Close
Menu

ਮੰਤਰੀ ਟਿੰਮ ਉੱਪਲ ਵੱਲੋਂ ਬਜਬਜ ਘਾਟ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਝੂਠਾ ਹੇਜ

-- 07 October,2013

ਵੈਨਕੂਵਰ ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਰਾਜ ਮੰਤਰੀ ਟਿੰਮ ਉੱਪਲ ਵੱਲੋਂ ਵੈਨਕੂਵਰ ਵਿੱਚ ਬਜਬਜ ਘਾਟ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸੰਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਕਿਹਾ ਹੈ ਕਿ 1914 ਵਿੱਚ ਟੋਰੀ ਸਰਕਾਰ ਨੇ ਹੀ ਕਾਮਾਗਾਟਾਮਾਰੂ ਜ਼ਹਾਜ ਵੈਨਕੂਵਰ ਦੀ ਬੰਦਰਗਾਹ ਤੋਂ ਵਾਪਸ ਮੋੜਿਆ ਸੀ, ਇਸ ਲਈ 29 ਸਤੰਬਰ 1914 ਨੂੰ ਬਜਬਜ ਘਾਟ ‘ਤੇ ਵਾਪਰੇ ਦੁਖਾਂਤ ਲਈ ਵੀ ਉਸ ਵੇਲੇ ਦੀ ਟੋਰੀ ਸਰਕਾਰ ਦੀਆਂ ਨਸਲਵਾਦੀ ਨੀਤੀਆਂ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਦੀ ਟੋਰੀ ਸਰਕਾਰ ਵਿੱਚ ਮੰਤਰੀ ਟਿੰਮ ਉੱਪਲ ਵੱਲੋਂ ਸ਼ਹੀਦਾਂ ਲਈ ਸ਼ਰਧਾਂਜਲੀ ਭੇਂਟ ਕਰਨਾ ਝੂਠਾ ਹੇਜ ਜ਼ਾਹਰ ਕਰਨ ਤੋਂ ਵੱਧ ਕੁਝ ਨਹੀਂ , ਕਿਉਂਕਿ ਜਦੋਂ ਵੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਾਮਾਗਾਟਾਮਾਰੂ ਦੇ ਸ਼ਹੀਦਾਂ ਲਈ ਮਾਫੀ ਮੰਗਣ ਦਾ ਮਤਾ ਲਿਆਂਦਾ ਗਿਆ, ਉਸ ਮੌਕੇ ਮੰਤਰੀ ਟਿੰਮ ਉੱਪਲ ਨੇ ਮਤੇ ਦੇ ਖਿਲਾਫ ਵੋਟ ਪਾਈ । ਉਨ੍ਹਾਂ ਕਿਹਾ ਕਿ ਜੇਕਰ ਟਿੰਮ ਉੱਪਲ ਸੱਚਮੁਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦੇ ਹਨ ਤਾਂ ਆਪਣੀ ਸਰਕਾਰ ਨੂੰ ਕਾਮਾਗਾਟਾਮਾਰੂ ਦੁਖਾਂਤ ਲਈ ਮਾਫੀ ਮੰਗਣ ਲਈ ਪੱਤਰ ਲਿਖਣ । ਸਾਹਿਬ ਸਿੰਘ ਥਿੰਦ ਨੇ ਕਿਹਾ ਹੈ ਕਿ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕਾਮਾਗਾਟਾਮਾਰੂ ਦੁਖਾਂਤ ਲਈ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਮਾਫੀ ਮੰਗਣ ਲਈ ਲਗਾਤਾਰ ਯਤਨ ਕਰਦੀ ਰਹੇਗੀ ।

Facebook Comment
Project by : XtremeStudioz