Close
Menu

ਮੋਮੋਤਾ ਅਤੇ ਮਾਰਿਨ ਨੇ ਜਿੱਤੇ ਜਪਾਨ ਓਪਨ ਖ਼ਿਤਾਬ

-- 17 September,2018

ਟੋਕੀਓ, ਤੀਜਾ ਦਰਜਾ ਪ੍ਰਾਪਤ ਜਪਾਨ ਦੇ ਕੈਂਤੋ ਮੈਮੋਤਾ ਅਤੇ ਛੇਵਾਂ ਦਰਜਾ ਪ੍ਰਾਪਤ ਸਪੇਨ ਦੀ ਕੈਰੋਲੀਨਾ ਮਾਰਿਨ ਨੇ ਅੱਜ ਜਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਸਿੰਗਲਜ਼ ਖ਼ਿਤਾਬ ਜਿੱਤ ਲਏ। 24 ਸਾਲ ਦੇ ਮੋਮੋਤਾ ਨੇ ਇਕਪਾਸੜ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਦੇ ਖੋਸਿਤ ਫੈਤਪ੍ਰਾਦਾਬ ’ਤੇ 21-14, 21-11 ਨਾਲ ਜਿੱਤ ਦਰਜ ਕੀਤੀ। ਫਿਰ ਗੋਡਿਆਂ ਭਾਰ ਬੈਠ ਕੇ ਆਪਣੇ ਜਪਾਨੀ ਬੈਜ ਨੂੰ ਚੁੰਮਿਆ।
ਜ਼ਿਕਰਯੋਗ ਹੈ ਕਿ ਜੂਆ ਖੇਡਣ ਦੇ ਮਾਮਲੇ ਵਿੱਚ ਫਸਣ ਕਾਰਨ ਮੋਮੋਤਾ ਦੇ ਕਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ, ਪਰ ਉਹ ਜ਼ੋਰਦਾਰ ਵਾਪਸੀ ਕਰਨ ਵਿੱਚ ਸਫਲ ਰਿਹਾ। ਗੈਰਕਾਨੂੰਨੀ ਕਸੀਨੋ ਵਿੱਚ ਜਾਣ ਕਾਰਨ ਮੋਮੋਤਾ ਨੂੰ ਜਪਾਨ ਦੀ ਓਲੰਪਿਕ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਇੱਕ ਸਾਲ ਦੀ ਪਾਬੰਦੀ ਲੱਗੀ ਸੀ। ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਸਥਾਨਕ ਦਾਅਵੇਦਾਰ ਓਕੂਹਾਰਾ ਨੂੰ 21-19, 17-21, 21-11 ਨਾਲ ਹਰਾ ਕੇ ਆਪਣਾ ਜਪਾਨ ਓਪਨ ਮਹਿਲਾ ਸਿੰਗਲਜ਼ ਖ਼ਿਤਾਬ ਕਾਇਮ ਰੱਖਿਆ। ਉਸ ਨੇ ਓਕੂਹਾਰਾ ਨੂੰ ਇੱਕ ਘੰਟੇ 14 ਮਿੰਟ ਦੀ ਜੱਦੋ-ਜਹਿਦ ਮਗਰੋਂ ਹਰਾ ਕੇ ਉਸ ਦਾ ਦੂਜੀ ਵਾਰ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਇਸ ਤੋਂ ਇਲਾਵਾ ਜਪਾਨ ਨੇ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਖ਼ਿਤਾਬ, ਚੀਨ ਨੇ ਮਿਕਸਡ ਡਬਲਜ਼ ਖ਼ਿਤਾਬ ਅਤੇ ਇੰਡੋਨੇਸ਼ੀਆ ਨੇ ਪੁਰਸ਼ ਡਬਲਜ਼ ਖ਼ਿਤਾਬ ਆਪਣੇ ਨਾਮ ਕੀਤਾ।

Facebook Comment
Project by : XtremeStudioz