Close
Menu

ਯੂਐਨ ਮੁਖੀ ਵੱਲੋਂ ਭਾਰਤ-ਪਾਕਿ ਨੂੰ ਸੰਜਮ ਵਰਤਣ ਦੀ ਸਲਾਹ

-- 21 February,2019

ਸੰਯੁਕਤ ਰਾਸ਼ਟਰ, 21 ਫਰਵਰੀ
ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਵਾਮਾ ਹਮਲੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਬਣੀ ਤਲਖੀ ਨੂੰ ਘੱਟ ਕਰਨ ਲਈ ਸੰਜਮ ਤੋਂ ਕੰਮ ਲੈਂਦਿਆਂ ਇਸ ਪਾਸੇ ‘ਫੌਰੀ ਕਦਮ’ ਚੁੱਕਣ। ਯੂਐਨ ਮੁਖੀ ਨੇ ਜ਼ੋਰ ਦੇ ਕਿਹਾ ਕਿ ਜੇਕਰ ਦੋਵੇਂ ਮੁਲਕ ਕਹਿਣ ਤਾਂ ਉਨ੍ਹਾਂ ਵਿਚਲੀ ਕੁੜੱਤਣ ਨੂੰ ਘੱਟ ਕਰਨ ਲਈ ਉਨ੍ਹਾਂ (ਯੂਐਨ) ਦਾ ਦਫ਼ਤਰ ਵਿਚੋਲਗੀ ਕਰ ਸਕਦਾ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਯੁਐਨ ਮੁਖੀ ਨੇ ਦੋਵਾਂ ਧਿਰਾਂ ਨੂੰ ਸੰਜਮ ਨਾਲ ਕੰਮ ਲੈਣ ਤੇ ਤਣਾਅ ਘੱਟ ਕਰਨ ਲਈ ਫੌਰੀ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਜੇਕਰ ਦੋਵੇਂ ਮੁਲਕ ਹਾਮੀ ਭਰਦੇ ਹਨ ਤਾਂ ਉਹ ਵਿਚੋਲਗੀ ਲਈ ਹਮੇਸ਼ਾਂ ਤਿਆਰ ਹਨ।’ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਮਿਸ਼ਨ ਨੇ ਇਸ ਮੁੱਦੇ ’ਤੇ ਯੂਐਨ ਮੁਖੀ ਨਾਲ ਮੀਟਿੰਗ ਕਰਾਏ ਜਾਣ ਦੀ ਗੁਜ਼ਾਰਿਸ਼ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਦੋਵਾਂ ਮੁਲਕਾਂ ਵਿਚਾਲੇ ਤਲਖੀ ਨੂੰ ਘੱਟ ਕਰਨ ਲਈ ਪੇਸ਼ਕਦਮੀ ਕਰਨੀ ਚਾਹੀਦੀ ਹੈ। ਦੁਜਾਰਿਕ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ‘… ਭਾਰਤ ਤੇ ਪਾਕਿਸਤਾਨ ਵਿਚਾਲੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਸੀਂ ਕਾਫ਼ੀ ਫ਼ਿਕਰਮੰਦ ਹਾਂ।’ ਉਨ੍ਹਾਂ ਦੱਸਿਆ ਕਿ ਯੂਐਨ ਵਿੱਚ ਪਾਕਿਸਤਾਨ ਦੇ ਮਿਸ਼ਨ ਨੇ ਸੰਯੁਕਤ ਰਾਸ਼ਟਰ ਦੀ ਸਕੱਤਰ ਜਨਰਲ ਨਾਲ ਮੀਟਿੰਗ ਸਬੰਧੀ ਬੇਨਤੀ ਕੀਤੀ ਹੈ।

Facebook Comment
Project by : XtremeStudioz