Close
Menu

ਮੱਧ ਪ੍ਰਦੇਸ਼ ਦੇ ਮੰਦਰ ‘ਚ ਭਾਜੜ, 109 ਮਰੇ

-- 14 October,2013

INDIA-ACCIDENT-STAMPEDEਦਤੀਆ ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ‘ਚ ਰਤਨਗੜ੍ਹ ਮੰਦਰ ‘ਚ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੀ ਭਾਜੜ ਦੀ ਲਪੇਟ ‘ਚ ਆਉਣ ਕਾਰਨ ਅੱਜ ਦਿਲਕੰਬਾਊ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 109 ਹੋ ਗਈ ਹੈ। ਪੁਲਸ ਉਪ ਮਹਾਨਿਰਦੇਸ਼ਕ ਡੀ. ਕੇ. ਆਰੀਆ ਨੇ ਘਟਨਾ ਵਾਲੀ ਥਾਂ ‘ਤੇ ਪੱਤਰਕਾਰਾਂ ਨੂੰ ਦੱਸਿਅÎਾ ਕਿ ਹੁਣ ਤਕ 90 ਲਾਸ਼ਾਂ ਮਿਲ ਚੁੱਕੀਆਂ ਹਨ। ਕਈ ਜ਼ਖਮੀਆਂ ਨੂੰ ਗਵਾਲੀਅਰ  ਅਤੇ ਨੇੜੇ ਤੇੜੇ ਦੇ ਹਸਪਤਾਲਾਂ ‘ਚ  ਦਾਖਲ ਕਰਵਾਇਆ ਗਿਆ ਹੈ।   ਸੂਤਰਾਂ ਨੇ ਦੱਸਿਆ ਕਿ ਨਰਾਤਿਆਂ ਦੇ ਆਖਰੀ ਦਿਨ ਰਤਨਗੜ੍ਹ ਦੇਵੀ ਮੰਦਰ ‘ਚ ਦੇਵੀ ਦੇ ਦਰਸ਼ਨਾਂ ਲਈ ਦਤੀਆ ਅਤੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ‘ਚੋਂ ਵੀ ਭਾਰੀ ਗਿਣਤੀ ‘ਚ ਤੜਕੇ ਤੋਂ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਮਿਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਅÎਣਪਛਾਤੇ ਲੋਕਾਂ ਨੇ ਉਥੇ ਅਫਵਾਹ ਫੈਲਾ ਦਿੱਤੀ ਕਿ ਸਿੰਧ ਨਦੀ ਦਾ ਪੁਲ ਡਿਗਣ  ਵਾਲਾ ਹੈ, ਜਿਸ ਕਾਰਨ ਸ਼ਰਧਾਲੂਆਂ ‘ਚ ਜਾਨ ਬਚਾਉਣ ਲਈ ਇਹ ਭਾਜੜ ਪਈ।
ਮੰਦਰ ਨੂੰ ਜਾਣ ਵਾਲੇ ਇਕੋ ਇਕ ਪਹੁੰਚ ਮਾਰਗ ‘ਤੇ ਗੱਡੀਆਂ ਦਾ  7 ਤੋਂ 8 ਕਿਲੋਮੀਟਰ ਲੰਬਾ ਜਾਮ ਲੱਗਾ ਜਿਸ ਨਾਲ ਮੈਡੀਕਲ ਅਤੇ ਹੋਰ ਰਾਹਤ ਬਚਾਅ ਟੀਮਾਂ ਅਤੇ ਸਮੱਗਰੀ ਦੇ ਪੁੱਜਣ ‘ਚ ਅੜਿੱਕਾ ਲੱਗਾ।  ਭਾਜੜ ਮਗਰੋਂ ਪਥਰਾਅ ਕਰ ਰਹੀ ਭੜਕੀ ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਪਥਰਾਅ ਕਾਰਨ ਇਕ ਪੁਲਸ ਅਧਿਕਾਰੀ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਕੁਝ ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਸੂਬੇ ਦੇ ਰਾਜਪਾਲ ਰਾਮਨਰੇਸ਼ ਯਾਦਵ ਅਤੇ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਜੜ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਜਪਾਲ ਅਤੇ ਮੁਖ ਮੰਤਰੀ ਨੇ ਭਾਜੜ ਕਾਰਨ ਜ਼ਖਮੀ ਸ਼ਰਧਾਲੂਆਂ ਨੂੰ ਤੁਰੰਤ ਉਚਿਤ ਇਲਾਜ ਮੁਹੱਈਆ ਕਰਵਾਉਣ ਅਤੇ ਰਾਹਤ ਅਤੇ ਬਚਾਅ ਕੰਮਾਂ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਮੁਖ ਮੰਤਰੀ ਨਿਵਾਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੌਹਾਨ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਲੈ ਕੇ ਘਟਨਾ ‘ਚ ਮਾਰੇ ਗਏ ਲੋਕਾਂ ਦੇ ਵਾਰਿਸਾਂ ਨੁੰ ਡੇਢ-ਡੇਢ ਲੱਖ ਰੁਪਏ, ਗੰਭੀਰ ਤੌਰ ‘ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਅਤੇ ਹੋਰ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਤੁਰੰਤ ਮਦਦ ਐਲਾਨ ਰਾਜ ਸਰਕਾਰ ਵਲੋਂ ਕੀਤਾ ਹੈ। ਓਧਰ ਘਟਨਾ ਵਾਲੀ ਥਾਂ ‘ਤੇ ਪੁੱਜਣ ਦਾ ਯਤਨ ਕਰ ਰਹੇ ਖੇਤਰੀ ਵਿਧਾਇਕ ਅਤੇ ਸੂਬੇ ਦੇ ਸਿਹਤ ਮੰਤਰੀ ਡਾ. ਨਰੋਤਮ ਮਿਸ਼ਰ ਨੇ ਮੋਬਾਈਲ ਫੋਨ ‘ਤੇ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਜਿਸ ਦੇ ਮਗਰੋਂ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਮਨਮੋਹਨ ਤੇ ਸੋਨੀਆ ਨੇ ਦੁੱਖ ਪ੍ਰਗਟਾਇਆ  : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਘਟਨਾ ਨੂੰ ਦੁਖਦਾਈ ਦੱਸਦਿਆਂ ਉਨ੍ਹਾਂ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਆਪਣੇ ਕਰੀਬੀ ਲੋਕਾਂ ਨੂੰ ਗੁਆਇਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜ਼ਖਮੀ ਲੋਕਾਂ ਦਾ ਉਚਿਤ ਇਲਾਜ ਕੀਤਾ ਜਾਵੇਗਾ।
ਮੰਦਰਾਂ ‘ਚ ਭਾਜੜ ਦੀਆਂ ਘਟਨਾਵਾਂ
26 ਜਨਵਰੀ 2005 ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਦੇ ਮੰਧੇਰ ਦੇਵੀ  ਮੰਦਰ ਵਿਚ ਮਚੀ ਭਾਜੜ ਵਿਚ ਸੈਂਕੜੇ ਸ਼ਰਧਾਲੂਆਂ ਦੀ  ਮੌਤ ਹੋ ਗਈ  ਅਤੇ 200  ਤੋਂ ਜ਼ਿਆਦਾ ਸ਼ਰਧਾਲੂ ਜ਼ਖਮੀ ਹੋ ਗਏ ਸਨ।
3 ਅਗਸਤ 2008 ਨੂੰ ਹਿਮਾਚਲ ਪ੍ਰਦੇਸ਼ ਦੇ ਨੈਨਾ ਦੇਵੀ  ਮੰਦਰ ਵਿਚ ਹੋਈ ਭਾਜੜ ਵਿਚ ਕਰੀਬ 162 ਵਿਅਕਤੀਆਂ ਦੀ  ਜਾਨ ਚਲੀ ਗਈ ਅਤੇ 47 ਜਣੇ ਜ਼ਖਮੀ ਹੋ ਗਏ।
30 ਸਤੰਬਰ 2008 ਨੂੰ ਜੋਧਪੁਰ ਦੇ ਚਮੁੰਡਾ ਦੇਵੀ ਮੰਦਰ ਵਿਚ ਬੰਬ ਦੀ ਅਫਵਾਹ ਤੋਂ ਬਾਅਦ ਭਾਜੜ ਵਿਚ ਲਗਭਗ 147 ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪਈ।
4 ਮਾਰਚ 2010 ਨੂੰ ਕੁੰਡਾ ਦੇ ਰਾਮ ਜਾਨਕੀ ਮੰਦਰ ਵਿਚ ਮਚੀ ਭਾਜੜ ਵਿਚ ਕਰੀਬ 71 ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਵੀ ਜ਼ਿਆਦਾ ਲੋਕ ਜ਼ਖਮੀ ਹੋ ਗਏ।
15 ਜਨਵਰੀ 2011 ਨੂੰ ਕੇਰਲ ਦੇ ਸਬਰੀਮਾਲਾ ਮੰਦਰ ਵਿਚ ਭਾਜੜ ਕਾਰਨ ਲਗਭਗ 102 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।
ਇਸ ਹਾਦਸੇ ਵਿਚ ਜ਼ਖਮੀਆਂ ਦੀ ਗਿਣਤੀ ਵੀ 100 ਤੱਕ ਪਹੁੰਚ ਗਈ ਸੀ।
8 ਨਵੰਬਰ 2011 ਨੂੰ ਹਰਿਦੁਆਰ ਵਿਚ ਗੰਗਾ ਦੇ ਕਿਨਾਰੇ ਆਯੋਜਿਤ ਇਕ ਧਾਰਮਿਕ ਯੱਗ ਵਿਚ ਭਾਜੜ ਮਚ ਜਾਣ ਨਾਲ 16 ਵਿਅਕਤੀਆਂ ਦੀ ਜਾਨ ਚਲੀ ਗਈ।
19 ਨਵੰਬਰ 2012 ਨੂੰ ਪਟਨਾ ਦੇ ਅਦਾਲਤਗੰਜ ਘਾਟ ‘ਤੇ ਛਠ ਪੂਜਾ ਦੌਰਾਨ ਭਾਜੜ ਮਚ ਗਈ ਜਿਸ ਵਿਚ ਕਰੀਬ 18 ਵਿਅਕਤੀਆਂ ਨੂੰ ਜਾਨ ਗੁਆਉਣੀ ਪਈ।

Facebook Comment
Project by : XtremeStudioz