Close
Menu

ਯੂਐਸ ਓਪਨ: ਨਡਾਲ ਹੱਥੋਂ ਜੋਕੋਵਿਚ ਚਿੱਤ

-- 10 September,2013

ਨਿਊਯਾਰਕ, 10 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੇ ਦੂਜੇ ਨੰਬਰ ਦੇ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਅੱਵਲ ਦਰਜਾ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾ ਕੇ ਯੂ.ਐਸ. ਓਪਨ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਹ ਨਡਾਲ ਦੇ ਕਰੀਅਰ ਦਾ 13ਵਾਂ ਗਰੈਂਡ ਸਲੈਮ ਖਿਤਾਬ ਹੈ। ਸਪੇਨ ਦੇ ਨਡਾਲ ਨੇ ਸਰਬੀਆ ਦੇ ਜੋਕੋਵਿਚ ਨੂੰ 6-2, 3-6, 6-4, 6-1 ਨਾਲ ਹਰਾ ਕੇ ਸਾਲ ਦੇ ਇਸ ਆਖਰੀ ਗਰੈਂਡ ਸਲੈਮ ’ਤੇ ਕਬਜ਼ਾ ਕਰ ਲਿਆ ਹੈ। ਫਰੈਂਚ ਓਪਨ ਬਾਅਦ ਨਡਾਲ ਦਾ ਇਸ ਸਾਲ ਇਹ ਦੂਜਾ ਗਰੈਂਡ ਸਲੈਮ ਖਿਤਾਬ ਹੈ।
ਇਸ ਖਿਤਾਬੀ ਜਿੱਤ ਬਾਅਦ ਨਡਾਲ ਹਾਰਡ ਕੋਰਟ ਦਾ ਵੀ ਬਾਦਸ਼ਾਹ ਬਣ ਗਿਆ ਹੈ। ਨਡਾਲ ਦਾ ਇਸ ਸੀਜ਼ਨ ’ਚ ਹਾਰਡ ਕੋਰਟ ’ਤੇ 22-0 ਦਾ ਰਿਕਾਰਡ ਰਿਹਾ ਹੈ ਜਦੋਂ ਕਿ ਉਸ ਦਾ ਓਵਰਆਲ ਮੈਚ ਰਿਕਾਰਡ 60-3 ਹੈ। ਸਾਲ 2010 ਵਿਚ ਯੂ.ਐਸ. ਓਪਨ ਖਿਤਾਬ ਜਿੱਤਣ ਵਾਲੇ ਨਡਾਲ ਨੇ ਫਾਈਨਲ ਵਿਚ ਜੋਕੋਵਿਚ ਨੂੰ ਹਰਾਇਆ ਸੀ ਜਦੋਂ ਕਿ 2011 ਵਿਚ ਉਹ ਖਿਤਾਬੀ ਮੁਕਾਬਲਾ ਜੋਕੋਵਿਚ ਹੱਥੋਂ ਹਾਰ ਗਿਆ ਸੀ।
27 ਸਾਲਾ ਸਪੈਨਿਸ਼ ਖਿਡਾਰੀ ਨੇ ਮੈਚ ਬਾਅਦ ਕਿਹਾ, ‘‘ਨੋਵਾਕ ਖ਼ਿਲਾਫ਼ ਖੇਡਣਾ ਹਮੇਸ਼ਾ ਖਾਸ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਨੋਵਾਕ ਹੀ ਐਸਾ ਖਿਡਾਰੀ ਹੈ, ਜੋ ਮੇਰੀ ਖੇਡ ਨੂੰ ਸਭ ਤੋਂ ਉੱਚੇ ਪੱਧਰ ਤਕ ਲਿਜਾਣ ’ਚ ਮਦਦ ਕਰਦਾ ਹੈ।’’ ਇਨ੍ਹਾਂ ਮਹਾਨ ਖਿਡਾਰੀਆਂ ਵਿਚਕਾਰ ਇਹ 37ਵਾਂ ਮੈਚ ਸੀ, ਜਿਸ ਵਿਚ ਨਡਾਲ ਦਾ ਪਲੜਾ ਭਾਰੀ ਰਿਹਾ। ਨਡਾਲ ਨੇ 22 ਮੈਚ ਜਿੱਤੇ ਹਨ ਜਦੋਂਕਿ ਜੋਕੋਵਿਚ ਨੇ 15 ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਜੌਹਨ ਮੈਕਨਰੋ ਅਤੇ ਇਵਾਨ ਲੈਂਡਲ 36 ਵਾਰ ਆਹਮੋ-ਸਾਹਮਣੇ ਹੋਏ ਸਨ।

ਜ਼ਬਰਦਸਤ ਫਾਰਮ ਵਿਚ ਚੱਲ ਰਹੇ ਨਡਾਲ ਲਈ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਸਾਲ ਗੋਡੇ ਦੀ ਸੱਟ ਕਾਰਨ ਉਹ ਯੂ.ਐਸ. ਓਪਨ ਵਿਚ ਹਿੱਸਾ ਨਹੀਂ ਲੈ ਸਕਿਆ ਸੀ। ਸੱਟ ਕਾਰਨ ਸੱਤ ਮਹੀਨੇ ਕੋਰਟ ਤੋਂ ਦੂਰ ਰਹੇ ਨਡਾਲ ਨੇ ਮੁੜ ਕੋਰਟ ’ਤੇ ਵਾਪਸੀ ਕਰਦਿਆਂ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਵਿਸ਼ਵ ਦਾ ਸਰਵੋਤਮ ਟੈਨਿਸ ਖਿਡਾਰੀ ਹੈ। ਅਮਰੀਕੀ ਓਪਨ ਟੈਨਿਸ ਚੈਂਪੀਅਨ ਬਣਨ ਵਾਲੇ ਨਡਾਲ ਨੂੰ 26 ਲੱਖ ਡਾਲਰ ਇਨਾਮੀ ਰਾਸ਼ੀ ਮਿਲੀ ਹੈ। ਇਸ ਤੋਂ ਇਲਾਵਾ ਉਸ ਨੂੰ ਯੂ.ਐਸ.ਓਪਨ ਰਨਅੱਪ ਸੀਰੀਜ਼ ਵਿਚ ਚੋਟੀ ਦੇ ਸਥਾਨ ’ਤੇ ਰਹਿਣ ਸਦਕਾ ਦਸ ਲੱਖ ਡਾਲਰ ਤੋਂ ਵੱਧ ਬੋਨਸ ਵੀ ਮਿਲਿਆ ਹੈ। ਇਸ ਤੋਂ ਪਹਿਲਾਂ ਮਹਿਲਾ ਵਰਗ ਦੀ ਚੈਂਪੀਅਨ ਸੇਰੇਨਾ ਵਿਲੀਅਮਜ਼ ਵੀ ਇਹ ਬੋਨਸ ਰਾਸ਼ੀ ਜਿੱਤ ਚੁੱਕੀ ਹੈ।ਪਿਛਲੇ ਸੀਜ਼ਨਾਂ ਦੌਰਾਨ ਵੀ ਇਨ੍ਹਾਂ ਖਿਡਾਰੀਆਂ ਵਿਚਕਾਰ ਕਈ ਯਾਦਗਾਰੀ ਮੁਕਾਬਲੇ ਹੋਏ ਹਨ, ਜਿਸ ਕਾਰਨ ਦਰਸ਼ਕਾਂ ਨੂੰ ਇਸ ਖਿਤਾਬੀ ਭੇੜ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਮੁਕਾਬਲਾ ਦੇਖਣ ਲਈ ਸਟੇਡੀਅਮ ਖਚਾ-ਖਚ ਭਰਿਆ ਹੋਇਆ ਸੀ। ਸਾਲ 2012 ਵਿਚ ਆਸਟਰੇਲੀਅਨ ਓਪਨ ਖਿਤਾਬ ਜਿੱਤਣ ਲਈ ਜੋਕੋਵਿਚ ਨੂੰ ਛੇ ਘੰਟੇ ਸੰਘਰਸ਼ ਕਰਨਾ ਪਿਆ ਸੀ।

Facebook Comment
Project by : XtremeStudioz