Close
Menu

ਯੂਪੀਏ ਆਗੂਆਂ ਤੇ ਹੋਰਾਂ ਨੂੰ 7 ਕਰੋੜ ਯੂਰੋ ਦੀ ‘ਦਲਾਲੀ’

-- 06 April,2019

ਨਵੀਂ ਦਿੱਲੀ, 6 ਅਪਰੈਲ
ਐਨਫੋਰਸਮੈਂਟ ਡਾਇਰੈਕਟੋਰੇਟ ਨੇ 3600 ਕਰੋੜ ਦੇ ਅਗਸਤਾ-ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਖਰੀਦ ਘੁਟਾਲੇ ਵਿੱਚ ਦਾਇਰ ਚੌਥੀ ਪੂਰਕ ਚਾਰਜਸ਼ੀਟ ਵਿੱਚ ਤਤਕਾਲੀਨ ਯੂਪੀਏ ਸਰਕਾਰ ਵਿਚਲੇ ਅਹਿਮ ਸਿਆਸੀ ਆਗੂਆਂ, ਮੀਡੀਆ ਕਰਮੀਆਂ, ਰੱਖਿਆ ਅਧਿਕਾਰੀਆਂ ਤੇ ਨੌਕਰਸ਼ਾਹਾਂ ਨੂੰ 70 ਮਿਲੀਅਨ (ਲਗਪਗ ਸੱਤ ਕਰੋੜ) ਯੂਰੋ ਦੀ ਦਲਾਲੀ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ।
ਇਸ ਦੌਰਾਨ ਘੁਟਾਲੇ ਦੇ ਦੋਸ਼ ’ਚ ਗ੍ਰਿਫ਼ਤਾਰ ਕਥਿਤ ਦਲਾਲ ਕ੍ਰਿਸਟੀਅਨ ਮਿਸ਼ੇਲ ਨੇ ਦਿੱਲੀ ਦੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਈਡੀ ਵੱਲੋਂ ਕੀਤੀ ਪੁੱਛ-ਪੜਤਾਲ ਦੌਰਾਨ ਕਿਸੇ ਦਾ ਨਾਂ ਨਹੀਂ ਲਿਆ। ਕਾਬਿਲੇਗੌਰ ਹੈ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਪਿਛਲੀ ਯੂਪੀਏ ਸਰਕਾਰ ਦੇ ਕੁਝ ਮੋਹਰੀ ਸਿਆਸਤਦਾਨਾਂ ਸਮੇਤ ਕੁਝ ਰੱਖਿਆ ਅਧਿਕਾਰੀਆਂ, ਨੌਕਰਸ਼ਾਹਾਂ ਤੇ ਪੱਤਰਕਾਰਾਂ ਦੇ ਨਾਂ ਲਏ ਹਨ, ਜਿਨ੍ਹਾਂ ਬਾਰੇ ਮਿਸ਼ੇਲ ਨੇ ਪੁੱਛਗਿੱਛ ਦੌਰਾਨ ਕਥਿਤ

ਖੁਲਾਸਾ ਕੀਤਾ ਸੀ। ਈਡੀ ਨੇ ਬਰਤਾਨਵੀ ਨਾਗਰਿਕ ਤੇ ਦਲਾਲ ਕ੍ਰਿਸਟੀਅਨ ਮਿਸ਼ੇਲ ਖ਼ਿਲਾਫ਼ ਲੰਘੇ ਦਿਨ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਉਪਰੋਕਤ ਲੋਕਾਂ ਨੂੰ ਦਿੱਤੀ ਗਈ ਵੱਢੀ ਵੀਵੀਆਈਪੀ ਹੈਲੀਕਾਪਟਰ ਕਰਾਰ ਦੀ ਕੁੱਲ ਰਾਸ਼ੀ ਦਾ 12 ਫੀਸਦ ਸੀ। ਈਡੀ ਨੇ ਕੋਰਟ ਨੂੰ ਦੱਸਿਆ, ‘ਦੋ ਦਲਾਲਾਂ ਰਾਹੀਂ 70 ਮਿਲੀਅਨ ਯੂਰੋਜ਼ ਦੇ ਕਰੀਬ ਰਾਸ਼ੀ ਅਦਾ ਕੀਤੀ ਗਈ।’ ਉਂਜ ਕੋਰਟ ਵੱਲੋਂ ਈਡੀ ਵੱਲੋਂ ਦਾਇਰ ਪੂਰਕ ਚਾਰਜਸ਼ੀਟ ’ਤੇ ਭਲਕੇ ਸ਼ਨਿਚਰਵਾਰ ਨੂੰ ਗੌਰ ਕਰਨ ਮਗਰੋਂ ਮੁਲਜ਼ਮਾਂ ਨੂੰ ਸੰਮਨ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਇਸ ਕੇਸ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਬਜਟ-ਸ਼ੀਟ ਮੁਤਾਬਕ ਅਗਸਤਾ-ਵੈਸਟਲੈਂਡ ਵੱਲੋਂ ਹਵਾਈ ਫੌਜ ਦੇ ਅਧਿਕਾਰੀਆਂ, ਨੌਕਰਸ਼ਾਹਾਂ ਤੇ ਸਿਆਸਤਦਾਨਾਂ ਨੂੰ 30 ਮਿਲੀਅਨ ਯੂਰੋਜ਼ ਦੀ ਅਦਾਇਗੀ ਕੀਤੀ ਗਈ ਸੀ। ਮਿਸ਼ੇਲ ਨੂੰ ਪਿਛਲੇ ਸਾਲ 4 ਦਸੰਬਰ ਨੂੰ ਯੂਏਈ ਤੋਂ ਭਾਰਤ ਭੇਜੇ ਜਾਣ ਮਗਰੋਂ ਜਾਂਚ ਏਜੰਸੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਮਿਸ਼ੇਲ ਇਸ ਵੇਲੇ ਤਿਹਾੜ ਜੇਲ੍ਹ ਵਿੱਚ ਬੰਦ ਹੈ ਤੇ ਚਾਰਜਸ਼ੀਟ ਵਿੱਚ ਉਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਚਾਰਜਸ਼ੀਟ ਵਿੱਚ ਇਕ ਥਾਂ ‘ਏਪੀ’ ਸ਼ਬਦ ਦਾ ਵੀ ਜ਼ਿਕਰ ਹੈ, ਜਿਸ ਦੀ ਵਿਆਖਿਆ ਅਹਿਮਦ ਪਟੇਲ ਵਜੋਂ ਤੇ ਇਕ ਹੋਰ ਸ਼ਬਦ ‘ਫੈਮ’ ਦੀ ਫੈਮਿਲੀ (ਪਰਿਵਾਰ) ਵਜੋਂ ਕੀਤੀ ਗਈ ਹੈ। ਚਾਰਜਸ਼ੀਟ ਵਿੱਚ ਮਿਸ਼ੇਲ ਵੱਲੋਂ ਫਰਵਰੀ 2008 ਤੋਂ ਅਕਤੂਬਰ 2009 ਦੇ ਅਰਸੇ ਦੌਰਾਨ ਭੇਜੇ ਲੜੀਵਾਰ ਚਿੱਠੀ-ਪੱਤਰਾਂ ਦਾ ਵੀ ਜ਼ਿਕਰ ਮੌਜੂਦ ਹੈ। 15 ਮਾਰਚ 2008 ਦੀ ਤਰੀਕ ਵਾਲੇ ਅਜਿਹੇ ਹੀ ਇਕ ਪੱਤਰ ’ਤੇ ‘ਸ੍ਰੀਮਤੀ ਗਾਂਧੀ’ ਦਾ ਵੀਆਈਪੀ ਮਗਰਲੀ ਡਰਾਈਵਿੰਗ ਫੋਰਸ ਵਜੋਂ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਹ ਐਮਆਈ-8 ’ਤੇ ਹੁਣ ਹੋਰ ਉਡਾਣ ਨਹੀਂ ਭਰਨਗੇ। ਸੂਤਰਾਂ ਮੁਤਾਬਕ ਇਨ੍ਹਾਂ ਚਿੱਠੀ ਪੱਤਰਾਂ ’ਚ ਸੀਨੀਅਰ ਕਾਂਗਰਸੀ ਆਗੂਆਂ (ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤਤਕਾਲੀਨ ਵਿੱਤ ਮੰਤਰੀ ਪ੍ਰਣਬ ਮੁਖਰਜੀ, ਐਮ.ਵੀਰੱਪਾ ਮੋਇਲੀ, ਆਸਕਰ ਫਰਨਾਂਡੇਜ਼, ਐੱਮ.ਕੇ.ਨਰਾਇਣਨ ਤੇ ਵਿਨੈ ਸਿੰਘ) ਦਾ ‘ਅਹਿਮ ਸਲਾਹਕਾਰਾਂ’ ਵਜੋਂ ਜ਼ਿਕਰ ਹੈ, ਪਰ ਇਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਨਹੀਂ ਕੀਤਾ ਗਿਆ। ਉਂਜ ਇਹ ਸਾਫ਼ ਨਹੀਂ ਕਿ ‘ਸ੍ਰੀਮਤੀ ਗਾਂਧੀ’ ਕੌਣ ਹਨ ਤੇ ਇਥੇ ਕਿਸ ਸੰਦਰਭ ਵਿੱਚ ਉਨ੍ਹਾਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਕਾਨੂੰਨੀ ਦਸਤਾਵੇਜ਼ਾਂ ’ਚ ਦਲਾਲਾਂ ਮਿਸ਼ੇਲ, ਗੁਇਡੋ ਹਸ਼ਕੇ ਤੇ ਉਹਦੇ ਸਹਾਇਕ ਕਾਰਲੋ ਗੈਰੋਸਾ ਅਤੇ ਤਿੰਨ ਭਾਰਤੀ ਪੱਤਰਕਾਰਾਂ ਦੇ ਨਾਂ ਵੀ ਸ਼ਾਮਲ ਹਨ। ਜਾਂਚ ਏਜੰਸੀ ਨੇ ਤਿੰਨ ਹਜ਼ਾਰ ਸਫ਼ਿਆਂ ਦੀ ਪੂਰਕ ਚਾਰਜਸ਼ੀਟ ਵਿੱਚ ਮਿਸ਼ੇਲ ਦੇ ਕਾਰੋਬਾਰੀ ਭਾਈਵਾਲ ਡੇਵਿਡ ਸਿਮਸ ਤੇ ਉਹਦੀ ਮਾਲਕੀ ਵਾਲੀਆਂ ਦੋ ਫਰਮਾਂ ਗਲੋਬਲ ਟਰੇਡ ਤੇ ਕਮਰਸ ਲਿਮਟਿਡ ਅਤੇ ਗਲੋਬਲ ਸਰਵਸਿਸ ਐਫਜ਼ੈੱਡਈ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਭਾਰਤ ਸਰਕਾਰ ਨੇ 1 ਜਨਵਰੀ 2014 ਨੂੰ ਇਟਲੀ ਅਧਾਰਿਤ ਫਿਨਮਕੈਨਿਕਾ ਦੀ ਬਰਤਾਨਵੀ ਇਕਾਈ ਅਗਸਤਾਵੈਸਟਲੈਂਡ ਨਾਲ 12ਏਡਬਲਿਊ-101 ਵੀਵੀਆਈਪੀ ਹੈਲੀਕਾਪਟਰਾਂ ਸਬੰਧੀ ਕਰਾਰ ਨੂੰ 423 ਕਰੋੜ ਰੁਪਏ ਦੀ ਵੱਢੀ ਲੈਣ ਦੇ ਦੋਸ਼ ਜੱਗ ਜ਼ਾਹਿਰ ਹੋਣ ਤੇ ਕਰਾਰ ਸਬੰਧੀ ਸ਼ਰਤਾਂ ਦੇ ਉਲੰਘਣ ਦਾ ਖੁਲਾਸਾ ਹੋਣ ਮਗਰੋਂ ਰੱਦ ਕਰ ਦਿੱਤਾ ਸੀ।

ਈਡੀ ਦੀ ਚਾਰਜਸ਼ੀਟ ‘ਸਸਤਾ ਚੋਣ ਸਟੰਟ’: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਈਡੀ ਵੱਲੋਂ ਦਾਇਰ ਪੂਰਕ ਚਾਰਜਸ਼ੀਟ ਨੂੰ ‘ਸਸਤਾ ਚੋਣ ਸਟੰਟ’ ਕਰਾਰ ਦਿੱਤਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ‘ਅਟੱਲ ਹਾਰ’ ਨੂੰ ਵੇਖਦਿਆਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ। ਸੁਰਜੇਵਾਲਾ ਨੇ ਕਿਹਾ ਭੈਭੀਤ ਹੋਈ ਮੋਦੀ ਸਰਕਾਰ ਆਪਣੀ ਕੱਠਪੁਤਲੀ ਐਨਫੋਰਸਮੈਂਟ ਡਾਇਰੈਕਟੋਰੇਟ, ਜਿਸ ਨੂੰ ‘ਇਲੈਕਸ਼ਨ ਢਕੋਸਲਾ’ ਵੀ ਕਿਹਾ ਜਾਂਦਾ ਹੈ, ਨੂੰ ‘ਝੂਠ ਦਾ ਤਾਣਾ ਬਾਣਾ ਉਸਾਰਨ’ ਲਈ ਵਰਤ ਰਹੀ ਹੈ। ਲੋਕ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਤੇ ਅਜਿਹੇ ਚੋਣ ਸਟੰਟਾਂ ਨਾਲ ਸਰਕਾਰ ਦੇ ਸੱਤਾ ਤੋਂ ਰੁਖਸਤਗੀ ਦੀ ਤਰੀਕ ਤੇ ਕਿਸਮਤ ਨਹੀਂ ਬਦਲੇਗੀ।

Facebook Comment
Project by : XtremeStudioz