਨਸ਼ੀਲ ਹਨ। ਇਸ ਮਾਮਲੇ ਵਿੱਚ ੳੁਨ੍ਹਾਂ ਵੱਖ-ਵੱਖ ਦੇਸ਼ਾਂ ਦੇ ਸਫ਼ੀਰਾਂ ਨਾਲ ਗੱਲਬਾਤ ਵੀ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਾੲੇ ਸ੍ਰੀ ਮੋਦੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨਾਲ ਗੱਲਬਾਤ ਕਰਦਿਆਂ ਇਹ ਖ਼ੁਲਾਸਾ ਕੀਤਾ। ਸ਼ਾਮ ਕਰੀਬ 5.45 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਪ੍ਰਧਾਨ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਲਗਭਗ 45 ਮਿੰਟ ਬਿਤਾਏ। ਉਨ੍ਹਾਂ ਦਾ ਸਵਾਗਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ।
ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਮਗਰੋਂ ਸੂਚਨਾ ਕੇਂਦਰ ਵਿੱਚ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਵਿਦੇਸ਼ਾਂ ਵਿੱਚ ਸਿੱਖ ਪਛਾਣ ਦਾ ਮੁੱਦਾ ਚੁਕਿਅਾ। ਪ੍ਰਧਾਨ ਮੰਤਰੀ ਮੁਤਾਬਕ ੳੁਨ੍ਹਾਂ ਫਰਾਂਸ ਵਾਲਿਆਂ ਨੂੰ ਦੱਸਿਆ ਕਿ ਜਿਵੇਂ ਉਨ੍ਹਾਂ ਲਈ ਸੂਟ ਨਾਲ ਟਾਈ ਲਾਉਣੀ ਜ਼ਰੂਰੀ ਹੈ, ਉਸੇ ਤਰ੍ਹਾਂ ਸਿੱਖਾਂ ਲਈ ਦਸਤਾਰ ਜ਼ਰੂਰੀ ਹੈ। ਇਹ ਉਨ੍ਹਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਹਿੱਸਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਸਿੱਖ ਮੰਗਾਂ ਬਾਰੇ ਯਾਦਗਾਰ ਪੱਤਰ ਵੀ ਸੌਂਪਿਆ। ੳੁਨ੍ਹਾਂ ਅਾਪਰੇਸ਼ਨ ਬਲਿੳੂ ਸਟਾਰ ਸਮੇਂ ਫ਼ੌਜੀ ਹਮਲੇ ਦਾ ਸ਼ਿਕਾਰ ਬਣੀ ਸਿੱਖ ਰੈਫਰੈਂਸ ਲਾਇਬਰੇਰੀ ਦਾ ਅਮੁੱਲ ਖਜ਼ਾਨਾ ਵਾਪਸ ਕਰਨ ਦੀ ਅਪੀਲ ਵੀ ਕੀਤੀ। ੳੁਨ੍ਹਾਂ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਦੀ ਮੰਗ ਵੀ ਕੀਤੀ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਵਾਸਤੇ ਚਾਰਾਜੋਈ ਕਰਨ ਦੀ ਵੀ ਅਪੀਲ ਕੀਤੀ ਗੲੀ। ਇਸ ਤੋਂ ਇਲਾਵਾ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਵਾਸਤੇ ਵੀਜ਼ਾ ਕੇਂਦਰ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਸਤੇ ਦਿੱਲੀ ਰਸਤੇ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ 350 ਸਾਲਾ ਸਮਾਗਮਾਂ ਸਮੇਂ ਕੇਂਦਰ ਸਰਕਾਰ ਵੱਲੋਂ ਮਦਦ ਦੀ ਮੰਗ ਕਰਦਿਆਂ ਆਖਿਆ ਕਿ ਸ਼ਹਿਰ ਪਟਨਾ ਸਾਹਿਬ ਦੇ ਵਿਕਾਸ ਲਈ ਹਰਸੰਭਵ ਮਦਦ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨੇ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਣ ਮਗਰੋਂ ਸੂਚਨਾ ਕੇਂਦਰ ਵਿਖੇ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਹਿੰਦੀ ਵਿੱਚ ਲਿਖਿਆ ‘ਗੁਰੂ ਆਸ਼ੀਰਵਾਦ ਬਣਾ ਰਹੇ, ਪਵਿੱਤਰ ਅੰਮ੍ਰਿਤਸਰ ਪ੍ਰਣਾਮ-ਨਰਿੰਦਰ ਮੋਦੀ।’ ਪਰਿਕਰਮਾ ਦੌਰਾਨ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ੍ਰੀ ਮੋਦੀ ਨੂੰ ਦੇਖਣ ਲਈ ਇਕੱਠੇ ਹੋ ਗਏ ਅਤੇ ੳੁਨ੍ਹਾਂ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵੀ ਖਿੱਚੀਆਂ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਗਏ। ੳੁਂਜ ੳੁਨ੍ਹਾਂ ਹੇਠੋਂ ਹੀ ਮੱਥਾ ਜ਼ਰੂਰ ਟੇਕਿਆ। ਸੂਚਨਾ ਕੇਂਦਰ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਅਵਤਾਰ ਸਿੰਘ ਤੇ ਹੋਰਾਂ ਨੇ ਸ੍ਰੀ ਮੋਦੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਧਾਰਮਿਕ ਪੁਸਤਕਾਂ ਦਾ ਸੈੱਟ, ਲੋਈ ਅਤੇ ਸਿਰੋਪਾਓ ਆਦਿ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ, ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ, ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਰਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ ਤੇ ਹੋਰ ਵੀ ਸ਼ਾਮਲ ਸਨ। ਪ੍ਰਕਰਮਾ ਦੌਰਾਨ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਪ੍ਰਧਾਨ ਮੰਤਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਾਇਆ।
ਬਾਅਦ ’ਚ ਪ੍ਰਧਾਨ ਮੰਤਰੀ ਨੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਫਿਰ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ।

Facebook Comment
Project by : XtremeStudioz