Close
Menu

ਮੰਤਰੀ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

-- 05 March,2019

ਲੈਂਡ ਮਾਫ਼ੀਆ ਖ਼ਿਲਾਫ਼ ਮੋਰਚਾ ਜਾਰੀ ਰਹੇਗਾ-ਹਰਪਾਲ ਸਿੰਘ ਚੀਮਾ

ਕੈਪਟਨ ਅਮਰਿੰਦਰ ਆਸ਼ੂ ਨੂੰ ਤੁਰੰਤ ਮੰਤਰੀ ਮੰਡਲ ‘ਚ ਕਰਨ ਬਾਹਰ-ਸਰਬਜੀਤ ਕੌਰ ਮਾਣੂੰਕੇ

ਚੰਡੀਗੜ੍ਹ/ਲੁਧਿਆਣਾ, 5 ਮਾਰਚ 2019

ਲੁਧਿਆਣਾ ਦੇ ਗ੍ਰੈਡ ਮੈਨਰ ਹੋਮ ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਭੂਮਿਕਾ ਦੇ ਵਿਰੋਧ ਵਿਚ ਆਸ਼ੂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਧਰਨਾਕਾਰੀਆਂ ਵਿਚ ਸ਼ਾਮਿਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਡਿਪਟੀ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੀਨੀਅਰ ਆਗੂ ਸੁਰੇਸ਼ ਗੋਇਲ, ਮਾਲਵਾ ਜ਼ੋਨ-1 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਸੀਨੀਅਰ ਆਗੂ ਅਹਿਬਾਬ ਸਿੰਘ ਗਰੇਵਾਲ,  ਅਮਨ ਮੋਹੀ ਅਤੇ ਹੋਰਨਾਂ ਨੂੰ ਪੁਲਿਸ ਵਾਹਨਾਂ ਵਿਚ ਚੜ੍ਹਾ ਕੇ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਇਸ ਮੌਕੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ ਅਤੇ ਸਰਕਾਰ ਦੇ ਮੰਤਰੀ ਖ਼ੁਦ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਭ੍ਰਿਸ਼ਟਾਚਾਰ ਦੀ ਹੱਦ ਕੀਤੀ ਹੋਈ ਹੈ ਅਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰਟੀ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਪੰਜਾਬ ਵਿਚ ਕਿਸੇ ‘ਰਾਬਰਟ ਵਾਡਰਾ’ ਨੂੰ ਪਨਪਣ ਨਹੀਂ ਦੇਵੇਗੀ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੰਤਰੀ ਆਸ਼ੂ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਦਾ ਰਸਤਾ ਦਿਖਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੀ 10 ਸਾਲ ਦੀ ਲੁੱਟ ਤੋਂ ਅਜੇ ਉੱਭਰੇ ਨਹੀਂ ਹਨ ਕਿ ਕਾਂਗਰਸੀ ਆਗੂ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਏ ਹਨ।

ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੰਤਰੀ ਆਸ਼ੂ ਹਮੇਸ਼ਾ ਤੋਂ ਹੀ ਆਪਣੇ ਰਵੱਈਏ ਕਾਰਨ ਖ਼ਬਰਾਂ ਵਿਚ ਰਹੇ ਹਨ ਅਤੇ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਆਸ਼ੂ ਦੀ ਘੋਟਾਲੇ ਵਿਚ ਸ਼ਮੂਲੀਅਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਜਾਂਚ ਅਧਿਕਾਰੀਆਂ ਨੂੰ ਧਮਕਾ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਮੁੱਦੇ ‘ਤੇ ਸਦਨ ਵਿਚੋਂ ਵਾਕ-ਆਊਟ ਕੀਤਾ ਸੀ ਅਤੇ ਆਸ਼ੂ ਵੱਲੋਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਧਮਕਾਉਣ ਦੀ ਆਡੀਓ ਜਾਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਰੇ ਸਬੂਤਾਂ ਦੇ ਬਾਵਜੂਦ ਆਸ਼ੂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣਾ ਸਰਕਾਰ ਦੀ ਨੀਅਤ ‘ਤੇ ਸਵਾਲ ਖੜੇ ਕਰਦਾ ਹੈ।

ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦੇ ਅੰਦਰ ‘ਆਪ’ ਵਿਧਾਇਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਸੀ ਕਿ ਘੋਟਾਲੇ ਨਾਲ ਸੰਬੰਧਿਤ ਕਾਗ਼ਜ਼ਾਤ ਦੀ ਪੜਤਾਲ ਕਰਵਾਈ ਜਾਵੇਗੀ ਪਰੰਤੂ ਅਜੇ ਇਸ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।

ਸੁਰੇਸ਼ ਗੋਇਲ ਨੇ ਕਿਹਾ ਕਿ ਕਾਂਗਰਸ ਆਗੂਆਂ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਕਾਲੀਆਂ ਨੂੰ ਵੀ ਮਾਤ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਦੁਖੀ ਹੈ ਅਤੇ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਵਿਚ ਲਿਪਤ ਮੰਤਰੀ ਆਸ਼ੂ ਦਾ ਅਸਤੀਫ਼ਾ ਲੈ ਕੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਰਜਿੰਦਰਪਾਲ ਕੌਰ ਛੀਨਾ, ਮਾਸਟਰ ਹਰੀ ਸਿੰਘ, ਗੁਰਜੀਤ ਸਿੰਘ ਗਿੱਲ, ਡਾ. ਤੇਜਪਾਲ ਗਿੱਲ, ਰਵਿੰਦਰ ਪਾਲ ਸਿੰਘ ਪਾਲੀ, ਪੁਨੀਤ ਸਾਹਨੀ, ਸਾਹਿਲ ਗੋਇਲ, ਸੋਨੂੰ ਕਲਿਆਨ, ਹਰਨੇਕ ਸੇਖੋਂ ਅਤੇ ਨਾਨਕ ਸਿੰਘ ਵੀ ਮੌਜੂਦ ਸਨ।

Facebook Comment
Project by : XtremeStudioz