Close
Menu

ਯਾਸਿਰ ਦੀ ਫ਼ਿਰਕੀ ’ਚ ਉਲਝਿਆ ਨਿਊਜ਼ੀਲੈਂਡ

-- 27 November,2018

ਦੁਬਈ, 27 ਨਵੰਬਰ
ਫ਼ਿਰਕੀ ਗੇਂਦਬਾਜ਼ ਯਾਸਿਰ ਸ਼ਾਹ ਦੀਆਂ ਅੱਠ ਵਿਕਟਾਂ ਦੀ ਬਦੌਲਤ ਪਾਕਿਸਤਾਨ ਨੇ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਨੂੰ ਸਿਰਫ਼ 90 ਦੌੜਾਂ ’ਤੇ ਆਊਟ ਕਰਕੇ ਉਸ ਨੂੰ ਫਾਲੋਆਨ ਲਈ ਮਜ਼ਬੂਰ ਕਰ ਦਿੱਤਾ। 32 ਸਾਲ ਦੇ ਯਾਸਿਰ ਨੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 12.3 ਓਵਰਾਂ ਵਿੱਚ 41 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ। ਨਿਊਜ਼ੀਲੈਂਡ ਦਾ ਸਕੋਰ ਇੱਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 50 ਦੌੜਾਂ ਸੀ, ਪਰ ਇਸੇ ਸਕੋਰ ’ਤੇ ਪਹਿਲਾ ਝਟਕਾ ਲੱਗਣ ਮਗਰੋਂ ਟੀਮ ਨੇ 40 ਦੌੜਾਂ ਲੈਂਦਿਆਂ ਸਾਰੀਆਂ ਵਿਕਟਾਂ ਗੁਆ ਲਈਆਂ।
ਯਾਸਿਰ ਨੇ ਫਾਲੋਆਨ ਲਈ ਉਤਰੀ ਨਿਊਜ਼ੀਲੈਂਡ ਨੂੰ ਦੂਜੀ ਪਾਰੀ ਵਿੱਚ ਦੋ ਹੋਰ ਝਟਕੇ ਦਿੱਤੇ। ਉਸ ਨੇ ਸਲਾਮੀ ਬੱਲੇਬਾਜ਼ ਜੀਤ ਰਾਵਲ (ਦੋ ਦੌੜਾਂ) ਅਤੇ ਫਿਰ ਕਪਤਾਨ ਵਿਲੀਅਮਸਨ (30 ਦੌੜਾਂ) ਵਜੋਂ ਮੈਚ ਵਿੱਚ ਆਪਣੀ ਦਸਵੀਂ ਵਿਕਟ ਲਈ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਟੀਮ ਦਾ ਸਕੋਰ ਦੋ ਵਿਕਟਾਂ ’ਤੇ 131 ਦੌੜਾਂ ਸੀ। ਟਾਮ ਲੈਥਮ (44 ਦੌੜਾਂ) ਅਤੇ ਅਨੁਭਵੀ ਰੋਸ ਟੇਲਰ (49 ਦੌੜਾਂ) ਕ੍ਰੀਜ਼ ’ਤੇ ਡਟੇ ਹੋਏ ਸਨ। ਟੀਮ ਨੂੰ ਪਾਰੀ ਦੀ ਹਾਰ ਟਾਲਣ ਲਈ ਹਾਲੇ ਵੀ 197 ਦੌੜਾਂ ਦੀ ਲੋੜ ਹੈ ਅਤੇ ਉਸ ਦੀਆਂ ਅੱਠ ਵਿਕਟਾਂ ਬਚੀਆਂ ਹਨ। ਟੇਲਰ ਅਤੇ ਲੈਥਮ ਵਿਚਾਲੇ ਹੁਣ ਤੱਕ 65 ਦੌੜਾਂ ਦੀ ਸਾਂਝੇਦਾਰੀ ਹੋ ਗਈ ਹੈ। ਟੇਲਰ ਨੇ 53 ਗੇਂਦਾਂ ਦੀ ਆਪਣੀ ਨਾਬਾਦ ਪਾਰੀ ਦੌਰਾਨ ਛੇ ਚੌਕੇ ਅਤੇ ਇੱਕ ਛੱਕਾ ਮਾਰਿਆ। ਲੈਥਮ ਨੇ 141 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਮਾਰੇ।
ਮੀਂਹ ਕਾਰਨ ਤੀਜੇ ਦਿਨ ਦੀ ਖੇਡ ਦੇਰ ਨਾਲ ਸ਼ੁਰੂ ਹੋਈ। ਨਿਊਜ਼ੀਲੈਂਡ ਨੇ ਦਿਨ ਦੀ ਸ਼ੁਰੂਆਤ ਪਹਿਲੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾਂ ਨਾਲ ਕੀਤੀ, ਪਰ ਯਾਸਿਰ ਦੀ ਤੇਜ਼ਧਾਰ ਗੇਂਦਬਾਜ਼ੀ ਅੱਗੇ ਉਸ ਦੀ ਇੱਕ ਨਾ ਚੱਲੀ। ਉਸ ਨੇ ਆਪਣੇ ਨੌਵੇਂ ਓਵਰ ਵਿੱਚ ਲੈਥਮ (22), ਟੇਲਰ (ਸਿਫ਼ਰ) ਅਤੇ ਹੈਨਰੀ ਨਿਕੋਲਸ (ਸਿਫ਼ਰ) ਦੀਆਂ ਵਿਕਟਾਂ ਲਈਆਂ, ਜਿਸ ਨਾਲ ਨਿਊਜ਼ੀਲੈਂਡ ਦੀ ਪਾਰੀ ਨੂੰ ਬ੍ਰੇਕ ਲੱਗ ਗਈ। ਯਾਸਿਰ ਨੇ 16 ਮੈਚਾਂ ਵਿੱਚ 15ਵੀਂ ਵਾਰ ਪਾਰੀ ਵਿੱਚ ਪੰਜ ਤੋਂ ਵੱਧ ਵਿਕਟਾਂ ਲਈਆਂ ਹਨ। ਉਸ ਦਾ ਪਿਛਲਾ ਪ੍ਰਦਰਸ਼ਨ ਸ੍ਰੀਲੰਕਾ ਖ਼ਿਲਾਫ਼ 2015 ਵਿੱਚ ਗਾਲ ਵਿੱਚ 76 ਦੌੜਾਂ ’ਤੇ ਸੱਤ ਵਿਕਟਾਂ ਸੀ। ਉਸ ਨੇ ਇਸ ਦੌਰਾਨ ਈਸ਼ ਸੋਢੀ ਨੂੰ ਆਊਟ ਕਰਕੇ ਆਪਣੀ 100ਵੀਂ ਟੈਸਟ ਵਿਕਟ ਵੀ ਲਈ।
ਉਹ ਨਿਊਜ਼ੀਲੈਂਡ ਖ਼ਿਲਾਫ਼ ਪਾਰੀ ਵਿੱਚ ਸਰਵੋਤਮ ਗੇਂਦਬਾਜ਼ੀ ਕਰਨ ਵਾਲਾ ਪਾਕਿਸਤਾਨੀ ਗੇਂਦਬਾਜ਼ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਤਿਖ਼ਾਬ ਆਲਮ ਦੇ ਨਾਮ ਸੀ। ਉਸ ਨੇ 1973 ਵਿੱਚ ਡੁਨੇਡਿਨ ਵਿੱਚ 52 ਦੌੜਾਂ ’ਤੇ ਸੱਤ ਵਿਕਟਾਂ ਲਈਆਂ ਸਨ। ਨਿਊਜ਼ੀਲੈਂਡ ਦੇ ਛੇ ਬੱਲੇਬਾਜ਼ ਪਹਿਲੀ ਪਾਰੀ ਵਿੱਚ ਖਾਤਾ ਖੋਲ੍ਹੇ ਬਿਨਾਂ ਆਊਟ ਹੋਏ। ਟੈਸਟ ਇਤਿਹਾਸ ਵਿੱਚ ਇਹ ਪੰਜਵੀਂ ਵਾਰ ਹੋਇਆ, ਜਦੋਂ ਕਿਸੇ ਟੀਮ ਦੇ ਛੇ ਬੱਲੇਬਾਜ਼ ਖਾਤਾ ਖੋਲ੍ਹੇ ਬਿਨਾਂ ਪੈਵਿਲੀਅਨ ਪਰਤੇ ਹਨ। ਰਾਵਲ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ, ਜਦਕਿ ਵਿਲੀਅਮਸਨ 28 ਦੌੜਾਂ ’ਤੇ ਨਾਬਾਦ ਰਿਹਾ। ਪਾਕਿਸਤਾਨ ਨੇ ਪਹਿਲੀ ਪਾਰੀ ਪੰਜ ਵਿਕਟਾਂ ’ਤੇ 418 ਦੌੜਾਂ ’ਤੇ ਐਲਾਨ ਦਿੱਤੀ ਸੀ। ਤਿੰਨ ਮੈਚਾਂ ਦੀ ਟੈਸਟ ਲੜੀ ਵਿੱਚ ਨਿਊਜ਼ੀਲੈਂਡ 1-0 ਨਾਲ ਅੱਗੇ ਹੈ, ਜਦਕਿ ਇਸ ਦਾ ਤੀਜਾ ਮੈਚ ਤਿੰਨ ਦਸੰਬਰ ਨੂੰ ਆਬੂਧਾਬੀ ਵਿੱਚ ਖੇਡਿਆ ਜਾਵੇਗਾ।

Facebook Comment
Project by : XtremeStudioz