Close
Menu

ਮੋਦੀ-ਸ਼ੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਹਿਮਤ

-- 28 July,2018

ਜੋਹਾਨੈੱਸਬਰਗ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕਵਾਇਦ ਤਹਿਤ ਚੀਨੀ ਰੱਖਿਆ ਮੰਤਰੀ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਬ੍ਰਿਕਸ ਸਿਖਰ ਸੰਮੇਲਨ ਲਈ ਇਥੇ ਆਏ ਸ੍ਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਮੁਲਾਕਾਤ ਕੀਤੀ। ਤਿੰਨ ਮੁਲਕਾਂ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਭਾਰਤ ਲਈ ਰਵਾਨਾ ਹੋ ਗਏ। ਕਰੀਬ ਤਿੰਨ ਮਹੀਨਿਆਂ ਦੇ ਅੰਦਰ ਸ੍ਰੀ ਮੋਦੀ ਅਤੇ ਸ਼ੀ ਕੱਲ ਸ਼ਾਮ ਨੂੰ ਤੀਜੀ ਵਾਰ ਮਿਲੇ। ਦੋਵੇਂ ਆਗੂ ਇਸ ਸਾਲ ਦੇ ਅਖੀਰ ’ਚ ਅਰਜਨਟੀਨਾ ’ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੌਰਾਨ ਵੀ ਮੁੜ ਮੁਲਾਕਾਤ ਕਰਨਗੇ। ਸ੍ਰੀ ਮੋਦੀ ਨੇ ਚੀਨੀ ਆਗੂ ਨੂੰ ਦੱਸਿਆ ਕਿ ਪਿੱਛੇ ਜਿਹੇ ਹੋਈਆਂ ਬੈਠਕਾਂ ਨਾਲ ਦੁਵੱਲੇ ਰਿਸ਼ਤਿਆਂ ਨੂੰ ਨਵੀਂ ਮਜ਼ਬੂਤੀ ਮਿਲੀ ਹੈ ਅਤੇ ਸਹਿਯੋਗ ਦੇ ਨਵੇਂ ਮੌਕੇ ਵੀ ਬਣੇ ਹਨ। ਉਨ੍ਹਾਂ ਸਰਹੱਦ ਪੱਧਰੀ ਵਾਰਤਾ ਲਈ ਵਿਸ਼ੇਸ਼ ਨੁਮਾਇੰਦੇ ਵਜੋਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਇਸ ਸਾਲ ਚੀਨ ਭੇਜਣ ਦੀ ਇੱਛਾ ਜ਼ਾਹਰ ਕੀਤੀ ਹੈ। ਚੀਨੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ, ਭਾਰਤ ਨਾਲ ਮਿਲ ਕੇ ਦੁਵੱਲੇ ਸਬੰਧਾਂ ’ਚ ਨਵੀਂ ਰੂਹ ਪਾਉਣ ਲਈ ਤਿਆਰ ਹੈ। ਉਨ੍ਹਾਂ ਦੋਵੇਂ ਮੁਲਕਾਂ ਨੂੰ ਰਣਨੀਤਕ ਸੰਚਾਰ ਨੂੰ ਮਜ਼ਬੂਤ ਕਰਨ, ਆਪਸੀ ਵਿਸ਼ਵਾਸ ਬਹਾਲੀ ਵਧਾਉਣ, ਵਿਹਾਰਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਮਤਭੇਦਾਂ ਨੂੰ ਸੁਲਝਾਉਣ ਲਈ ਕਦਮ ਚੁਕਣ ਲਈ ਕਿਹਾ। ਜ਼ਿਕਰਯੋਗ ਹੈ ਕਿ ਵੂਹਾਨ ’ਚ ਸ੍ਰੀ ਮੋਦੀ ਅਤੇ ਸ਼ੀ ਨੇ ਆਪਣੀਆਂ ਫੌਜਾਂ ਨੂੰ ਰਣਨੀਤਕ ਨਿਰਦੇਸ਼ ਦੇਣ ਦਾ ਫ਼ੈਸਲਾ ਲਿਆ ਸੀ ਤਾਂ ਜੋ ਡੋਕਲਾਮ ਵਰਗੇ ਹਾਲਾਤ ਭਵਿੱਖ ’ਚ ਨਾ ਪੈਦਾ ਹੋ ਸਕਣ। ਸ੍ਰੀ ਮੋਦੀ ਨੇ ਕਿਹਾ ਕਿ ਜੋਹਾਨੈੱਸਬਰਗ ’ਚ ਮੁਲਾਕਾਤ ਨੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਹੋਰ ਮੌਕਾ ਪ੍ਰਦਾਨ ਕੀਤਾ ਹੈ। ਬੈਠਕ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲੀ ਦੀ ਹਾਮੀ ਭਰੀ ਹੈ। ਰਾਸ਼ਟਰਪਤੀ ਸ਼ੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਆਉਣ ਦੇ ਦਿੱਤੇ ਸੱਦੇ ’ਤੇ ਖੁਸ਼ੀ ਜਤਾਈ ਹੈ ਅਤੇ ਕਿਹਾ ਕਿ ਉਹ ਦੂਜੀ ਵਾਰ ਰਸਮੀ ਵਾਰਤਾ ਲਈ ਅਗਲੇ ਸਾਲ ਭਾਰਤ ਆਉਣਗੇ।

ਉਭਰਦੇ ਅਰਥਚਾਰਿਆਂ ਲਈ ਡਿਜੀਟਲ ਖੇਤਰ ’ਚ ਨਿਵੇਸ਼ ਅਹਿਮ: ਮੋਦੀ
ਜੋਹਾਨੈੱਸਬਰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਡਿਜੀਟਲ ਇਨਕਲਾਬ ਨੇ ਬ੍ਰਿਕਸ ਮੁਲਕਾਂ ਅਤੇ ਹੋਰ ਉਭਰਦੇ ਅਰਥਚਾਰਿਆਂ ਲਈ ਨਵੇਂ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮਸਨੂਈ ਲਿਆਕਤ ਅਤੇ ਡੇਟਾ ਐਨਾਲਿਟਿਕਸ ’ਚ ਜ਼ਰੂਰੀ ਨਿਵੇਸ਼ ਕਰਕੇ ਲਾਹਾ ਲਿਆ ਜਾ ਸਕਦਾ ਹੈ। ਬ੍ਰਿਕਸ ਸੰਮੇਲਨ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਡਿਜੀਟਲ ਖੇਤਰ ’ਚ ਹੁਨਰ ਵਿਕਾਸ ਅਤੇ ਬੁਨਿਆਦੀ ਢਾਂਚੇ ’ਚ ਵਧ ਨਿਵੇਸ਼ ਦਾ ਸੱਦਾ ਦਿੱਤਾ। ਭਾਰਤ ਦੇ ਅਫ਼ਰੀਕਾ ਨਾਲ ਇਤਿਹਾਸਕ ਅਤੇ ਗੂੜ੍ਹੇ ਸਬੰਧਾਂ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਫ਼ਰੀਕਾ ’ਚ ਸ਼ਾਂਤੀ ਬਹਾਲੀ, ਆਜ਼ਾਦੀ ਅਤੇ ਵਿਕਾਸ ਨੂੰ ਉਨ੍ਹਾਂ ਦੀ ਸਰਕਾਰ ਨੇ ਪਹਿਲ ਦਿੱਤੀ ਹੈ।

Facebook Comment
Project by : XtremeStudioz