Close
Menu

ਯੂਥ ਓਲੰਪਿਕ: ਤੁਸ਼ਾਰ ਨੇ ਚਾਂਦੀ ਨਾਲ ਖੋਲ੍ਹਿਆ ਭਾਰਤ ਦਾ ਖਾਤਾ

-- 08 October,2018

ਬਿਊਨਸ ਆਇਰਸ, ਨਿਸ਼ਾਨੇਬਾਜ਼ ਤੁਸ਼ਾਰ ਮਾਨੇ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਚਾਂਦੀ ਦੇ ਤਗ਼ਮੇ ਨਾਲ ਯੂਥ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਭਾਰਤ ਦਾ ਖ਼ਾਤਾ ਖੋਲ੍ਹਿਆ। ਫਾਈਨਲ ਵਿੱਚ ਤੀਜੇ ਸਥਾਨ ’ਤੇ ਕੁਆਲੀਫਾਈ ਕਰਨ ਵਾਲੇ ਮਾਨੇ ਨੇ 247.5 ਅੰਕ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਗ੍ਰਿਗੋਰੀ ਸ਼ਾਮਾਕੋਵ ਨੇ 249.2 ਅੰਕ ਨਾਲ ਸੋਨਾ ਜਿੱਤਿਆ।
ਇਸ ਤੋਂ ਪਹਿਲਾਂ ਮੁਟਿਆਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਯੂਥ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਝੰਡਾਬਰਦਾਰ ਵਜੋਂ ਭਾਰਤੀ ਦਲ ਦੀ ਅਗਵਾਈ ਕੀਤੀ। ਇਨ੍ਹਾਂ ਖੇਡਾਂ ਦਾ ਉਦਘਾਟਨ ਸਮਾਰੋਹ ਪਹਿਲੀ ਵਾਰ ਸੜਕ ’ਤੇ ਹੋਇਆ, ਜਿਸ ਨੂੰ ਵੇਖਣ ਦੋ ਲੱਖ ਤੋਂ ਵੱਧ ਲੋਕ ਪਹੁੰਚੇ। ਸਮਾਰੋਹ ਦੌਰਾਨ ਆਤਿਸ਼ਬਾਜ਼ੀ ਵੀ ਹੋਈ, ਜਿਸ ਨਾਲ ਰਾਤ ਨੂੰ ਬਿਊਨਸ ਆਇਰਸ਼ ਦਾ ਅਸਮਾਨ ਚਮਕ ਉੱਠਿਆ।
ਸਮਾਰੋਹ ਲਈ ਥਾਈਲੈਂਡ ਦੀ ‘ਵਾਈਲਡ ਬੋਰਸ’ ਟੀਮ ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿਸ ਦੀ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਨੇ ਪ੍ਰਸ਼ੰਸਾ ਕੀਤੀ। ‘ਵਾਈਲਡ ਬੋਰਸ’ ਟੀਮ ਜੂਨ ਵਿੱਚ ਸੁਰਖ਼ੀਆਂ ਵਿੱਚ ਆਈ ਸੀ, ਜਦੋਂ ਉਹ ਥਾਈਲੈਂਡ ਦੇ ਚਾਂਗ ਰਾਈ ਸੂਬੇ ਵਿੱਚ ਹੜ੍ਹ ਕਾਰਨ ਪਾਣੀ ਅਤੇ ਚਿੱਕੜ ਨਾਲ ਭਰੀ ਗੁਫ਼ਾ ਵਿੱਚ ਲਗਪਗ ਦੋ ਹਫ਼ਤੇ ਤਕ ਫਸੀ ਰਹੀ ਸੀ। ਬਾਕ ਨੇ ਟੀਮ ਦੇ ਜਜ਼ਬੇ ਦੀ ਤਾਰੀਫ਼ ਕੀਤੀ। ਸਮਾਰੋਹ ਦੌਰਾਨ ਗੀਤਾਂ ਤੋਂ ਇਲਾਵਾ ਟੈਂਗੋ ਡਾਂਸ ਦੀ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਖੇਡਾਂ ਲਈ ਬਿਊਨਸ ਆਇਰਸ ਵਿੱਚ 206 ਟੀਮਾਂ ਦੇ 15 ਤੋਂ 18 ਸਾਲ ਦੇ ਚਾਰ ਹਜ਼ਾਰ ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦਾ 46 ਖਿਡਾਰੀਆਂ ਸਣੇ 68 ਮੈਂਬਰੀ ਦਲ ਅਰਜਨਟੀਨਾ ਵਿੱਚ ਇਸ ਮੁਕਾਬਲੇ ਦੌਰਾਨ 13 ਖੇਡਾਂ ਵਿੱਚ ਚੁਣੌਤੀ ਪੇਸ਼ ਕਰੇਗਾ।

Facebook Comment
Project by : XtremeStudioz