Close
Menu

ਯੂਪੀ ਦੀ ਸਿਆਸੀ ਨਬਜ਼ ਟੋਹਣ ਲਈ ਪ੍ਰਿਯੰਕਾ ਨੇ ‘ਗੰਗਾ ਯਾਤਰਾ’ ਆਰੰਭੀ

-- 19 March,2019

ਅਲਾਹਾਬਾਦ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਚੋਣਾਂ ਦੇ ਲਿਹਾਜ਼ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੇ ਖੁੱਸੇ ਸਿਆਸੀ ਵੱਕਾਰ ਨੂੰ ਬਹਾਲ ਕਰਨ ਦੇ ਮੰਤਵ ਨਾਲ ‘ਗੰਗਾ ਯਾਤਰਾ’ ਆਰੰਭ ਦਿੱਤੀ। ਕਿਸ਼ਤੀ ਵਿਚ ਸਵਾਰ ਹੋ ਕੇ ਨਿਕਲੀ ਪ੍ਰਿਯੰਕਾ ਨੇ ਵੋਟਰਾਂ ਨੂੰ ਅਜਿਹੀ ਸਰਕਾਰ ਚੁਣਨ ਦੀ ਅਪੀਲ ਕੀਤੀ ਜੋ ਉਨ੍ਹਾਂ ਦੇ ਹਿੱਤ ਲਈ ਕੰਮ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਪ੍ਰਿਯੰਕਾ ਨੇ ਕਿਹਾ ਕਿ ‘ਚੌਕੀਦਾਰ ਅਮੀਰਾਂ ਲਈ ਹੁੰਦੇ ਹਨ, ਕਿਸਾਨਾਂ ਲਈ ਨਹੀਂ’। ਉਨ੍ਹਾਂ ਕਿਹਾ ਕਿ ਵਿਕਾਸ ਦੀ ਬਜਾਏ ਧਰਮ ਤੇ ਜਾਤ ਦੇ ਮੁੱਦੇ ਜ਼ਿਆਦਾ ਉਭਾਰੇ ਗਏ ਹਨ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਭਾਜਪਾ ਵੱਡੇ ਵਾਅਦੇ ਕਰ ਕੇ ਵਫ਼ਾ ਨਹੀਂ ਕਰ ਸਕੀ। ਰੁਜ਼ਗਾਰ ਫ਼ਰੰਟ ’ਤੇ ਭਾਜਪਾ ਨਾਕਾਮ ਰਹੀ ਹੈ ਤੇ ਸੰਵਿਧਾਨਕ ਸੰਸਥਾਵਾਂ ਵਿਚ ਦਖ਼ਲਅੰਦਾਜ਼ੀ ਵੱਧ ਗਈ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭਰਾ ਰਾਹੁਲ ਗਾਂਧੀ ਜੋ ਵੀ ਕਹਿੰਦਾ ਹੈ ਕਰ ਕੇ ਦਿਖਾਉਂਦਾ ਹੈ। ਕਾਂਗਰਸ ਦੀ 47 ਸਾਲਾ ਜਨਰਲ ਸਕੱਤਰ ਨੇ ਵਿਦਿਆਰਥੀਆਂ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਚੋਂ ਕੁਝ ਨੂੰ ਪ੍ਰਿਯੰਕਾ ਨੇ ਮੋਟਰਬੋਟ ਵਿਚ ਬਹਿਣ ਦਾ ਸੱਦਾ ਵੀ ਦਿੱਤਾ। ਦਮਦਮ ਘਾਟ ’ਤੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਆਈ ਹੈ, ਭਾਸ਼ਨ ਦੇਣ ਨਹੀਂ। ਪ੍ਰਿਯੰਕਾ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵੋਟ ਹੱਕ ਦੀ ਵਰਤੋਂ ਸਮਝਦਾਰੀ ਨਾਲ ਕਰਨ ਤੇ ਕਾਂਗਰਸ ਨੂੰ ਚੁਣਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੋ ਸੂਬਿਆਂ ਵਿਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਿਸਾਨ ਕਰਜ਼ ਮੁਆਫ਼ ਕੀਤਾ ਹੈ। ਪ੍ਰਿਯੰਕਾ ਨੇ ਕਿਸ਼ਤੀ ਚਾਲਨ ਨਾਲ ਜੁੜੇ ਵਿਅਕਤੀਆਂ ਨੂੰ ਰੇਤ ਖ਼ਣਨ ਦਾ ਹੱਕ ਦੇਣ ਬਾਰੇ ਵੀ ਗੱਲ ਕੀਤੀ। ਸਿਰਸਾ ਘਾਟ ’ਤੇ ਠਹਿਰਾਅ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਜਿਹੀਆਂ ਸਕੀਮਾਂ ਆਰੰਭੀਆਂ ਪਰ ਅਫ਼ਸੋਸ ਮੌਜੂਦਾ ਸਮੇਂ ਬੇਰੁਜ਼ਗਾਰੀ ਸਿਖ਼ਰਾਂ ਉੱਤੇ ਹੈ। ਉਨ੍ਹਾਂ ਇਹ ਬੇਹੱਦ ਅਹਿਮ ਯਾਤਰਾ ਪ੍ਰਯਾਗਰਾਜ ਜ਼ਿਲ੍ਹੇ ਦੀ ਕਚਨਾਰ ਤਹਿਸੀਲ ਦੇ ਮਨੱਈਆ ਘਾਟ ਤੋਂ ਆਰੰਭੀ। ਕਾਂਗਰਸ ਜਨਰਲ ਸਕੱਤਰ ਪੂਰਬੀ ਉੱਤਰ ਪ੍ਰਦੇਸ਼ ਦੇ ਇਸ ਤਿੰਨ ਦਿਨਾ ਦੌਰੇ ਦੌਰਾਨ ਕਿਸ਼ਤੀ ਰਾਹੀਂ ਗੰਗਾ ਵਿਚ ਅਲਾਹਾਬਾਦ ਤੋਂ ਵਾਰਾਨਸੀ ਤੱਕ 100 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੌਰਾਨ ਉਹ ਕਈ ਮੰਦਰਾਂ ਵਿਚ ਵੀ ਨਤਮਸਤਕ ਹੋਵੇਗੀ ਤੇ ਯੂਪੀ ਦੀ ਸਿਆਸੀ ਹਵਾ ਦਾ ਰੁਖ਼ ਵੀ ਤਲਾਸ਼ੇਗੀ। ਕਾਂਗਰਸ ਕਰੀਬ ਤਿੰਨ ਦਹਾਕੇ ਤੋਂ ਉੱਤਰ ਪ੍ਰਦੇਸ਼ ਵਿਚ ਮਜ਼ਬੂਤੀ ਨਾਲ ਨਹੀਂ ਉੱਭਰ ਸਕੀ ਹੈ। ਸੀਤਾਮੜ੍ਹੀ ਵਿਚ ਰਾਤ ਰੁਕਣ ਤੋਂ ਬਾਅਦ ਭਲਕੇ ਪ੍ਰਿਯੰਕਾ ਮੁੜ ਯਾਤਰਾ ਸ਼ੁਰੂ ਕਰੇਗੀ।

Facebook Comment
Project by : XtremeStudioz