Close
Menu

ਮੋਦੀ ਸਰਕਾਰ ਡੁੱਬਦਾ ਹੋਇਆ ਜਹਾਜ਼: ਮਾਇਆਵਤੀ

-- 15 May,2019

ਲਖ਼ਨਊ, 15 ਮਈ
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਅੱਜ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਡੁੱਬਦਾ ਹੋਇਆ ਜਹਾਜ਼ ਹੈ ਤੇ ਹੁਣ ਤਾਂ ਇਸ ਨੂੰ ਇਸ ਦੀ ਵਿਚਾਰਕ ਆਰਐੱਸਐੱਸ ਨੇ ਵੀ ਤਿਆਗ ਦਿੱਤਾ ਹੈ।
ਮਾਇਆਵਤੀ ਨੇ ਕਿਹਾ ਕਿ ਦੇਸ਼ ਨੂੰ ਹੁਣ ਅਸਲੀ ਪ੍ਰਧਾਨ ਮੰਤਰੀ ਦੀ ਲੋੜ ਹੈ ਨਾ ਕਿ ਕਿਸੇ ‘ਚਾਹਵਾਲੇ’ ਜਾਂ ‘ਚੌਕੀਦਾਰ’ ਦੀ। ਮਾਇਆਵਤੀ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਨੇ ਮੰਦਰਾਂ ’ਚ ਜਾਣ ਦੀ ‘ਰਵਾਇਤ’ ਹੀ ਪਾ ਲਈ ਹੈ ਤੇ ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਬੇੜਾ ਡੁੱਬ ਰਿਹਾ ਹੈ ਤੇ ਇਹ ਗੱਲ ਹੁਣ ਹਰ ਕੋਈ ਜਾਣਦਾ ਹੈ। ਮਾਇਆਵਤੀ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਭਾਜਪਾ ਦੇ ਚੋਣ ਪ੍ਰਚਾਰ ’ਚੋਂ ਗਾਇਬ ਹਨ। ਬਸਪਾ ਮੁਖੀ ਨੇ ਕਿਹਾ ਕਿ ‘ਦੋਗਲੇ ਚਿਹਰੇ’ ਹੁਣ ਮੁਲਕ ਨੂੰ ਹੋਰ ‘ਮੂਰਖ਼’ ਨਹੀਂ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਦੇਸ਼ ਨੇ ਸੇਵਕ, ਮੁੱਖ ਸੇਵਕ, ਚਾਹਵਾਲੇ ਤੇ ਚੌਕੀਦਾਰ ਦੇ ਰੂਪ ਵਿਚ ਕਈ ਆਗੂ ਦੇਖ ਲਏ ਹਨ ਜੋ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਮੰਦਰਾਂ ਵਿਚ ਨਤਮਸਤਕ ਹੋਣ ਤੇ ਰੋਡ ਸ਼ੋਅ ਕੀਤੇ ਜਾਣ ਦਾ ਮਾਇਆਵਤੀ ਵੱਲੋਂ ਵਿਰੋਧ ਕਰਨ ਦੇ ਮਾਮਲੇ ’ਤੇ ਭਾਜਪਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਸਪਾ ਸੁਪਰੀਮੋ ਜਿਹੇ ਆਗੂਆਂ ਕੋਲ ਸੜਕਾਂ ’ਤੇ ਉਤਰਨ ਦਾ ਹੌਸਲਾ ਨਹੀਂ ਹੈ। ਯੂਪੀ ਦੇ ਭਾਜਪਾ ਆਗੂ ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਪਾਰਟੀ ਸੂਬੇ ’ਚ ਸੱਤਾ ’ਤੇ ਕਾਬਜ਼ ਹੈ ਤੇ ਲੋਕਾਂ ਨਾਲ ਰਾਬਤੇ ਰਾਹੀਂ ਉਨ੍ਹਾਂ ਦਾ ਪਿਆਰ ਆਗੂਆਂ ਲਈ ਝਲਕਦਾ ਹੈ।

Facebook Comment
Project by : XtremeStudioz