Close
Menu

ਮੋਦੀ ਭ੍ਰਿਸ਼ਟ, ਜਾਂਚ ਦੀ ਲੋੜ: ਰਾਹੁਲ

-- 12 October,2018

ਰਾਫ਼ਾਲ ਸੌਦੇ ’ਚ ਅੰਬਾਨੀ ਦਾ ਘਰ ਭਰਿਆ; 
ਰੱਖਿਆ ਮੰਤਰੀ ਦੀ ਫਰਾਂਸ ਫੇਰੀ ’ਤੇ ਸਵਾਲ ਉਠਾਏ

ਨਵੀਂ ਦਿੱਲੀ, 12 ਅਕਤੂਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ਾਲ ਸੌਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਹੀ ਅਨਿਲ ਅੰਬਾਨੀ ਨੂੰ ਸਿੱਧਮ ਸਿੱਧੇ 30 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਪਹੁੰਚਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕਾਂਗਰਸ ਪ੍ਰਧਾਨ ਦਾ ਇਹ ਬਿਆਨ ਇਕ ਫਰਾਂਸੀਸੀ ਮੈਗਜ਼ੀਨ ਮੀਡੀਆਪਾਰਟ ਵਿਚ ਇਹ ਰਿਪੋਰਟ ਛਪਣ ਤੋਂ ਇਕ ਦਿਨ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਇਹ ਸੌਦਾ ਹਾਸਲ ਕਰਨ ਲਈ ਦਾਸੋ ਏਵੀਏਸ਼ਨ ਕੋਲ ਅੰਬਾਨੀ ਦੀ ਕੰਪਨੀ ਨੂੰ ਆਪਣੇ ਭਾਰਤੀ ਭਿਆਲ ਵਜੋਂ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ। ਮੋਦੀ ਸਰਕਾਰ ਇਹ ਕਹਿੰਦੀ ਆ ਰਹੀ ਹੈ ਕਿ ਉਸ ਨੇ ਰਿਲਾਇੰਸ ਨੂੰ ਦਾਸੋ ਦੀ ਭਿਆਲ ਬਣਾਉਣ ਵਿਚ ਕੋਈ ਭੂਮਿਕਾ ਨਹੀਂ ਨਿਭਾਈ।
ਸ੍ਰੀ ਗਾਂਧੀ ਨੇ ਪ੍ਰੈਸ ਕਾਨਫਰੰਸ ਵਿਚ ਸਰਕਾਰ ਤੋਂ ਪੁੱਛਿਆ ‘‘ ਰੱਖਿਆ ਮੰਤਰੀ ਨੂੰ ਆਖਰ ਫਰਾਂਸ ਜਾਣ ਦੀ ਕੀ ਲੋੜ ਪਈ ਸੀ? ਅਸਲੀਅਤ ਇਹ ਹੈ ਕਿ ਹੁਣ ਦਸੌਲਟ ’ਤੇ ਦਬਾਅ ਪਾ ਕੇ ਮਾਮਲਾ ਛੁਪਾਉਣ ਦੀ ਕੋਸ਼ਿਸ਼ ਹੋਵੇਗੀ। ਸ੍ਰੀ ਮੋਦੀ ਭਾਰਤ ਦੀ ਜਨਤਾ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਵਾਅਦਾ ਕਰ ਕੇ ਪ੍ਰਧਾਨ ਮੰਤਰੀ ਬਣੇ ਸਨ ਪਰ ਹੁਣ ਉਹ ਚੁੱਪ ਹਨ ਤੇ ਹਕੀਕਤ ਇਹ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰੀ ਹੈ। ਜੇ ਉਹ ਦਬਾਅ ਹੇਠ ਹਨ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।’’
ਪਿਛਲੇ ਮਹੀਨੇ ਮੀਡੀਆਪਾਰਟ ਨਾਲ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾਂ ਔਲਾਂਦ ਨੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਫਰਾਂਸ ਨੂੰ ਦਾਸੋ ਏਵੀਏਸ਼ਨ ਦੀ ਭਾਰਤੀ ਭਿਆਲ ਚੁਣਨ ਲਈ ਕੋਈ ਬਦਲ ਨਹੀਂ ਦਿੱਤਾ ਗਿਆ ਸੀ ਅਤੇ ਭਾਰਤ ਸਰਕਾਰ ਨੇ ਫਰਾਂਸੀਸੀ ਏਅਰੋਸਪੇਸ ਕੰਪਨੀ ਨਾਲ ਭਿਆਲੀ ਲਈ ਭਾਰਤੀ ਫਰਮ ਦਾ ਨਾਂ ਪੇਸ਼ ਕੀਤਾ ਸੀ। ਭਾਰਤ ਦੀ ਆਫਸੈੱਟ ਨੀਤੀ ਤਹਿਤ ਸੌਦੇ ਦੀ ਕੁੱਲ ਰਕਮ ਦਾ ਘੱਟੋ-ਘੱਟ 30 ਫ਼ੀਸਦ ਹਿੱਸਾ ਪੁਰਜ਼ਿਆਂ ਦੀ ਖਰੀਦੋ ਫਰੋਖ਼ਤ ਜਾਂ ਖੋਜ ਤੇ ਵਿਕਾਸ ਕੇਂਦਰ ਦੇ ਰੂਪ ਵਿੱਚ ਭਾਰਤ ਵਿਚ ਖਰਚ ਕਰਨਾ ਜ਼ਰੂਰੀ ਹੈ।

Facebook Comment
Project by : XtremeStudioz