Close
Menu

ਯੂ.ਪੀ.ਏ. ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਦੀ ਹੋ ਰਹੀ ਹੈ ਬਦਨਾਮੀ- ਸੁਖਬੀਰ

-- 08 August,2013

2-32

ਰੂਪਨਗਰ, 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ  ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮੀ ਖੱਟਣੀ ਪੈ ਰਹੀ ਹੈ ਅਤੇ ਸਥਿਤੀ ਇੱਥੋਂ ਤੱਕ ਨਿਘਰ ਗਈ ਹੈ ਕਿ ਹੁਣ ਨੇਪਾਲ ਤੇ ਬੰਗਲਾਦੇਸ਼ ਵਰਗੇ ਦੇਸ਼ ਵੀ ਭਾਰਤ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ।

ਅੱਜ ਇੱਥੇ 592 ਸਰਪੰਚਾਂ ਤੇ 3297 ਪੰਚਾਂ ਨੂੰ ਸਹੁੰ ਚਕਾਉਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੇਸ਼ ਦੀ ਸਥਿਤੀ ‘ਤੇ ਕੋਈ ਕੰਟਰੋਲ ਨਹੀਂ ਹੈ ਅਤੇ ਸਰਕਾਰ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਦੂਜੇ ਦਿਨ ਚੀਨ ਸਾਡਾ ਬਾਰਡਰ ਲੰਘ ਆਉਂਦਾ ਹੈ ਤੇ ਹੁਣ ਪਾਕਿਸਤਾਨ ਵਲੋਂ ਸਾਡੇ 5 ਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 26-11 ਵਰਗੇ ਦਰਦਨਾਕ ਹਮਲੇ ਪਿੱਛੋਂ ਵੀ ਕੇਂਦਰ ਸਰਕਾਰ ਪਾਕਿਸਤਾਨ ਨੂੰ ਸਖਤ ਸੁਨੇਹਾ ਦੇਣ ਵਿਚ ਨਾਕਾਮ ਰਹੀ ਸੀ।

ਰੋਮ ਦੇ ਹਵਾਈ ਅੱਡੇ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਪੱਗ ਉਤਾਰਨ ਨੂੰ ਮੰੰਦਭਾਗਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਅਨੇਕਾਂ ਵਾਰ ਇਟਲੀ ਦੇ ਹਵਾਈ ਅੱਡਿਅÎਾਂ ‘ਤੇ ਸਿੱਖਾਂ ਦੀਆਂ ਪੱਗਾਂ ਲਾਹੁਣ  ਦੀਆਂ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ ਤੇ ਸ੍ਰੀਮਤੀ ਸੋਨੀਆ ਗਾਂਧੀ ਦੇ ਇਟਲੀ ਨਾਲ ਸਬੰਧਾਂ ਕਰਕੇ ਕੇਂਦਰ ਸਰਕਾਰ ਇਟਲੀ ਵਿਰੁੱਧ ਕੋਈ ਸਖਤ ਕਦਮ ਚੁੱਕਣ ਵਿਚ ਨਾਕਾਮ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੂੰ ਪੱਤਰ ਲਿਖਕੇ ਸਿੱਖਾਂ ਦੀ ਪੱਗ ਦੀ ਆਨ ਤੇ ਸ਼ਾਨ ਬਰਕਰਾਰ ਰੱਖਣ ਲਈ ਇਟਲੀ ਨਾਲ ਗੱਲਬਾਤ ਕਰਨ ਲਈ ਕਹਿ ਚੁੱਕਾ ਹਾਂ , ਪਰ ਪ੍ਰਧਾਨ ਮੰਤਰੀ ਵਲੋਂ ਆਪਣੀ ਕੁਰਸੀ ਬਚਾਉਣ ਦੀ ਖਾਤਰ ਤੇ ਸੋਨੀਆ ਗਾਂਧੀ ਦੇ ਦਬਾਅ ਕਾਰਨ ਕੋਈ ਕਦਮ ਨਹੀਂ ਚੱਕਿਆ ਜਾ ਰਿਹਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਰੇਤੇ ਤੇ ਬੱਜਰੀ ਦੀ ਨਕਲੀ ਥੁੜ੍ਹ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਵਾਤਾਵਰਣ ਮੰਤਰਾਲੇ ਵਲੋਂ ਪੰਜਾਬ ਅੰਦਰ ਖਾਣਾਂ ਦੀ ਖੁਦਾਈ ਦੀ ਮਨਜ਼ੂਰੀ ਦੇਣ ਸਬੰਧੀ ਫਾਇਲਾਂ 3-3 ਸਾਲ ਤੱਕ ਦੱਬਕੇ ਰੱਖੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਲਗਾਤਾਰ ਕੀਤੇ ਯਤਨਾਂ ਪਿੱਛੋਂ ਹੁਣ ਅਨੇਕਾਂ ਖਾਣਾਂ ਵਿਚੋਂ ਖੁਦਾਈ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ 2 ਮਹੀਨੇ ਅੰਦਰ ਰੇਤੇ ਦੇ ਭਾਅ ਬਹੁਤ ਹੇਠਾਂ ਆ ਜਾਣਗੇ।

ਭੋਜਨ ਸੁੱਰਖਿਆ ਬਿੱਲ ਨੂੰ ਆਟਾ ਦਾਲ ਸਕੀਮ ਦੀ ਕਾਪੀ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਦਾਲ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਕਿਉਂ ਜੋ ਇਕੱਲੇ ਚੌਲਾਂ ਤੇ ਕਣਕ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਇਸ ਤੋਂ  ਪਹਿਲਾਂ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਸਹੁੰ ਚੁਕਾਉਣ ਮੌਕੇ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਕਾਸ ਕੰਮਾਂ ਕਰਕੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੁਬਾਰਾ ਬਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ  ਲੋਕਾਂ ਦੀ ਨਬਜ਼ ਪਛਾਨਣ ਵਿਚ ਨਾਕਾਮ ਰਹੀ ਹੈ ਜਦਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੋ ਕਿ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪਹੁੰਚੇ ਹਨ, ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੱਭਿਆਚਾਰ ਪੰਜ ਤਾਰਾ ਹੈ ਜਦਕਿ ਮੁੱਖ ਮੰਤਰੀ ਸ. ਬਾਦਲ ਨੇ ਲੋਕਾਂ ਦੀਆਂ ਲੋੜਾਂ ਅਨੁਸਾਰ ਆਟਾ ਦਾਲ, ਸ਼ਗਨ ਸਕੀਮ, ਪੈਨਸ਼ਨ ਸਕੀਮਾਂ ਸ਼ੁਰੂ ਕੀਤੀਆਂ ਸਨ।

ਉਨ੍ਹਾਂ ਕਿਹਾ ਕਿ ਜਦ ਪੰਜਾਬ ਵਿਚ ਅਕਾਲੀ-ਭਾਜਪਾ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਤਾਂ  ਪ੍ਰਧਾਨ ਮੰਤਰੀ ਨੇ ਇਸਨੂੰ ਫਜੂਲ ਖਰਚੀ ਦੱਸਿਆ ਸੀ ਤੇ ਅੱਜ ਸਮਾਂ ਇਹ ਹੈ ਕਿ ਕੇਂਦਰ ਸਰਕਾਰ ਆਪਣੀ ਕੁਰਸੀ ਬਚਾਉਣ ਲਈ ਭੋਜਨ ਸੁੱਰਖਿਆ ਬਿੱਲ ਲਿਆ ਰਹੀ ਹੈ ਜੋ ਕਿ ਸਾਡੀ ਸਕੀਮ ਦੀ ਨਕਲ ਹੈ। ਆਟਾ ਦਾਲ ਸਕੀਮ ਦਾ ਘੇਰਾ ਵਧਾਉਣ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਤਹਿਤ ਵਰਤਮਾਨ 15 ਲੱਖ ਪਰਿਵਾਰਾਂ ਤੋਂ ਵਧਾਕੇ ਇਸਨੂੰ 30 ਲੱਖ ਪਰਿਵਾਰਾਂ ਤੱਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 1700 ਕਰੋੜ ਦੀ ਲਾਗਤ ਨਾਲ ਪੰਜਾਬ ਦੀਆਂ ਸਾਰੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਅਗਲੇ 4 ਮਹੀਨਿਆਂ ਦੌਰਾਨ ਕੀਤਾ ਜਾਵੇਗਾ।

ਸੂਬੇ ਵਿਚ ਵਿੱਤੀ ਸੰਕਟ ਬਾਰੇ ਕਾਂਗਰਸ ਦੇ ਪ੍ਰਚਾਰ  ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ 3 ਸਾਲ ਦੌਰਾਨ 40 ਹਜ਼ਾਰ ਕਰੋੜ ਨਾਲ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਰੂਪਨਗਰ ਜਿਲ੍ਹੇ ਲਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਰੋਪੜ ਬਾਈਪਾਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜਦਕਿ ਰੋਪੜ-ਫਗਵਾੜਾ ਸੜਕ  ਨੂੰ 1400 ਕਰੋੜ ਦੀ ਲਾਗਤ ਨਾਲ 4 ਮਾਰਗੀ ਕੀਤਾ ਜਾ ਰਿਹਾ ਹੈ। ਸ. ਬਾਦਲ ਵਲੋਂ ਵੱਖ-ਵੱਖ ਹਲਕਿਆਂ ਦੇ ਵਿਕਾਸ ਲਈ 8 ਕਰੋੜ ਰੁਪੈ ਡਾ ਦਲਜੀਤ ਸਿੰਘ ਚੀਮਾ, 5.5 ਕਰੋੜ ਰੁਪੈ ਮਦਨ ਮੋਹਨ ਮਿੱਤਲ ਤੇ 1.5  ਕਰੋੜ ਰੁਪੈ ਦੇ ਚੈਕ ਸਤਵੰਤ ਕੌਰ ਸੰਧੂ ਨੂੰ ਦਿੱਤੇ । ਇਸ ਤੋਂ ਇਲਾਵਾ ਸਿਹਤ ਮੰਤਰੀ ਸ੍ਰੀ ਮਿੱਤਲ ਵਲੋਂ ਨੰਗਲ ਹਸਪਤਾਲ ਲਈ 5 ਕਰੋੜ ਰੁਪੈ ਦੇਣ ਦਾ ਐਲਾਨ ਵੀ ਕੀਤਾ ਗਿਆ।

ਇਸ ਮੌਕੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਵਲੋਂ ਰੂਪਨਗਰ ਜਿਲ੍ਹੇ ਦੇ ਵਿਕਾਸ ਲਈ ਕੀਤੇ ਯਤਨਾਂ ਬਦਲੇ ਸ. ਬਾਦਲ ਦਾ ਧੰਨਵਾਦ ਕੀਤਾ।  ਇਸ ਮੌਕੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਅਕਾਲੀ ਦਲ ਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਿਲ ਸਨ।

Facebook Comment
Project by : XtremeStudioz