Close
Menu

ਯੂਏਈ ਖ਼ਿਲਾਫ਼ ਜਿੱਤ ਦੀ ਹੈਟ੍ਰਿਕ ਬਣਾਉਣ ਉਤਰੇਗਾ ਭਾਰਤ

-- 27 February,2015

ਪਰਥ, ਪਹਿਲੇ ਦੋ ਮੈਚਾਂ ਵਿੱਚ ਪਾਕਿਸਤਾਨ ਤੇ ਦੱਖਣੀ ਅਫਰੀਕਾ ਨੂੰ ਹਰਾਉਣ ਬਾਅਦ ਸਾਬਕਾ ਚੈਂਪੀਅਨ ਭਾਰਤ ਸ਼ਨਿਚਰਵਾਰ ਨੂੰ ਇੱਥੇ ਕਮਜ਼ੋਰ ਮੰਨੀ ਜਾਣ ਵਾਲੀ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਟੀਮ ਖ਼ਿਲਾਫ਼ ਵਿਸ਼ਵ ਕੱਪ ਦੇ ਆਪਣੇ ਤੀਜੇ ਪੂਲ ’ਚ ਜਿੱਤ ਦੀ ਹੈਟ੍ਰਿਕ ਲਗਾਉਣ ਦੇ ਇਰਾਦੇ ਨਾਲ ਉਤਰੇਗਾ। ਭਾਰਤ ਨੂੰ ਭਲਕੇ ਦੇ ਮੈਚ ’ਚ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਭਾਰਤ ਨੇ ਆਪਣੇ ਪਹਿਲੇ ਦੋ ਮੈਚਾਂ ’ਚ ਪਾਕਿਸਤਾਨ ਤੇ ਦੱਖਣੀ ਅਫਰੀਕਾ ਖ਼ਿਲਾਫ਼ ਕ੍ਰਮਵਾਰ 76 ਤੇ 130 ਦੌੜਾਂ ਦੀ ਜਿੱਤ ਦਰਜ ਕੀਤੀ। ਇਨ੍ਹਾਂ ਮੈਚਾਂ ’ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਦੋਂ ਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਉਮੀਦ ਤੋਂ ਵੱਧ ਰਿਹਾ ਸੀ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਵੀ ਭਲਕੇ ਦਾ ਮੈਚ ਜਿੱਤ ਕੇ ਗਰੁੱਪ ’ਚ ਆਪਣਾ ਸਿਖਰਲਾ ਸਥਾਨ ਮਜ਼ਬੂਤ ਕਰਨ ’ਤੇ ਟਿਕੀ ਹੋਈ ਹੈ ਕਿਉਂਕਿ ਅਜਿਹੀ ਸਥਿਤੀ ’ਚ ਉਸ ਨੂੰ ਕੁਆਰਟਰ ਫਾਈਨਲ ’ਚ ਗਰੁੱਪ ‘ਏ’ ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਭਿੜਨਾ ਪਵੇਗਾ।  ਯੂਏਈ ਦਾ ਕਪਤਾਨ ਮੁਹੰਮਦ ਤੌਕੀਰ 43 ਸਾਲ ਤੇ 43 ਦਿਨ ਦੀ ਉਮਰ ਨਾਲ ਇਸ ਟੂਰਨਾਮੈਂਟ ਦਾ ਦੂਜਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਟੀਮ ਦਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਸਾਬਕਾ ਕਪਤਾਨ ਖੁਰਮ ਖ਼ਾਨ ਹੈ, ਜੋ 43 ਸਾਲ ਤੇ 250 ਦਿਨ ਦਾ ਹੈ। ਟੀਮ ਦੇ ਤਿੰਨ ਗੇਂਦਬਾਜ਼ਾਂ ਅਸਾਂਕਾ ਗੁਰੂਗੇ, ਮੁਹੰਮਦ ਨਾਵੀਦ ਅਤੇ ਅਮਜਦ ਜਾਵੇਦ ਨੇ 10 ਤੋਂ ਘੱਟ ਵਨ-ਡੇਅ ਮੈਚ ਖੇਡੇ ਹਨ। ਇਸ ਲਈ ਧੋਨੀ, ਕੋਹਲੀ ਤੇ ਰਹਾਣੇ ਵਰਗੇ ਬੱਲੇਬਾਜ਼ਾਂ ਸਾਹਮਣੇ ਯੂਏਈ ਦੀ ਰਾਹ ਆਸਾਨ ਨਹੀਂ ਹੋਵੇਗੀ।
ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਰਵੋਤਮ ਵਿਅਕਤੀਗਤ ਪਾਰੀ ਦਾ ਰਿਕਾਰਡ ਕਾਇਮ ਕਰਨ ਵਾਲਾ ਰੋਹਿਤ ਯੂਏਈ ਖ਼ਿਲਾਫ਼ ਵੱਡੀ ਪਾਰੀ ਖੇਡਣ ਦੇ ਇਰਾਦੇ ਨਾਲ ਉਤਰੇਗਾ। ਕਪਤਾਨ ਧੋਨੀ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਫਾਰਮ ਨਾਲ ਜੂਝ ਰਿਹਾ ਹੈ। ਤੇਜ਼ ਗੇਂਦਬਾਜ਼ਾਂ ’ਚ ਉਮੇਸ਼ ਯਾਦਵ (ਦੋ ਮੈਚਾਂ ’ਚ ਦੋ ਵਿਕਟਾਂ) ਨੂੰ ਲਾਈਨ ਤੇ ਲੈਂਥ ਨੂੰ ਲੈ ਕੇ ਕੁਝ ਪ੍ਰੇਸ਼ਾਨੀ ਝੱਲਣੀ ਪਈ ਪਰ ਉਸ ਨੇ ਤੇਜ਼ ਗਤੀ ਨਾਲ ਗੇਂਦਬਾਜ਼ੀ ਕੀਤੀ। ਮੋਹਿਤ ਸ਼ਰਮਾ ਦੋ ਮੈਚਾਂ ’ਚ ਚਾਰ ਵਿਕਟਾਂ ਝਟਕਾ ਚੁੱਕਾ ਹੈ।
ਇਸ਼ਾਂਤ ਸ਼ਰਮਾ ਦੀ ਸੱਟ ਅਤੇ ਭੁਵਨੇਸ਼ਵਰ ਕੁਮਾਰ ਦੇ ਫਿੱਟ ਨਾ ਹੋਣ ਕਾਰਨ ਟੀਮ ’ਚ ਜਗ੍ਹਾ ਬਣਾਉਣ ਵਾਲੇ ਮੋਹਿਤ ਨੇ ਮੌਕੇ ਦਾ ਕਾਫੀ ਚੰਗਾ ਫਾਇਦਾ ਉਠਾਇਆ ਹੈ। ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਸਪਿੰਨ ਜੋੜੀ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਧੋਨੀ ਦੀ ਚਿੰਤਾ ਘੱਟ ਕੀਤੀ ਹੈ। ਯੂਏਈ ਨੇ ਪਹਿਲੇ ਦੋ ਮੈਚਾਂ ਵਿੱਚ 275 ਦੌੜਾਂ ਤੋਂ ਵੱਧ ਸਕੋਰ ਖੜ੍ਹਾ ਕੀਤਾ ਪਰ ਉਸ ਦੇ ਗੇਂਦਬਾਜ਼ ਇਸ ਦਾ ਬਚਾਅ ਕਰਨ ’ਚ ਨਾਕਾਮ ਰਹੇ।

ਯੂਏਈ ਖ਼ਿਲਾਫ਼ ਨਹੀਂ ਖੇਡੇਗਾ ਸ਼ਮੀ
ਭਾਰਤ ਨੂੰ ਭਲਕੇ ਇਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਖ਼ਿਲਾਫ ਹੋਣ ਵਾਲੇ ਅਗਲੇ ਵਿਸ਼ਵ ਕੱਪ ਕ੍ਰਿਕਟ ਮੈਚ ’ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਘਾਟ ਰੜਕੇਗੀ, ਜੋ ਗੋਡੇ ਦੀ ਸੱਟ ਕਾਰਨ ਇਹ ਮੈਚ ਨਹੀਂ ਖੇਡ ਸਕੇਗਾ। ਟੀਮ ਦੇ ਮੀਡੀਆ ਮੈਨੇਜਰ ਆਰ.ਐਨ. ਬਾਬਾ ਅਨੁਸਾਰ ਸ਼ਮੀ ਦੇ ਗੋਡੇ ’ਤੇ ਸੱਟ ਲੱਗੀ ਹੈ ਅਤੇ ਸੱਟ ਦੀ ਗੰਭੀਰਤਾ ਨਾਲ ਪੜਤਾਲ ਲਈ ਸ਼ਮੀ ਨੂੰ ਯੂਏਈ ਖ਼ਿਲਾਫ਼ ਮੈਚ ’ਚ ਆਰਾਮ ਦਿੱਤਾ ਜਾਵੇਗਾ।

Facebook Comment
Project by : XtremeStudioz