Close
Menu

ਯੂਥ ਅਕਾਲੀ ਆਗੂ ਵੱਲੋਂ ਪੁਲਿਸ ਹਿਰਾਸਤ ‘ਚ ਖੁਦਕੁਸ਼ੀ

-- 29 June,2015
  • ਦੋ ਅਕਾਲੀ ਆਗੂਆਂ ਸਮੇਤ ਸੱਤ ਖਿਲਾਫ਼ ਕੇਸ ਦਰਜ

ਲੁਧਿਆਣਾ, 29 ਜੂਨ-ਠੱਗੀ ਦੇ ਦੋਸ਼ਾਂ ਸਬੰਧੀ ਮਾਮਲੇ ਦਾ ਸਾਹਮਣਾ ਕਰ ਰਹੇ ਯੂਥ ਅਕਾਲੀ ਆਗੂ ਵੱਲੋਂ ਪੁਲਿਸ ਹਿਰਾਸਤ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਮਾਮਲੇ ਵਿਚ ਦੋ ਅਕਾਲੀ ਆਗੂਆਂ ਸਮੇਤ ਸੱਤ ਵਿਅਕਤੀਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਦ ਕਿ ਪੁਲਿਸ ਵੱਲੋਂ ਡਿਊਟੀ ਵਿਚ ਕੋਤਾਹੀ ਵਰਤਣ ਦੇ ਦੋਸ਼ ਤਹਿਤ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਸਮੇਤ ਤਿੰਨ ਖਿਲਾਫ਼ ਇਕ ਵੱਖਰਾ ਮਾਮਲਾ ਵੀ ਦਰਜ ਕੀਤਾ ਹੈ | ਮਿ੍ਤਕ ਦੀ ਸ਼ਨਾਖ਼ਤ ਸੰਤੋਖ ਸਿੰਘ ਸੁਖਾਣਾ ਵਜੋਂ ਕੀਤੀ ਗਈ ਹੈ | ਸੁਖਾਣਾ ਮੂਲ ਰੂਪ ਵਿਚ ਰਾਏਕੋਟ ਦੇ ਪਿੰਡ ਸੁਖਾਣਾ ਦਾ ਰਹਿਣ ਵਾਲਾ ਸੀ, ਪਰ ਪਿਛਲੇ ਕਾਫੀ ਸਮੇਂ ਤੋਂ ਉਹ ਲੁਧਿਆਣਾ ਵਿਚ ਰਹਿ ਰਿਹਾ ਸੀ | ਬੀਤੇ ਦਿਨ ਦਿੱਲੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਸ਼ੰਟੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸੁਖਾਣਾ ਖਿਲਾਫ਼ ਧਾਰਾ 420 ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਗੁਰਮੀਤ ਸਿੰਘ ਨੇ ਦੱਸਿਆ ਸੀ ਕਿ ਸੁਖਾਣਾ ਨੇ ਉਸ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਚ ਪਲਾਟ ਲੈ ਕੇ ਦੇਣ ਦਾ ਝਾਂਸਾ ਦੇ ਕੇ ਉਸ ਤੋਂ 35 ਲੱਖ ਰੁਪਏ ਲੈ ਲਏ ਸਨ ਪਰ ਸੁਖਾਣਾ ਨੇ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਪਲਾਟ ਲੈ ਕੇ ਦਿੱਤਾ, ਜਿਸ ‘ਤੇ ਗੁਰਮੀਤ ਸਿੰਘ ਵੱਲੋਂ ਉਸ ਖਿਲਾਫ਼ ਦਿੱੱਲੀ ਵਿਚ ਕੇਸ ਦਰਜ ਕਰਵਾ ਦਿੱਤਾ |
ਕੇਸ ਦਰਜ ਕਰਵਾਉਣ ਉਪਰੰਤ ਪੁਲਿਸ ਵੱਲੋਂ ਬੀਤੇ ਦਿਨ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਗਿ੍ਫ਼ਤਾਰ ਕਰਨ ਉਪਰੰਤ ਸੁਖਾਣਾ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਉਸ ਦਾ ਰਿਮਾਂਡ ਦੇ ਦਿੱਤਾ | ਪੁਲਿਸ ਰਿਮਾਂਡ ਦੌਰਾਨ ਉਸ ਨੂੰ ਬੀਤੇ ਦਿਨ ਬਰਾਮਦਗੀ ਲਈ ਲੁਧਿਆਣਾ ਲਿਆਂਦਾ ਗਿਆ | ਇਸ ਸਮੇਂ ਪੁਲਿਸ ਪਾਰਟੀ ਨਾਲ ਗੁਰਮੀਤ ਦਾ ਰਿਸ਼ਤੇਦਾਰ ਚਰਨਜੀਤ ਸਿੰਘ ਵੀ ਇੱਥੇ ਆਇਆ ਹੋਇਆ ਸੀ | ਦਿੱਲੀ ਪੁਲਿਸ ਵੱਲੋਂ ਲੁਧਿਆਣਾ ਵਿਚ ਉਸਨੂੰ ਰੇਲਵੇ ਸਟੇਸ਼ਨ ਨੇੜੇ ਸਥਿਤ ਬਾਂਬੀ ਹੋਟਲ ਵਿਚ ਠਹਿਰਾਇਆ ਗਿਆ ਸੀ | ਉਸ ਨਾਲ ਦਿੱਲੀ ਪੁਲਿਸ ਦਾ ਇਕ ਸਬ ਇੰਸਪੈਕਟਰ ਅਤੇ ਦੋ ਪੁਲਿਸ ਮੁਲਾਜ਼ਮ ਵੀ ਸਨ | ਬੀਤੀ ਰਾਤ ਉਸ ਨੇ ਹੋਟਲ ਦੇ ਬਾਥਰੂਮ ਵਿਚ ਲੱਗੇ ਹਵਾ ਬਾਹਰ ਕੱਢਣ ਵਾਲੇ ਪੱਖੇ ਨਾਲ ਪਰਨਾ ਬੰਨ੍ਹ ਕੇ ਖੁਦਕੁਸ਼ੀ ਕਰ ਲਈ | ਜਦੋਂ ਕਾਫੀ ਸਮਾਂ ਸੁਖਾਣਾ ਬਾਹਰ ਨਾ ਆਇਆ ਤਾਂ ਮੁਲਾਜ਼ਮਾਂ ਨੇ ਬਾਥਰੂਮ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਉਥੇ ਲਟਕ ਰਹੀ ਸੀ, ਜਿਸ ‘ਤੇ ਉਨ੍ਹਾਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੰੁਚੇ |
ਪੁਲਿਸ ਵੱਲੋਂ ਮੌਕੇ ਤੇ ਹੀ ਉਸਦੀ ਜੇਬ੍ਹ ਵਿਚੋਂ ਇਕ ਚਿੱਠੀ ਬਰਾਮਦ ਕੀਤੀ ਜਿਸ ਵਿਚ ਉਸਨੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਣਕਾਰੀ ਬਾਰੇ ਘਰ ਵਿਚ ਪਈ ਦੂਜੀ ਚਿੱਠੀ ਦਾ ਜ਼ਿਕਰ ਕੀਤਾ ਹੋਇਆ ਸੀ | ਜਿਸ ਆਧਾਰ ‘ਤੇ ਪੁਲਿਸ ਨੇ ਉਸਦੇ ਘਰੋਂ ਇਕ ਹੋਰ ਚਿੱਠੀ ਬਰਾਮਦ ਕੀਤੀ ਹੈ | ਚਿੱਠੀ ਵਿਚ ਸੁਖਾਣਾ ਵੱਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ, ਰਾਜੂ ਠੁਕਰਾਲ, ਸੁਰੇਸ਼ ਕੁਮਾਰ ਸ਼ੇਰਾ, ਡਿੰਪਲ ਕਾਲੜਾ, ਇੰਮੀ, ਪ੍ਰੀਤਮ ਸਿੰਘ ਭਰੋਵਾਲ ਅਤੇ ਦਿੱਲੀ ਵਾਸੀ ਚਰਨਜੀਤ ਸਿੰਘ ਤੋਂ ਦੁਖੀ ਹੋਣ ਬਾਰੇ ਜ਼ਿਕਰ ਕੀਤਾ ਗਿਆ ਹੈ ਅਤੇ ਉਸਨੇ ਆਪਣੀ ਖੁਦਕੁਸ਼ੀ ਲਈ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਇਨ੍ਹਾਂ ਵਿਅਕਤੀਆਂ ਨਾਲ ਸੁਖਾਣਾ ਨਾਲ ਪੈਸੇ ਦਾ ਲੈਣ ਦੇਣ ਸੀ | ਜਾਂਚ ਕਰ ਰਹੇ ਐਸ ਐਚ ਓ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਲ ਦੀ ਘੜੀ ਇਨ੍ਹਾਂ ਵਿਅਕਤੀਆਂ ਖਿਲਾਫ਼ ਧਾਰਾ 306 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਦੌਰਾਨ ਪੁਲਿਸ ਵੱਲੋਂ ਦਿੱਲੀ ਪੁਲਿਸ ਦੇ ਸਬ ਇੰਸਪੈਕਟਰ ਸੰਜੇ ਤੋਮਰ, ਹੌਲਦਾਰ ਤਾਰਾ ਚੰਦ ਅਤੇ ਕਾਂਸਟੇਬਲ ਅਨਿਲ ਕੁਮਾਰ ਨੂੰ ਅਣਗਹਿਲੀ ਕਰਨ ਦਾ ਦੋਸ਼ੀ ਪਾਇਆ ਹੈ ਅਤੇ ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ਼ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਸੁਖਾਣਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ |

Facebook Comment
Project by : XtremeStudioz