Close
Menu

ਯੂਪੀ ’ਚ ਕਸ਼ਮੀਰੀਆਂ ਦੀ ਕੁੱਟਮਾਰ, ਚਾਰ ਗ੍ਰਿਫ਼ਤਾਰ

-- 08 March,2019

ਲਖਨਊ, 8 ਮਾਰਚ
ਇਥੋਂ ਦੇ ਡਾਲੀਗੰਜ ਇਲਾਕੇ ਵਿੱਚ ਲੰਘੇ ਦਿਨ ਸੜਕ ਕਿਨਾਰੇ ਫੜੀ ਲਾ ਕੇ ਡਰਾਈ ਫਰੂਟ ਵੇਚਣ ਵਾਲੇ ਦੋ ਕਸ਼ਮੀਰੀ ਨਾਗਰਿਕਾਂ ਦੀ ਭਗਵੇਂ ਕੱਪੜੇ ਪਾਈ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ਵਿੱਚ ਆਈ ਸਥਾਨਕ ਪੁਲੀਸ ਨੇ ਅੱਜ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੇ ਕੈਮਰੇ ’ਚ ਕੈਦ ਹੋਈ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਐਸਐਸਪੀ ਕਾਲਾਨਿਧੀ ਨਥਾਨੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਦੋ ਕਸ਼ਮੀਰੀ ਨੌਜਵਾਨ ਡਾਲੀਗੰਜ ਪੁਲ ’ਤੇ ਡਰਾਈ ਫਰੂਟ ਵੇਚ ਰਹੇ ਸਨ ਤੇ ਕੁਝ ਵਿਅਕਤੀਆਂ ਨੇ ਪੱਥਰਬਾਜ਼ ਦੱਸ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ।’ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਕਾਮੀ ਲੋਕਾਂ ਨੇ ਵਿਚ ਪੈ ਕੇ ਉਨ੍ਹਾਂ ਦਾ ਬਚਾਅ ਕੀਤਾ ਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਦੌਰਾਨ ਇਕ ਚੌਕਸ ਸ਼ਹਿਰੀ ਨੇ ਸਾਰੀ ਘਟਨਾ ਦਾ ਵੀਡੀਓ ਬਣਾ ਲਿਆ, ਜਿਸ ਦੇ ਨਸ਼ਰ ਹੁੰਦਿਆਂ ਹੀ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਮੁੱਖ ਮੁਲਜ਼ਮ ਬਜਰੰਗ ਸੋਨਕਰ ਨੂੰ ਗ੍ਰਿਫ਼ਤਾਰ ਕਰ ਲਿਆ। ਸੋਨਕਰ ਖ਼ਿਲਾਫ਼ ਕਤਲ, ਲੁੱਟ ਤੇ ਚੋਰੀ ਸਮੇਤ ਦਰਜਨ ਦੇ ਕਰੀਬ ਕੇਸ ਦਰਜ ਹਨ। ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਤਿੰਨ ਹੋਰਨਾਂ ਹਿਮਾਂਸ਼ੂ ਗਰਗ, ਅਨਿਰੁੱਧ ਤੇ ਅਮਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸੋਨਕਰ ਖੁ਼ਦ ਨੂੰ ਵਿਸ਼ਵ ਹਿੰਦੂ ਦਲ ਦਾ ਪ੍ਰਧਾਨ ਦਸਦਾ ਹੈ। ਨਥਾਨੀ ਨੇ ਦੱਸਿਆ ਕਿ ਪੀੜਤ ਕਸ਼ਮੀਰੀ ਅਬਦੁਲ ਸਲਾਮ ਤੇ ਮੁਹੰਮਦ ਅਫ਼ਜ਼ਲ, ਦੋਵੇਂ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਸਰਦੀਆਂ ਦੌਰਾਨ ਡਰਾਈ ਫਰੂਟ ਵੇਚਣ ਲਈ ਇਥੇ ਆਏ ਸਨ। ਪੀੜਤਾਂ ਨੇ ਕਿਹਾ ਕਿ ਉਹ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੀਤੀ ਕਾਰਵਾਈ ਤੋਂ ਸੰਤੁਸ਼ਟ ਹਨ।
ਉਧਰ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੇ ਕਸ਼ਮੀਰੀਆਂ ਦੀ ਕੁੱਟਮਾਰ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਵੀਡੀਓਜ਼ ਨਾਲ ‘ਇਕ ਭਾਰਤ’ ਦੇ ਮੰਤਵ ਨੂੰ ਸੱਟ ਲਗਦੀ ਹੈ। ਉਮਰ ਨੇ ਕਿਹਾ, ‘ਆਰਐਸਐਸ/ ਬਜਰੰਗ ਦਲ ਦੇ ਗੁੰਡਿਆਂ ਵੱਲੋਂ ਸੜਕਾਂ ’ਤੇ ਕਸ਼ਮੀਰੀਆਂ ਦੀ ਕੁੱਟਮਾਰ ਕਰਨਾ ਤੇ ਮਗਰੋਂ ਕਸ਼ਮੀਰ ਨੂੰ ਮੁਲਕ ਦਾ ‘ਅਟੁੱਟ ਅੰਗ’ ਦੱਸਣ ਜਿਹੇ ਜੁਮਲੇ ਨਹੀਂ ਚੱਲਣਗੇ।’ ਉਮਰ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਲਖਨਊ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਦੇ ਰਾਜਨਾਥ ਸਿੰਘ ਨੂੰ ਵੀ ਸਵਾਲ ਕੀਤੇ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲੋਕਾਂ ਨੂੰ ਸਮਾਜ ਦਾ ਧਰੁਵੀਕਰਨ ਕਰਨ ਲਈ ਹੱਲਾਸ਼ੇਰੀ ਦੇ ਰਹੀ ਹੈ।

Facebook Comment
Project by : XtremeStudioz