Close
Menu

ਮੌਜੂਦਾ ਤੇ ਸਾਬਕਾ ਮੰਤਰੀਆਂ ਵੱਲੋਂ ਰੱਖੀਆਂ ਮੰਗਾਂ ਪ੍ਰਤੀ ਸੁਖਬੀਰ ਨੇ ਕੰਨ ਨਾ ਧਰਿਆ

-- 06 May,2015

ਮੁਕੇਰੀਆਂ, ਇੱਥੇ ਸਿੰਘਪੁਰ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਪਿੰਡ ਵਾਸੀਆਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਸੂਬੇ ਦੇ ਉੱਪ ਮੁੱਖ ਮੰਤਰੀ ਨੇ ਦਰਕਿਨਾਰ ਕਰ ਦਿੱਤਾ। ਇਸ ਮੌਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਸੰਪੂਰਨ ਸਿੰਘ ਨੇ ਮੰਗ ਰੱਖੀ ਸੀ ਕਿ ਦਸੂਹਾ-ਤਲਵਾੜਾ ਮਾਰਗ ਨੂੰ ਮਹਾਰਾਜਾ ਜੱਸਾ ਸਿੰਘ ਮਾਰਗ ਐਲਾਨਿਆ ਜਾਵੇ, ਇਲਾਕੇ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਕੋਈ ਸਨਅਤੀ ਅਦਾਰਾ ਸਥਾਪਿਤ ਕੀਤਾ ਜਾਵੇ। ਉਨ੍ਹਾ ਕਿਹਾ ਕਿ ਸੂਬੇ ਅੰਦਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਕਰੀਬ 360 ਕਿਲੇ ਸਨ, ਜਿਨ੍ਹਾਂ ਵਿਚੋਂ ਕੇਵਲ ਦੋ ਸਿੰਘਪੁਰ ਜੱਟਾਂ ਅਤੇ ਸ੍ਰੀ ਹਰਗੋਬਿੰਦਪੁਰ ਵਾਲੇ ਦੀਆਂ ਨਿਸ਼ਾਨੀਆਂ ਬਚੀਆਂ ਹਨ। ਇਨ੍ਹਾ ਨੂੰ ਸੰਭਾਲਣ ਲਈ ਇਨ੍ਹਾਂ ਇਤਿਹਾਸਿਕ ਯਾਦਗਾਰਾਂ ਵਜੋਂ ਵਿਕਸਿਤ ਕਰਕੇ ਇਸ ਦੀ ਦਿੱਖ ਨੂੰ ਸੰਵਾਰਿਆ ਜਾਵੇ।
ਇਸੇ ਤਰ੍ਹਾਂ ਜੇਲ੍ਹ ਤੇ ਸੱਭਿਆਚਾਰ ਮੰਤਰੀ ਸੋਹਣ ਸਿੰਘ ਠੰਡਲ ਨੇ ਇਸ ਇਤਿਹਾਸਕ ਕਿਲੇ ਦੀ ਹਾਲਤ ਸੁਧਾਰਨ ਲਈ ਉਨ੍ਹਾ ਨੂੰ ਜਿੰਮੇਵਾਰੀ ਸੌਂਪਣ ਦੀ ਮੰਗ ਕੀਤੀ। ਜਦੋਂ ਕਿ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਉੱਪ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਰਾਮਗੜ੍ਹੀਆ ਭਾਈਚਾਰੇ ਨੂੰ ਓਬੀਸੀ ਭਾਵ ਹੋਰ ਪੱਛੜੀਆਂ ਜਾਤੀਆਂ ਅਧੀਨ ਲਿਆ ਕੇ ਆਮਦਨ ਹੱਦ 2.50 ਲੱਖ ਤੋਂ ਵਧਾ ਕੇ 6 ਲੱਖ ਕੀਤੀ ਜਾਵੇ। ਹਰ ਪਿੰਡ ਵਿੱਚ ਰਾਮਗੜ੍ਹੀਆ ਭਾਈਚਾਰੇ ਦਾ ਨੰਬਰਦਾਰ ਬਣਾਇਆ ਜਾਣਾ ਲਾਜ਼ਮੀ ਕੀਤਾ ਜਾਵੇ ਅਤੇ ਸਾਰੇ ਬੀਸੀ ਵਰਗ ਦੀਆਂ ਬਰਾਦਰੀਆਂ ਨੂੰ ਇਕੱਠਿਆਂ ਕਰਕੇ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਇਹ ਮੰਗਾਂ ਰੱਖਦਿਆਂ ਦਾਅਵਾ ਕੀਤਾ ਸੀ ਕਿ ਜੇ ਉਹ 2017 ਦੀਆਂ ਵਿਧਾਨ ਸਭਾ ਚੋਣਾ ਜਿੱਤਣ ਸਮੇਤ ਲਗਾਤਾਰ ਸੂਬੇ ’ਤੇ ਰਾਜ ਕਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਲੋਕਾਂ ਨੇ ਹੀ ਜਿਤਾਉਣਾ ਹੈ, ਇਸ ਲਈ ਇਨ੍ਹਾਂ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਜਾਣ।
ਸਾਬਕਾ ਕੈਬਨਿਟ ਮੰਤਰੀ ਅਰੁਨੇਸ਼ ਸ਼ਾਕਰ ਨੇ ਵੀ ਮੰਗ ਰੱਖੀ ਸੀ ਕਿ ਪੰਜਾਬ ਸਰਕਾਰ ਨੇ ਮੁਕੇਰੀਆਂ ਵਿਧਾਨ ਸਭਾ ਹਲਕੇ ਅੰਦਰ ਸਰਕਾਰੀ ਡਿਗਰੀ ਕਾਲਜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ ਅਤੇ ਇਸ ਸਬੰਧੀ ਸਿੰਘਪੁਰ ਜੱਟਾਂ ਤੋਂ ਕੁਝ ਦੂਰੀ ’ਤੇ ਪੈਂਦੇ ਪਿੰਡ ਨੰਗਲ ਬਿਹਾਲਾਂ ਵਿਖੇ ਜ਼ਮੀਨ ਉਚੇਰੀ ਸਿੱਖਿਆ ਦੇ ਨਾਮ ਤਬਦੀਲ ਕਰਕੇ ਸਾਰੀ ਜਰੂਰੀ ਕਾਰਵਾਈ ਪੂੁਰੀ ਕਰ ਲਈ ਗਈ ਹੈ। ਇਸ ਤਿੰਨ ਬਹੁਮੰਜਲੀ ਸਰਕਾਰੀ ਡਿਗਰੀ ਕਾਲਜ ਦੀ ਉਸਾਰੀ ਦਾ ਕੰਮ ਕੇਵਲ ਫੰਡਾਂ ਦੀ ਘਾਟ ਕਾਰਨ ਰੁਕਿਆ ਹੋਇਆ ਹੈ। ਇਸ ਲਈ ਇਹ ਫੰਡ ਜਲਦ ਭੇਜ ਕੇ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਇਲਾਕੇ ਦੇ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਮਿਲ ਸਕੇ। ਇਹ ਪਿੰਡ ਵਾਸੀਆਂ ਦੀ ਇਹ ਮੰਗ ਵੀ ਦੁਹਰਾਈ ਸੀ ਕਿ ਇਲਾਕੇ ਅੰਦਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸ ਨੂੰ ਜੀਉਂਦਾ ਰੱਖਣ ਲਈ ਉਨ੍ਹਾਂ ਦੇ ਨਾਮ ’ਤੇ ਤਕਨੀਕੀ ਕਾਲਜ ਦੀ ਸਥਾਪਨਾ ਕੀਤੀ ਜਾਵੇ। ਪਰ ਸੂਬੇ ਦੇ ਉੱਪ ਮੁੱਖ ਮੰਤਰੀ ਨੇ ਉਕਤ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ। ਇਸ ਤੋਂ ਇਲਾਵਾ ਪਹਿਲਾਂ ਤੋਂ ਚਲ ਆ ਰਹੀ ਸਿੰਘਪੁਰ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂਅ ’ਤੇ ਇੰਜੀਨੀਅਰਿੰਗ ਕਾਲਜ ਸਮੇਤ ਲੜਕੀਆਂ ਦਾ ਕਾਲਜ ਬਣਾ ਕੇ ਪਿੰਡ ਦੇ ਵਿਕਾਸ ਲਈ ਫੰਡ ਦਿੱਤੇ ਜਾਣ।
ਇਸੇ ਤਰ੍ਹਾਂ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਖੁਦ ਸੁਖਬੀਰ ਸਿੰਘ ਬਾਦਲ ਨੂੰ ਸਟੇਜ ’ਤੇ ਮਿਲ ਕੇ ਮੰਗ ਰੱਖੀ ਸੀ ਕਿ ਇਲਾਕੇ ਅੰਦਰ ਸਿਹਤ ਤੇ ਵਿੱਦਿਅਕ ਸਹੂਲਤਾਂ ਦੀ ਵੱਡੀ ਘਾਟ ਦੇ ਮੱਦੇਨਜ਼ਰ ਇਥੇ ਆਈ.ਟੀ.ਆਈ. ਅਤੇ 25 ਬੈੱਡ ਦਾ ਮੁਢਲਾ ਸਿਹਤ ਕੇਂਦਰ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਨੂੰ ਆਪਣੇ ਸਿਹਤ ਸਬੰਧੀ ਕੰਮਾਂ ਲਈ ਕਰੀਬ 25 ਕਿਲੋਮੀਟਰ ਦੂਰ ਪੀਐਚਸੀ ਬੁੱਢਾਬੜ ਵਿਖੇ ਜਾਣਾ ਪੈਂਦਾ ਹੈ ਅਤੇ ਤਕਨੀਕੀ ਵਿੱਦਿਆ ਲਈ ਇਲਾਕੇ ਦੀਆਂ ਲੜਕੀਆਂ ਨੂੰ ਤਲਵਾੜਾ ਜਾਂ ਪਠਾਨਕੋਟ ਵਰਗੇ ਦੂਰ ਦੂੁਰਾਡੇ ਦੇ ਸ਼ਹਿਰਾਂ ਅੰਦਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ
ਸਮਾਗਮ ਦੇ ਅੰਤ ਵਿੱਚ ਸੰਬੋਧਨ ਕਰਦਿਆਂ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਵਲ ਪਿੰਡ ਸਿੰਘਪੁਰ ਜੱਟਾਂ ਅਤੇ ਸਿੰਘਪੁਰ ਤਰਖਾਣਾਂ ਦੇ ਵਿਕਾਸ ਲਈ 10-10 ਲੱਖ ਦੀ ਗਰਾਂਟ ਅਤੇ ਇਤਿਹਾਸਿਕ ਕਿਲੇ੍ਹ ਦੀ ਮੁਰੰਮਤ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦਸੂਹਾ-ਤਲਵਾੜਾ ਮਾਰਗ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਂ ’ਤੇ ਰੱਖਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਿੰਡ ਵਾਸੀਆਂ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਟਰੱਸਟ ਅਤੇ ਸਾਬਕਾ ਮੰਤਰੀ ਦੀਆਂ ਸਾਰੀਆਂ ਮੰਗਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਕਿ ਰਾਗੜ੍ਹੀਆ ਭਾਈਚਾਰੇ ਦੇ ਲੋਕ ਸਮੂਹਿਕ ਤੌਰ ’ਤੇ ਉਨ੍ਹਾਂ ਨੂੰ ਆ ਕੇ ਮਿਲ ਲੈਣ ਅਤੇ ਜੋ ਵੀ ਸਾਂਝੇ ਤੌਰ ’ਤੇ ਫੈਸਲਾ ਲੈਣਗੇ ਉਸ ’ਤੇ ਵਿਚਾਰ ਕੀਤਾ ਜਾਵੇਗਾ।

Facebook Comment
Project by : XtremeStudioz