Close
Menu

ਮੋਦੀ ਵੱਲੋਂ ਉੜੀਸਾ ਦੇ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ

-- 07 May,2019

ਭੁਬਨੇਸ਼ਵਰ/ਝਾੜਗਾਮ, 7 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤੀ ਤੂਫ਼ਾਨ ‘ਫ਼ਾਨੀ’ ਦੀ ਮਾਰ ਹੇਠ ਆਏ ਉੜੀਸਾ ਪ੍ਰਭਾਵਿਤ ਇਲਾਕਿਆਂ ਦਾ ਸੋਮਵਾਰ ਨੂੰ ਹਵਾਈ ਸਰਵੇਖਣ ਕੀਤਾ ਅਤੇ ਸੂਬੇ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਦਾ ਐਲਾਨ ਕੀਤਾ। ਉਨ੍ਹਾਂ ਸਾਰੇ ਤੱਟੀ ਸੂਬਿਆਂ ਲਈ ਲੰਬੀ ਮਿਆਦ ਦੀ ਆਫ਼ਤ ਰੋਕੂ ਯੋਜਨਾ ਬਣਾਉਣ ਦੀ ਗੱਲ ਵੀ ਆਖੀ। ਉਧਰ ਬੰਗਾਲ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਪੀਡਬ੍ਰੇਕਰ’ ਦੀਦੀ ਸੌੜੀ ਸਿਆਸਤ ਕਰ ਰਹੀ ਹੈ ਜਿਸ ਕਾਰਨ ਉਸ ਨੇ ਆਫ਼ਤ ਬਾਰੇ ਫੋਨ ’ਤੇ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ‘ਫ਼ਾਨੀ’ ਕਾਰਨ ਉੜੀਸਾ ’ਚ ਭਾਰੀ ਤਬਾਹੀ ਹੋਈ ਹੈ ਅਤੇ 34 ਵਿਅਕਤੀ ਮਾਰੇ ਗਏ। ਸ੍ਰੀ ਮੋਦੀ ਨੇ ਕਿਹਾ ਕਿ ਉੜੀਸਾ ਲਈ ਪਹਿਲਾਂ 381 ਕਰੋੜ ਰੁਪਏ ਜਾਰੀ ਕੀਤੇ ਗਏ ਸਨ ਪਰ ਹੁਣ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਇਲਾਕਿਆਂ ਨੂੰ ਫ਼ੌਰੀ ਰਾਹਤ ਦੇਣ ਲਈ ਇਕ ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਕੇਂਦਰ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਵਾਈ ਸਰਵੇਖਣ ਮਗਰੋਂ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵੀਨ ਪਟਨਾਇਕ ਦੀ ਅਗਵਾਈ ਹੇਠਲੀ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਕਾਰਨ ਮੌਤਾਂ ਦੀ ਗਿਣਤੀ ਬਹੁਤ ਘੱਟ ਰਹੀ। ਤੂਫ਼ਾਨ ਕਾਰਨ ਸੂਬੇ ’ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਛੇਤੀ ਹੀ ਕੇਂਦਰੀ ਟੀਮ ਉੜੀਸਾ ਦਾ ਦੌਰਾ ਕਰੇਗੀ। ਇਸ ਦੌਰਾਨ ਭੁਬਨੇਸ਼ਵਰ ਹਵਾਈ ਅੱਡੇ ’ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਸੂਬੇ ਲਈ 17 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਮੰਗੀ। ਉਨ੍ਹਾਂ ਸੂਬੇ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਲਈ ਵੀ ਕਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਚੋਣ ਰੈਲੀਆਂ ਦੌਰਾਨ ਦੋਸ਼ ਲਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਫ਼ਾਨੀ’ ’ਤੇ ਸੌੜੀ ਸਿਆਸਤ ਕਰ ਰਹੀ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਮਮਤਾ ਨੇ ਉਨ੍ਹਾਂ ਨਾਲ ਤੂਫ਼ਾਨ ਬਾਰੇ ਗੱਲ ਕਰਨ ਦੀ ਜ਼ਹਿਮਤ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੋਂ ਹਾਲਾਤ ਦਾ ਜਾਇਜ਼ਾ ਲੈਣ ਦੀ ਕੋਸ਼ਿਸ਼ ’ਚ ਵੀ ਮਮਤਾ ਨੇ ਅੜਿੱਕੇ ਡਾਹੇ। ਸ੍ਰੀ ਮੋਦੀ ਨੇ ਮਮਤਾ ’ਤੇ ਦੋਸ਼ ਲਾਇਆ ਕਿ ਲੋਕਾਂ ਨੂੰ ‘ਜੈ ਸ੍ਰੀ ਰਾਮ’ ਦੇ ਜੈਕਾਰੇ ਛੱਡਣ ’ਤੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਭਗਵਾਨ ਰਾਮ ਦੀ ਜੈ-ਜੈ ਕਾਰ ਕਰਨ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਏ।

Facebook Comment
Project by : XtremeStudioz