Close
Menu

ਮੱਧ ਪ੍ਰਦੇਸ਼ ਵਿੱਚ 74 ਅਤੇ ਮਿਜ਼ੋਰਮ ਵਿੱਚ 75 ਫੀਸਦੀ ਮਤਦਾਨ

-- 29 November,2018

ਭੋਪਾਲ/ਐਜ਼ੌਲ, 29 ਨਵੰਬਰ
ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਅੱਜ 74.1 ਫੀਸਦੀ ਜਦੋਂ ਕਿ ਮਿਜ਼ੋਰਮ ਵਿਧਾਨ ਸਭਾ ਲਈ 75 ਫੀਸਦੀ ਲੋਕਾਂ ਨੇ ਮਤਦਾਨ ਕੀਤਾ। ਮੱਧ ਪ੍ਰਦੇਸ਼ ਵਿੱਚ 227 ਸੀਟਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੋਲਿੰਗ ਹੋਈ, ਜਦੋਂ ਕਿ ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ ਵਿੱਚ ਲੰਜੀ, ਪਾਰਸਵਾੜਾ ਅਤੇ ਬਾਇਹਰ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤਕ ਵੋਟਾਂ ਪਈਆਂ। ਸੂਬਾਈ ਮੁੱਖ ਚੋਣ ਅਫਸਰ ਵੀਐਲ ਕਾਂਤੀ ਰਾਓ ਨੇ ਦੱਸਿਆ ਕਿ ਕਈ ਥਾਵਾਂ ਤੋਂ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਦੀਆਂ ਸ਼ਿਕਾਇਤਾਂ ਮਿਲਣ ਬਾਅਦ 1145 ਈਵੀਐਮ ਅਤੇ 1545 ਵੀਵੀਪੈਟ ਮਸ਼ੀਨਾਂ ਨੂੰ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਧਾਰ, ਇੰਦੌਰ ਅਤੇ ਗੁਨਾ ਜ਼ਿਲ੍ਹਿਆਂ ਵਿੱਚ ਚੋਣ ਡਿਊਟੀ ਦੌਰਾਨ ਸਿਹਤ ਕਾਰਨਾਂ ਕਾਰਨ ਤਿੰਨ ਮੁਲਾਜ਼ਮਾਂ ਦੀ ਮੌਤ ਹੋਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਪਤਨੀ ਨਾਲ ਜੱਦੀ ਪਿੰਡ ਜੈਤ ਵਿੱਚ ਵੋਟਾਂ ਪਾਈਆਂ। ਕਮਲ ਨਾਥ ਨੇ ਛਿੰਦਵਾੜਾ ਜ਼ਿਲ੍ਹੇ ਵਿੱਚ ਜਦੋਂ ਕਿ ਸਿੰਧੀਆ ਨੇ ਗਵਾਲੀਅਰ ਵਿੱਚ ਆਪਣੀ ਵੋਟ ਪਾਈ।
ਦੂਜੇ ਪਾਸੇ ਮਿਜ਼ੋਰਮ ਦੇ ਮੁੱਖ ਚੋਣ ਅਫਸਰ ਆਸ਼ੀਸ਼ ਕੁੰਦਰਾ ਨੇ ਦੱਸਿਆ ਕਿ ਇਥੇ 40 ਸੀਟਾਂ ਲਈ 75 ਫੀਸਦੀ ਮਤਦਾਨ ਹੋਇਆ। ਸਰਚਿਪ ਸੀਟ ’ਤੇ ਸਭ ਤੋਂ ਵਧ 81 ਫੀਸਦੀ ਪੋਲਿੰਗ ਹੋਈ। ਇਥੋਂ ਮੁੱਖ ਮੰਤਰੀ ਲਾਲ ਥਨਾਵਲਾ ਚੋਣ ਲੜ ਰਹੇ ਹਨ। ਕੁੰਦਰਾ ਨੇ ਚੋਣ ਅਮਲ ਸ਼ਾਂਤੀ ਪੂਰਨ ਨੇਪਰੇ ਚੜ੍ਹਨ ਲਈ ਲੋਕਾਂ ਨੂੰ ਵਧਾਈ ਦਿੱਤੀ।

Facebook Comment
Project by : XtremeStudioz