Close
Menu

ਰਣਜੀ ਟਰਾਫੀ: ਵਿਦਰਭ ਨੇ ਪੰਜਾਬ ਨੂੰ 195 ਦੌੜਾਂ ’ਤੇ ਸਮੇਟਿਆ

-- 16 December,2014

ਨਾਗਪੁਰ, ਰਾਕੇਸ਼ ਧਰੁਵ (ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਵਿਦਰਭ ਨੇ ਰਣਜੀ ਟਰਾਫੀ ਗਰੁੱਪ ‘ਬੀ’ ਦੇ ਮੈਚ ਵਿੱਚ ਅੱਜ ਪੰਜਾਬ ਨੂੰ ਪਹਿਲੇ ਦਿਨ 195 ਦੌੜਾਂ ’ਤੇ ਹੀ ਢੇਰ ਕਰ ਦਿੱਤਾ। ਵਿਦਰਭ ਦੇ ਤੇਜ਼ ਗੇਂਦਬਾਜ਼ ਸ੍ਰੀਕਾਂਤ ਨੇ ਤੀਜੇ ਓਵਰ ਵਿੱਚ ਪੰਜਾਬ ਦੇ ਸਲਾਮੀ ਬੱਲੇਬਾਜ਼ ਮਨਨ ਵੋਹਰਾ (2 ਦੌੜਾਂ) ਨੂੰ ਆਊਟ ਕੀਤਾ। ਇਸ ਬਾਅਦ ਸਵਪਨਿਲ ਬਾਂਦੀਵਾਰ ਨੇ ਜੀਵਨਜੋਤ ਸਿੰਘ (26 ਦੌੜਾਂ) ਨੂੰ ਆਊਟ ਕੀਤਾ। ਅਮਿਤੋਜ ਸਿੰਘ (11 ਦੌੜਾਂ) ਅਤੇ ਮਨਦੀਪ ਸਿੰਘ (1 ਦੌੜ) ਵੀ ਸਸਤੇ ਵਿੱਚ ਨਿਪਟ ਗਏ। ਗੁਰਕੀਰਤ ਸਿੰਘ ਨੇ 75 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਨੂੰ ਸ਼ਰਮਨਾਕ ਸਕੋਰ ’ਤੇ ਸਿਮਟਣ ਤੋਂ ਬਚਾਇਆ। ਗੁਰਕੀਰਤ ਨੂੰ ਬਾਂਦੀਵਾਰ ਨੇ ਕੈਚ ਆਊਟ ਕਰਾਇਆ। ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਵਿਦਰਭ ਨੇ ਬਿਨਾਂ ਕਿਸੇ ਨੁਕਸਾਨ ਦੇ ਤਿੰਨ ਦੌੜਾਂ ਬਣਾ ਲਈਆਂ ਸਨ।
ਜੰਮੂ-ਕਸ਼ਮੀਰ ਖ਼ਿਲਾਫ਼ ਤਾਮਿਲ ਨਾਡੂ ਮਜ਼ਬੂਤ: ਆਫ ਸਪਿੰਨਰ ਐਮ ਰੰਗਰਾਜਨ ਦੀਆਂ 93 ਦੌੜਾਂ ਦੀ ਮਦਦ ਨਾਲ ਤਾਮਿਲ ਨਾਡੂ ਨੇ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਦੂਜੇ ਗੇੜ ਦੇ ਮੈਚ ਦੇ ਪਹਿਲੇ ਦਿਨ ਜੰਮੂ-ਕਸ਼ਮੀਰ ਖ਼ਿਲਾਫ਼ ਪਹਿਲੀ ਪਾਰੀ ਵਿੱਚ 254 ਦੌੜਾਂ ਬਣਾਈਆਂ ਹਨ। ਸਪਿੰਨਰ ਵਸੀਮ ਰਾਜਾ ਨੇ 68 ਦੌੜਾਂ ਦੇ ਕੇ ਪੰਜ ਵਿਕਟਾਂ ਝਟਕਾਈਆਂ। ਦਿਨ ਦੀ ਖੇਡ ਸਮਾਪਤ ਹੋਣ ਤਕ ਜੰਮੂ-ਕਸ਼ਮੀਰ ਨੇ ਤਿੰਨ ਵਿਕਟਾਂ ਸਿਰਫ 28 ਦੌੜਾਂ ਤਕ ਗੁਆ ਦਿੱਤੀਆਂ ਸਨ।
ਬੰਗਾਲ ਖ਼ਿਲਾਫ਼ ਕਰਨਾਟਕ ਸੰਭਲਿਆ: ਬੰਗਾਲ ਦੇ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਵੱਲੋਂ ਚਾਰ ਵਿਕਟਾਂ ਝਟਕਾਉਣ ਦੇ ਬਾਵਜੂਦ ਕਰਨਾਟਕ ਨੇ ਰਣਜੀ ਟਰਾਫੀ ਗਰੁੱਪ ‘ਏ’ ਦੇ ਮੈਚ ਦੇ ਪਹਿਲੇ ਦਿਨ ਵਾਪਸੀ ਕਰਦਿਆਂ ਸੱਤ ਵਿਕਟਾਂ ’ਤੇ 237 ਦੌੜਾਂ ਬਣਾ ਲਈਆਂ ਹਨ। ਡਿੰਡਾ ਨੇ 50 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਵੀਰ ਪ੍ਰਤਾਪ ਸਿੰਘ ਨੇ 45 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਪਹਿਲਾਂ ਬੱਲੇਬਾਜ਼ੀ ਲਈ ਉੱਤਰੀ ਕਰਨਾਟਕ ਦੀਆਂ ਪੰਜ ਵਿਕਟਾਂ 69 ਦੌੜਾਂ ਤਕ ਉਖੜ ਗਈਆਂ ਸਨ। ਉਸ ਬਾਅਦ ਸੀਐਮ. ਗੌਤਮ ਨੇ 81 ਗੇਂਦਾਂ ’ਚ 63 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਖਰਾਬ ਰੋਸ਼ਨੀ ਕਾਰਨ 66ਵੇਂ ਓਵਰ ਵਿੱਚ ਖੇਡ ਰੋਕਣੀ ਪਈ। ਉਸ ਸਮੇਂ ਕਪਤਾਨ ਆਰ ਵਿਨੈ ਕੁਮਾਰ 42 ਦੌੜਾਂ ਅਤੇ ਸ਼੍ਰੇਅਮ ਗੋਪਾਲ 27 ਦੌੜਾਂ ਬਣਾ ਕੇ ਖੇਡ ਰਹੇ ਸਨ।
ਕੇਰਲਾ ਦੀਆਂ ਸੱਤ ਵਿਕਟਾਂ ’ਤੇ 202 ਦੌੜਾਂ: ਕੇਰਲਾ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦਿਆਂ ਆਂਧਰਾ ਖ਼ਿਲਾਫ਼ ਰਣਜੀ ਟਰਾਫ਼ੀ ਗਰੁੱਪ ‘ਸੀ’ ਦੇ ਮੈਚ ਵਿੱਚ ਸੱਤ ਵਿਕਟਾਂ ’ਤੇ 202 ਦੌੜਾਂ ਬਣਾ ਲਈਆਂ ਹਨ। ਇਕ ਸਮੇਂ ਕੇਰਲਾ ਦੀਆਂ ਸੱਤ ਵਿਕਟਾਂ ’ਤੇ 108 ਦੌੜਾਂ ਸਨ। ਇਸ ਬਾਅਦ ਰੈਫੀ ਗੋਮੇਜ ਤੇ ਉੰਨੀਕ੍ਰਿਸ਼ਨਨ ਮਨੂਕ੍ਰਿਸ਼ਨਨ ਨੇ ਅੱਠਵੀਂ ਵਿਕਟ ਲਈ ਨਾਬਾਦ 94 ਦੌੜਾਂ ਜੋੜ ਕੇ 200 ਦੌੜਾਂ ਦੇ ਪਾਰ ਕੀਤਾ। ਆਂਧਰਾ ਲਈ ਡੀ.ਸ਼ਿਵਕੁਮਾਰ ਨੇ ਤਿੰਨ ਵਿਕਟਾਂ ਤੇ ਸੀ ਸਟੀਫਨ ਨੇ ਦੋ ਵਿਕਟਾਂ ਝਟਕਾਈਆਂ।
ਗੁਜਰਾਤ ਨੇ ਉੜੀਸਾ ’ਤੇ ਦਬਾਅ ਬਣਾਇਆ: ਕਟਕ ਵਿੱਚ ਗੁਜਰਾਤ ਦੇ ਤੇਜ਼ ਗੇਂਦਬਾਜ਼ ਰੂਥ ਕਲਾਰੀਆ ਨੇ ਪੰਜ ਵਿਕਟਾਂ ਝਟਕਾ ਕੇ ਰਣਜੀ ਟਰਾਫ਼ੀ ਗਰੁੱਪ ‘ਬੀ’ ਦੇ ਮੈਚ ਦੇ ਪਹਿਲੇ ਦਿਨ ਅੱਜ ਉੜੀਸਾ ’ਤੇ ਦਬਾਅ ਬਣਾ ਲਿਆ ਹੈ। ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਉੜੀਸਾ ਨੇ ਅੱਠ ਵਿਕਟਾਂ ’ਤੇ 219 ਦੌੜਾਂ ਬਣਾ ਲਈਆਂ ਸਨ। ਇਸ ਸਮੇਂ ਹਲਧਰ ਦਾਸ 34 ਦੌੜਾਂ ਤੇ ਸੂਰਯਕਾਂਤ ਪ੍ਰਧਾਨ 8 ਦੌੜਾਂ ਬਣਾ ਕੇ ਖੇਡ ਰਿਹਾ ਸੀ।
ਉੱਤਰ ਪ੍ਰਦੇਸ਼ ਨੇ ਮੱਧ ਪ੍ਰਦੇਸ਼ ’ਤੇ ਸ਼ਿਕੰਜਾ ਕੱਸਿਆ: ਇੰਦੌਰ ਵਿੱਚ ਉੱਤਰ ਪ੍ਰਦੇਸ਼ ਨੇ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਦੇ ਪਹਿਲੇ ਦਿਨ ਅੱਜ ਮੱਧ ਪ੍ਰਦੇਸ਼ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਿਆ। ਮੱਧ ਪ੍ਰਦੇਸ਼ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਸੱਤ ਵਿਕਟਾਂ ਦੇ ਨੁਕਸਾਨ ’ਤੇ ਮਹਿਜ਼ 195 ਦੌੜਾਂ ਬਣਾਈਆਂ ਹਨ। ਉੱਤਰ ਪ੍ਰਦੇਸ਼ ਵੱਲੋਂ ਪ੍ਰਵੀਨ ਕੁਮਾਰ ਤੇ ਰੁਦਰਪ੍ਰਤਾਪ ਸਿੰਘ ਨੇ ਤਿੰਨ ਤਿੰਨ ਵਿਕਟਾਂ ਝਟਕਾਈਆਂ।
ਖਰਾਬ ਮੌਸਮ ਮੁੰਬਈ ਤੇ ਰੇਲਵੇ ਦਰਮਿਆਨ ਮੈਚ ਲਈ ਬਣਿਆ ਅੜਿੱਕਾ:ਨਵੀਂ ਦਿੱਲੀ ’ਚ ਖਰਾਬ ਮੌਸਮ ਕਾਰਨ ਰੇਲਵੇ ਤੇ ਮੁੰਬਈ ਦਰਮਿਆਨ ਰਣਜੀ ਟਰਾਫ਼ੀ ਮੈਚ ਦੇ ਅੱਜ ਪਹਿਲੇ ਦਿਨ ਸਿਰਫ਼ 8.2 ਓਵਰ ਹੀ ਸੁੱਟੇ ਜਾ ਸਕੇ। ਪਹਿਲੇ ਦਿਨ ਰੇਲਵੇ ਨੇ ਦੋ ਵਿਕਟਾਂ ’ਤੇ 25 ਦੌੜਾਂ ਬਣਾਈਆਂ ਹਨ। ਮੁੰਬਈ ਵੱਲੋਂ ਸਰਦੁਲ ਠਾਕੁਰ ਨੇ ਸਲਾਮੀ ਬੱਲੇਬਾਜ਼ ਅਸਦ ਪਠਾਣ ਨੂੰ ਕੈਚ ਆਊਟ ਕਰਾਉਣ ਅਤੇ ਜਾਵੇਦ ਖਾਨ ਨੇ ਅਭਿਸ਼ੇਕ ਕੌਸ਼ਿਕ (4 ਦੌੜਾਂ) ਨੂੰ ਬਾਹਰ ਦਾ ਰਸਤਾ ਦਿਖਾਇਆ। ਇਸ ਬਾਅਦ ਖਰਾਬ ਮੌਸਮ ਕਾਰਨ ਮੈਚ ਰੋਕਣਾ ਪਿਆ।
ਹਰਿਆਣਾ ਦੀਆਂ ਦੋ ਵਿਕਟਾਂ ’ਤੇ 41 ਦੌੜਾਂ: ਰੋਹਤਕ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਦਰਮਿਆਨ ਖੇਡੇ ਗਏ ਰਣਜੀ ਟਰਾਫ਼ੀ ਗਰੁੱਪ ‘ਬੀ’ ਦੇ ਮੈਚ ਵਿੱਚ ਮੀਂਹ ਨਾਲ ਵਿਘਨ ਪਿਆ। ਪਹਿਲੇ ਦਿਨ ਮੇਜ਼ਬਾਨ ਟੀਮ ਨੇ ਦੋ ਵਿਕਟਾਂ ’ਤੇ 41 ਦੌੜਾਂ ਬਣਾਈਆਂ ਹਨ। ਮਹਾਰਾਸ਼ਟਰ ਦੇ ਤੇਜ਼ ਗੇਂਦਬਾਜ਼ ਸਮਦ ਫੱਲਾਹ ਨੇ ਦੋ ਵਿਕਟਾਂ ਝਟਕਾਈਆਂ।

Facebook Comment
Project by : XtremeStudioz