Close
Menu

ਯਿੰਗਲਕ ਖ਼ਿਲਾਫ਼ ਸਰਕਾਰ ਵੱਲੋਂ ਦੋਸ਼ ਆਇਦ

-- 19 February,2015

ਬੈਂਕਾਕ, ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਾਵਾਤਰਾ ਖ਼ਿਲਾਫ਼ ਚੌਲ ਸਬਸਿਡੀ ਪੋ੍ਰਗਰਾਮ ਨੂੰ ਅੱਖੋਂ ਪਰੋਖੇ ਕਰਨ ਦੇ ਮਾਮਲੇ ਵਿੱਚ ਸਰਕਾਰ ਨੇ ਦੋਸ਼ ਆਇਦ ਕਰ ਦਿੱਤੇ ਹਨ। ਇਸ ਅਣਗਹਿਲੀ ਕਾਰਨ ਦੇਸ਼ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਤੇ ਦੁਨੀਆ ਵਿੱਚ ਸਭ ਤੋਂ ਵੱਧ ਚੌਲ ਨਿਰਯਾਤ ਕਰਨ ਦਾ ਤਾਜ ਵੀ ਖ਼ੁਸ ਗਿਆ। ਇਹ ਤਾਜ ਭਾਰਤ ਨੂੰ ਮਿਲ ਗਿਆ ਤੇ ਵੀਅਤਨਾਮ ਦੂਜੇ ਸਥਾਨ ‘ਤੇ ਆ ਗਿਆ। ਅਟਾਰਨੀ ਜਨਰਲ ਨੇ ਦੇਸ਼ ਦੀ ਸਭ ਤੋਂ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਖ਼ਿਲਾਫ਼ ਫੌਜਦਾਰੀ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕੁਰਸੀ ‘ਤੇ ਬੈਠੇ ਹੋਣ ਸਮੇਂ ਇਸ ਮੁੱਦੇ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਸਨ, ਜਿਸ ਕਾਰਨ ਸਰਕਾਰੀ ਖਜ਼ਾਨਾ ‘ਲੁੱਟ’ ਗਿਆ।  ਇਸ ਮਗਰੋਂ ਥਾਈਲੈਂਡ ਵਿੱਚ ਸਿਆਸੀ ਹਾਲਾਤ ਤਣਾਅਪੂਰਨ ਹੋ ਸਕਦੇ ਹਨ।
ਸਰਕਾਰੀ ਵਕੀਲਾਂ ਨੇ ਦੇਸ਼ ਦੀ ਸੁਪਰੀਮ ਕੋਰਟ ਵਿੱਚ ਦਸਤਾਵੇਜ਼ਾਂ ਦੇ 20 ਬਕਸੇ ਪੇਸ਼ ਕੀਤੇ। ਦੂਜੇ ਪਾਸੇ ਯਿੰਗਲਕ ਅੱਜ ਅਦਾਲਤ ਵਿੱਚ ਨਹੀਂ ਪੁੱਜੀ ਤੇ ਉਸ ਨੇ ਆਪਣੇ ਵਕੀਲ ਜੋਰਾਵਿਚ ਲਾਰਲੇਂਗ ਨੂੰ ਭੇਜ ਦਿੱਤਾ। ਲਾਰਲੇਂਗ ਨੇ ਆਪਣੀ ਮੁਵੱਕਿਲ ਦਾ  ਪੱਤਰ ਅਟਾਰਨੀ ਜਨਰਲ ਦੇ ਸਪੁਰਦ ਕੀਤਾ। ਜਿਸ ਵਿੱਚ ਸਰਕਾਰੀ ਵਕੀਲ ਨੂੰ ਨਾ ਮਿਲ ਸਕਣ ਦੇ ਕਾਰਨ ਦੱਸੇ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਮੁੱਖ ਤੌਰ ‘ਤੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਦਾ ਦੋਸ਼ ਹੈ। ਹੁਣ ਸੁਪਰੀਮ ਕੋਰਟ 19 ਮਾਰਚ ਨੂੰ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਮੁਕੱਦਮਾ ਚਲਾਉਣ ਜਾਂ ਨਾ ਚਲਾਉਣ ਬਾਰੇ ਫੈਸਲਾ ਕਰੇਗੀ। ਯਿੰਗਲਕ ਨੂੰ ਪਿਛਲੇ ਸਾਲ ਮਈ ਵਿੱਚ ਸੱਤਾ ਤੋਂ ਲਾਂਭੇ ਕਰਕੇ ਫੌਜ ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ।

Facebook Comment
Project by : XtremeStudioz