Close
Menu

ਮੋਬਾਈਲ, ਹੋਟਲ ਤੇ ਹੋਰ ਸੇਵਾਵਾਂ ਅੱਜ ਤੋਂ ਮਹਿੰਗੀਆਂ

-- 01 June,2015

ਸਰਵਿਸ ਟੈਕਸ ਵਧ ਕੇ 14 ਫ਼ੀਸਦੀ ਹੋਇਆ
ਨਵੀਂ ਦਿੱਲੀ, 1 ਜੂਨ-ਅੱਜ ਤੋਂ ਸਰਵਿਸ ਟੈਕਸ 14 ਫੀਸਦੀ ਹੋ ਜਾਣ ਕਾਰਨ ਆਮ ਜਨਤਾ ਲਈ ਪਹਿਲੀ ਜੂਨ ਤੋਂ ਮੋਬਾਈਲ ਦੀ ਵਰਤੋਂ ਕਰਨੀ, ਹੋਟਲ ਵਿਚ ਖਾਣਾ ਤੇ ਰੇਲ ਯਾਤਰਾ ਕਰਨੀ ਮਹਿੰਗੀ ਹੋ ਜਾਵੇਗੀ | ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਬਜਟ ਵਿਚ ਸਰਵਿਸ ਟੈਕਸ ‘ਚ 12.36 ਫੀਸਦੀ (ਸਿੱਖਿਆ ਸੈੱਸ ਸਮੇਤ) ਵਾਧਾ ਕਰਨ ਦਾ ਐਲਾਨ ਕੀਤਾ ਸੀ ਜੋ ਪਹਿਲੀ ਜੂਨ ਤੋਂ ਅਮਲ ਵਿਚ ਆ ਗਿਆ ਹੈ | ਸਰਵਿਸ ਟੈਕਸ ਵਿਚ ਵਾਧੇ ਕਾਰਨ ਜਿਹੜੀਆਂ ਪ੍ਰਮੁੱਖ ਸੇਵਾਵਾਂ ਮਹਿੰਗੀਆਂ ਹੋਣਗੀਆਂ ਉਨ੍ਹਾਂ ਵਿਚ ਰੇਲਵੇ, ਹਵਾਈ ਸੇਵਾ, ਬੈਂਕਿੰਗ, ਬੀਮਾ, ਇਸ਼ਤਿਹਾਰਬਾਜ਼ੀ, ਭਵਨ-ਨਿਰਮਾਣ, ਨਿਰਮਾਣ ਕਾਰਜ, ਕਰੈਡਿਟ ਕਾਰਡ, ਪ੍ਰੋਗਰਾਮ ਪ੍ਰਬੰਧ, ਸੈਲਾਨੀ ਉਪਰੇਟਰ ਸੇਵਾਵਾਂ ਆਦਿ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਮੋਬਾਈਲ ਉਪਰੇਟਰਾਂ ਅਤੇ ਕਰੈਡਿਟ ਕੰਪਨੀਆਂ ਵੱਲੋਂ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਮੋਬਾਈਲ ਰਾਹੀਂ ਸੁਨੇਹੇ ਭੇਜੇ ਜਾ ਰਹੇ ਹਨ ਕਿ ਸਰਵਿਸ ਟੈਕਸ ਵਿਚ ਵਾਧੇ ਕਾਰਨ ਉਨ੍ਹਾਂ ਨੂੰ ਬਿੱਲ ਵਧੇਰੇ ਅਦਾ ਕਰਨਾ ਪਵੇਗਾ | ਰੇਲਵੇ ਮੰਤਰਾਲੇ ਮੁਤਾਬਿਕ ਯਾਤਰੀ ਰੇਲ ਗੱਡੀਆਂ ਵਿਚ ਪਹਿਲੀ ਜੂਨ ਤੋਂ ਪਹਿਲੀ ਸ਼੍ਰੇਣੀ ਤੇ ਏ. ਸੀ. ਸ਼੍ਰੇਣੀ ਦੇ ਕਿਰਾਏ ਤੋਂ ਇਲਾਵਾ ਮਾਲ ਭਾੜੇ ਵਿਚ ਵੀ 0.5 ਫੀਸਦੀ ਦਾ ਵਾਧਾ ਹੋ ਗਿਆ ਹੈ | ਰੇਲਵੇ ਸੂਤਰਾਂ ਮੁਤਾਬਿਕ ਪਹਿਲਾਂ ਸਰਵਿਸ ਟੈਕਸ ਜੋ 3.7 ਫੀਸਦੀ ਲੱਗਦਾ ਸੀ, ਹੁਣ 4.2 ਫੀਸਦੀ ਲੱਗੇਗਾ ਭਾਵ ਹੁਣ ਇਸ ਵਿਚ 0.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੇਕਰ ਏ.ਸੀ. ਕਿਰਾਇਆ ਇਕ ਹਜ਼ਾਰ ਰੁਪਏ ਹੈ ਤਾਂ ਯਾਤਰੀ ਕੋਲੋਂ 10 ਰੁਪਏ ਹੋਰ ਲਏ ਜਾਣਗੇ | ਇਹ ਵਧਿਆ ਕਿਰਾਇਆ ਇਕ ਜੂਨ ਅਤੇ ਇਸ ਦੇ ਬਾਅਦ ਖਰੀਦੀਆਂ ਟਿਕਟਾਂ ‘ਤੇ ਲਾਗੂ ਹੋਵੇਗਾ |

Facebook Comment
Project by : XtremeStudioz