Close
Menu

ਯੂਐਸ ਓਪਨ ਟੈਨਿਸ: ਨਡਾਲ ਤੇ ਜੋਕੋਵਿਚ ਦਰਮਿਆਨ ਖਿਤਾਬੀ ਭੇੜ

-- 09 September,2013

Rafael Nadal

ਨਿਊਯਾਰਕ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਪੇਨ ਦਾ ਰਾਫੇਲ ਨਡਾਲ ਹਾਰਡਕੋਰਟ ’ਤੇ ਲਗਾਤਾਰ 21 ਮੈਚ ਜਿੱਤ ਕੇ ਅਮਰੀਕੀ ਓਪਨ ਟੈਨਿਸ ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਵਿਸ਼ਵ ਦਾ ਅੱਵਲ ਦਰਜਾ ਖਿਡਾਰੀ ਨੋਵਾਕ ਜੋਕੋਵਿਚ ਵੀ ਫਾਈਨਲ ਵਿਚ ਪਹੁੰਚ ਗਿਆ ਹੈ। ਨਡਾਲ ਨੇ ਸੈਮੀ ਫਾਈਨਲ ਵਿਚ ਫਰਾਂਸ ਦੇ ਰਿਚਰਡ ਗੈਸਕੁਈ ਨੂੰ 6-4, 7-6, 7-1, 6-2 ਨਾਲ ਹਰਾਇਆ। ਨਡਾਲ ਗੋਡੇ ਦੇ ਅਪਰੇਸ਼ਨ ਕਾਰਨ 2012 ਅਮਰੀਕੀ ਓਪਨ ਨਹੀਂ ਖੇਡ ਸਕਿਆ ਸੀ। ਉਸ ਦੇ 12 ਗਰੈਂਡ ਸਲੈਮ ਖਿਤਾਬਾਂ ਵਿਚ 2010 ਦਾ ਯੂਐਸ ਓਪਨ ਵੀ ਸ਼ਾਮਲ ਹੈ।

ਮੈਚ ਜਿੱਤਣ ਬਾਅਦ ਨਡਾਲ ਨੇ ਕਿਹਾ, ‘‘ਇਹ ਸ਼ਾਨਦਾਰ ਹੈ। ਪਿਛਲੇ ਸਾਲ ਜੋ ਹੋਇਆ ਸੀ, ਉਸ ਨੂੰ ਦੇਖਦਿਆਂ ਸੋਮਵਾਰ ਨੂੰ ਫਾਈਨਲ ਖੇਡਣਾ ਮੇਰੇ ਲਈ ਸੁਪਨੇ ਵਾਂਗ ਹੈ। ਇਹ ਦੋ ਹਫ਼ਤੇ ਮੇਰੇ ਲਈ ਸ਼ਾਨਦਾਰ ਰਹੇ ਹਨ।’’ ਸਰਬੀਆ ਦੇ ਜੋਕੋਵਿਚ ਨੇ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਸਵਿੱਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ ਚਾਰ ਘੰਟੇ ਨੌਂ ਮਿੰਟ ਤਕ ਚੱਲੇ ਮੁਕਾਬਲੇ ਵਿਚ 2-6, 7-6, 7-4, 3-6, 6-3 ਨਾਲ ਮਾਤ ਦਿੱਤੀ। ਜੋਕੋਵਿਚ ਲਗਾਤਾਰ ਆਪਣੇ ਚੌਥੇ ਅਤੇ ਓਵਰਆਲ ਪੰਜਵੇਂ ਅਮਰੀਕੀ ਓਪਨ ਅਤੇ 12 ਗਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚਿਆ ਹੈ। ਨਡਾਲ ਅਤੇ ਜੋਕੋਵਿਚ ਵਿਚਕਾਰ ਮੈਚਾਂ ਦਾ ਰਿਕਾਰਡ 21-15 ਦਾ ਹੈ। ਇਸ ਮੈਚ ਬਾਅਦ ਉਹ ਓਪਨ ਯੁੱਗ ਦੇ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਜੌਹਨ ਮੈਕਨਰੋ ਅਤੇ ਇਵਾਨ ਲੈਂਡਿਲ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।
ਜ਼ਿਕਰਯੋਗ ਹੈ ਕਿ ਨਡਾਲ ਨੇ ਹਾਲ ਹੀ ਵਿਚ ਫਰੈਂਚ ਓਪਨ ਦੇ ਸੈਮੀ ਫਾਈਨਲ ਅਤੇ ਪਿਛਲੇ ਮਹੀਨੇ ਮਾਂਟਰੀਅਲ ਦੇ ਸੈਮੀ ਫਾਈਨਲ ਵਿਚ ਜੋਕੋਵਿਚ ਖ਼ਿਲਾਫ਼ ਜਿੱਤ ਦਰਜ ਕੀਤੀ ਸੀ। ਯੂਐਸ ਓਪਨ ਦੇ ਫਾਈਨਲ ਵਿਚ ਨਡਾਲ ਦੋ ਵਾਰ ਜੋਕੋਵਿਚ ਖ਼ਿਲਾਫ਼ ਖੇਡ ਚੁੱਕਾ ਹੈ। ਸਾਲ 2010 ਵਿਚ ਟਰਾਫੀ ਜਿੱਤ ਕੇ ਉਸ ਨੇ ਕਰੀਅਰ ਗਰੈਂਡ ਸਲੈਮ ਪੂਰਾ ਕੀਤਾ ਸੀ ਪਰ ਇਕ ਸਾਲ ਬਾਅਦ ਉਹ ਜੋਕੋਵਿਚ ਤੋਂ ਹਾਰ ਗਿਆ ਸੀ।
ਨਡਾਲ ਨੇ ਕਿਹਾ, ‘‘ਜੋਕੋਵਿਚ ਬਿਹਤਰੀਨ ਖਿਡਾਰੀ ਹੈ। ਉਸ ਦੇ ਮੈਚਾਂ ਦੇ ਨਤੀਜੇ ਇਸ ਦੀ ਗਵਾਹੀ ਭਰਦੇ ਹਨ। ਮੈਂ ਹੁਣ ਤਕ ਜੋ ਸਰਵੋਤਮ ਖਿਡਾਰੀ ਦੇਖੇ ਹਨ, ਉਹ ਉਨ੍ਹਾਂ ’ਚੋਂ ਇਕ ਹੈ। ਭਲਕੇ ਦਾ ਫਾਈਨਲ ਮੁਕਾਬਲਾ ਮੇਰੇ ਲਈ ਕਠਿਨ ਹੈ ਪਰ ਮੈਂ ਇਸ ਲਈ ਤਿਆਰ ਹਾਂ।’’
ਜੋਕੋਵਿਚ ਨੇ ਕਿਹਾ, ‘‘ਸਟੇਨ ਕਾਫੀ ਹਮਲਾਵਰ ਸੀ। ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਮੈਨੂੰ ਕੋਰਟ ’ਤੇ ਕਾਫੀ ਦੌੜਨਾ ਪਿਆ ਅਤੇ ਲੈਅ ਹਾਸਲ ਕਰਨੀ ਪਈ। ਇਹ ਸਾਡੇ ਦੋਹਾਂ ਲਈ ਕਠਿਨ ਮੁਕਾਬਲਾ ਸੀ।’’

Facebook Comment
Project by : XtremeStudioz