Close
Menu

ਯੂਕੇ ਦਾ ਪਹਿਲਾ ਸਿੱਖ ਸੁਰੱਖਿਆ ਗਾਰਡ ਕੋਕੀਨ ਲੈਣ ਦਾ ਦੋਸ਼ੀ

-- 26 September,2018

ਲੰਡਨ, ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਜਨਮ ਦਿਨ ਮੌਕੇ ਕੱਢੀ ਜਾਣ ਵਾਲੀ ਸਾਲਾਨਾ ਪਰੇਡ ਵਿੱਚ ਪਹਿਲੀ ਵਾਰ ਸਿਰ ’ਤੇ ਦਸਤਾਰ ਸਜਾ ਕੇ ਸ਼ਿਰਕਤ ਕਰਦਿਆਂ ਇਤਿਹਾਸ ਸਿਰਜਣ ਵਾਲੇ 22 ਸਾਲਾ ਸਿੱਖ ਸਿਪਾਹੀ ਚਰਨਪ੍ਰੀਤ ਸਿੰਘ ਲਾਲ ਨੂੰ ਕੋਕੀਨ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਦੋੋਸ਼ ਸਾਬਤ ਹੋਣ ’ਤੇ ਉਸ ਨੂੰ ਸੁਰੱਖਿਆ ਗਾਰਦ ਦੀ ਆਪਣੀ ਵਰਦੀ ਗੁਆਉਣੀ ਪੈ ਸਕਦੀ ਹੈ। ਚਰਨਪ੍ਰੀਤ ਲੰਘੇ ਜੂਨ ਮਹੀਨੇ ਉਦੋਂ ਸੁਰਖੀਆਂ ’ਚ ਆਇਆ ਸੀ ਜਦੋਂ ਟੂਰਪਿੰਗ ਦਿ ਕਲਰ ਸੈਰੇਮਨੀ ਵਿੱਚ ਉਹ ਸਿਰ ’ਤੇ ਦਸਤਾਰ ਸਜਾ ਕੇ ਸ਼ਾਮਲ ਹੋਇਆ।

ਦਿ ਸੰਨ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਚਰਨਪ੍ਰੀਤ ਦੀ ਬੈਰਕ ਵਿੱਚ ਹੀ ਉਸ ਦਾ ਰੈਂਡਮ ਡਰੱਗ ਟੈਸਟ ਕੀਤਾ ਗਿਆ ਸੀ। ਅੰਦਰਲੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸਿੱਖ ਸਿਪਾਹੀ ਦੇ ਨਮੂਨੇ ਵਿੱਚ ਵੱਡੇ ਪੱਧਰ ’ਤੇ ਕੋਕੀਨ ਦੇ ਅੰਸ਼ ਮਿਲੇ ਹਨ। ਰਿਪੋਰਟ ’ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਸੁਰੱਖਿਆ ਗਾਰਦ ਲਾਲ ਬੈਰਕਾਂ ਵਿੱਚ ਇਸ ਬਾਰੇ ਖੁੱਲ੍ਹੇਆਮ ਗੱਲ ਕਰ ਰਿਹਾ ਸੀ। ਗਾਰਦ ਪੈਲੇਸ ਵਿੱਚ ਜਨਤਕ ਸੇਵਾਵਾਂ ਨਿਭਾਉਂਦੀ ਹੈ ਤੇ ਅਜਿਹਾ ਵਤੀਰਾ ਅਫ਼ਸੋਸਨਾਕ ਹੈ।’ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ‘ਇਹ ਫ਼ੈਸਲਾ ਹੁਣ ਕਮਾਂਡਿੰਗ ਅਧਿਕਾਰੀ ਨੇ ਕਰਨਾ ਹੈ ਕਿ ਉਸ ਨੂੰ ਵਰਦੀ ਮਿਲੇਗੀ ਜਾਂ ਨਹੀਂ….ਪਰ ਜੇਕਰ ਕੋਈ ਅਜਿਹਾ ਨਸ਼ਾ ਲੈਂਦਿਆਂ ਫੜਿਆ ਜਾਂਦਾ ਹੈ ਉਸ ਨੂੰ ਬਰਖਾਸਤ ਕਰਨ ਦੀ ਆਸ ਕੀਤੀ ਜਾਂਦੀ ਹੈ। ਹਰ ਕੋਈ ਹੈਰਾਨ ਹੈ। ਪਹਿਲਾਂ ਉਹ ਲਾਈਮ ਲਾਈਟ ਵਿੱਚ ਆਇਆ ਤੇ ਹੁਣ ਉਸ ਨੇ ਖੁ਼ਦ ਨੂੰ ਮੁਸੀਬਤ ’ਚ ਪਾ ਲਿਆ।’ ਲਾਲ ਉਨ੍ਹਾਂ ਤਿੰਨ ਸਿਪਾਹੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਵਿੰਡਸਰ ਦੀ ਵਿਕਟੋਰੀਆ ਬੈਰਕਾਂ ਵਿੱਚ ਲਏ ਨਮੂਨੇ ਪਾਜ਼ੇਟਿਵ ਪਾਏ ਗਏ ਹਨ। ਉਧਰ ਆਰਮੀ ਪਰਸੋਨਲ ਸਰਵਸਿਜ਼ ਗਰੁੱਪ ਦੇ ਮੁਖੀ ਬ੍ਰਿਗੇਡੀਅਰ ਕ੍ਰਿਸਟੋਫ਼ਰ ਕੋਲਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕੋਲਡਸਟ੍ਰੀਮ ਗਾਰਡਜ਼ ਦੇ ਕੁਝ ਸਿਪਾਹੀ ਨਸ਼ਾ ਲੈਣ ਦੇ ਦੋਸ਼ ’ਚ ਜਾਂਚ ਅਧੀਨ ਹਨ। ਸਾਲ 2016 ਵਿੱਚ ਬ੍ਰਿਟਿਸ਼ ਫ਼ੌਜ ਦਾ ਹਿੱਸਾ ਬਣਨ ਵਾਲੇ ਚਰਨਪ੍ਰੀਤ ਸਿੰਘ ਲਾਲ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਤੇ ਉਹ ਅਜੇ ਬੱਚਾ ਸੀ ਜਦੋਂ ਉਹਦਾ ਪਰਿਵਾਰ ਯੂਕੇ ਆ ਗਿਆ। ਮਹਾਰਾਣੀ ਦੇ 92ਵੇਂ ਜਨਮ ਦਿਨ ਮੌਕੇ ਕੱਢੀ ਜਾਂਦੀ ਟਰੂਪਿੰਗ ਦਾ ਕਲਰ ਰਸਮ ਦੌਰਾਨ ਉਹ ਸਾਲਾਨਾ ਪਰੇਡ ਵਿੱਚ ਦਸਤਾਰ ਸਜਾ ਕੇ ਸ਼ਾਮਲ ਹੋਇਆ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਸਿੱਖ ਸਿਪਾਹੀ ਸੀ।

Facebook Comment
Project by : XtremeStudioz