Close
Menu

ਮੋਦੀ ਵੱਲੋਂ ਅਮੇਠੀ ’ਚ ‘ਕਲਾਸ਼ਨੀਕੋਵ’ ਦੇ ਬਹਾਨੇ ਰਾਹੁਲ ’ਤੇ ਹਮਲਾ

-- 04 March,2019

ਅਮੇਠੀ (ਯੂਪੀ), 4 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਅਮੇਠੀ ’ਚ ਰੈਲੀ ਕਰਕੇ ‘ਜੰਗ’ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਲ 2014 ’ਚ ਸੱਤਾ ਸੰਭਾਲਣ ਮਗਰੋਂ ਸ੍ਰੀ ਮੋਦੀ ਦੀ ਅਮੇਠੀ ’ਚ ਇਹ ਪਹਿਲੀ ਰੈਲੀ ਸੀ। ਇਸ ਦੌਰਾਨ ਉਨ੍ਹਾਂ ਏਕੇ-203 ਰਾਈਫਲਾਂ ਬਣਾਉਣ ਵਾਲੀ ਇਕਾਈ ਦਾ ਨੀਂਹ ਪੱਥਰ ਵੀ ਰੱਖਿਆ।
ਪਟਨਾ ’ਚ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਅਮੇਠੀ ਪੁੱਜੇ ਪ੍ਰਧਾਨ ਮੰਤਰੀ ਨੇ ਗਾਂਧੀ ਪਰਿਵਾਰ ਦੇ ਗੜ੍ਹ ’ਚ ਕਿਹਾ,‘‘ਅਮੇਠੀ ਉਨ੍ਹਾਂ ਦੀ ਸਰਕਾਰ ਦੇ ਸਬਕਾ ਸਾਥ, ਸਬਕਾ ਵਿਕਾਸ ਨਾਅਰੇ ਦੀ ਢੁਕਵੀਂ ਮਿਸਾਲ ਹੈ। ਜਿਨ੍ਹਾਂ ਨੇ ਸਾਨੂੰ ਵੋਟ ਦਿੱਤਾ ਅਤੇ ਜਿਨ੍ਹਾਂ ਨੇ ਨਹੀਂ ਪਾਇਆ, ਅਸੀਂ ਸਾਰਿਆਂ ਦੇ ਵਿਕਾਸ ਲਈ ਕੰਮ ਕਰਾਂਗੇ।’’ ਏਕੇ-203 ਰਾਈਫਲਾਂ ਬਣਾਉਣ ਦੇ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਮਗਰੋਂ ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਰਾਈਫਲਾਂ ਰੂਸ-ਭਾਰਤ ਦੇ ਸਾਂਝੇ ਉੱਦਮ ਨਾਲ ਅਮੇਠੀ ’ਚ ਬਣਨਗੀਆਂ ਅਤੇ ਇਹ ‘ਮੇਡ ਇਨ ਅਮੇਠੀ’ ਵਜੋਂ ਜਾਣੀਆਂ ਜਾਣਗੀਆਂ। ‘ਇਸ ਨਾਲ ਮਾਓਵਾਦੀਆਂ ਅਤੇ ਦਹਿਸ਼ਤਗਰਦਾਂ ਨਾਲ ਲੋਹਾ ਲੈ ਰਹੇ ਸਾਡੇ ਜਵਾਨਾਂ ਨੂੰ ਸਹਾਇਤਾ ਮਿਲੇਗੀ।’ ਉਨ੍ਹਾਂ ਹਥਿਆਰਬੰਦ ਬਲਾਂ ਦੀਆਂ ਲੋੜਾਂ ਨੂੰ ਅਣਗੌਲਿਆ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਭੰਡਿਆ।
ਸ੍ਰੀ ਮੋਦੀ ਨੇ ਕਿਹਾ ਕਿ ਅਮੇਠੀ ਤੋਂ ਹਾਰੀ ਸਮ੍ਰਿਤੀ ਇਰਾਨੀ ਨੇ ਇੰਨਾ ਵਿਕਾਸ ਕੀਤਾ ਜਿਨ੍ਹਾਂ ਇਥੋਂ ਜਿੱਤੇ ਉਮੀਦਾਵਰ (ਰਾਹੁਲ ਗਾਂਧੀ) ਨੇ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਰਾਫ਼ਾਲ ਸੌਦੇ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਡੇਢ ਸਾਲ ਦੇ ਅੰਦਰ ਹੀ ਇਹ ਸੌਦਾ ਪੱਕਾ ਕਰ ਦਿੱਤਾ।

Facebook Comment
Project by : XtremeStudioz