Close
Menu

ਰਾਇਲ ਚੈਲੰਜਰਜ਼ ਬੰਗਲੌਰ ਨੂੰ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਚੇਨਈ ਫਾਇਨਲ ‘ਚ

-- 23 May,2015

ਫਾਈਨਲ ‘ਚ ਚੇਨਈ ਹੀ ਭਿੜੇਗੀ ਮੁੰਬਈ ਨਾਲ
ਰਾਂਚੀ –ਆਸ਼ੀਸ਼ ਨਹਿਰਾ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਮਾਈਕ ਹਸੀ ਦੇ ਜੁਝਾਰੂ ਅਰਧ ਸੈਂਕੜੇ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਕੁਆਲੀਫਾਇਰ ਵਿਚ ਅੱਜ ਇੱਥੇ ਰਾਇਲ ਚੈਲੰਜਰਜ਼ ਬੰਗਲੌਰ ਨੂੰ ਰੋਮਾਂਚਕ ਮੁਕਾਬਲੇ ਵਿਚ 3 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ।  ਆਈ. ਪੀ. ਐੱਲ. ਵਿਚ ਆਰ. ਸੀ. ਬੀ. ‘ਤੇ ਸੁਪਰ ਕਿੰਗਜ਼ ਦੀ ਇਹ ਤਿੰਨ ਮੈਚਾਂ ਵਿਚ ਤੀਜੀ ਜਿੱਤ ਹੈ। 24 ਮਈ ਨੂੰ ਫਾਈਨਲ ਵਿਚ ਹੁਣ ਚੇਨਈ ਦਾ ਮੁੰਬਈ ਨਾਲ ਹੀ ਖਿਤਾਬ ਲਈ ਮੁਕਾਬਲਾ ਹੋਵੇਗਾ, 20 ਮਈ ਨੂੰ ਉਹ ਪਹਿਲੇ ਕੁਆਲੀਫਾਇਰ ਵਿਚ ਹਾਰ ਗਈ ਸੀ। ਆਈ. ਪੀ. ਐੱਲ. ਅੰਕ ਸੂਚੀ ਵਿਚ ਚੋਟੀ ਟੀਮ ਹੋਣ ਕਾਰਨ ਉਸ ਕੋਲ ਦੋ ਮੌਕੇ ਸਨ, ਜਿਨ੍ਹਾਂ ਵਿਚੋਂ ਪਹਿਲਾ ਤਾਂ ਉਸ ਨੇ ਗੁਆ ਲਿਆ ਸੀ ਪਰ ਦੂਜੇ ਮੌਕੇ ਨੂੰ ਉਸ ਨੇ ਹੱਥੋਂ ਨਹੀਂ ਜਾਣ ਦਿੱਤਾ ਤੇ ਫਾਈਨਲ ਵਿਚ ਜਗ੍ਹਾ ਬਣਾ ਲਈ।
ਫਾਈਨਲ ਵਿਚ ਹੁਣ ਚੇਨਈ ਦਾ ਟੀਚਾ ਰਹੇਗਾ ਕਿ ਉਹ ਪਹਿਲੇ ਕੁਆਲੀਫਾਇਰ ਵਿਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਖਿਤਾਬ ‘ਤੇ ਕਬਜ਼ਾ ਕਰੇ।  ਆਰ. ਸੀ. ਬੀ. ਦੇ 140 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਹਸੀ ਨੇ 56 ਦੌੜਾਂ ਦੀ ਪਾਰੀ ਖੇਡਣ ਦੇ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ (26) ਦੇ ਨਾਲ ਚੌਥੀ ਵਿਕਟ ਲਈ 47 ਦੌੜਾਂ ਜੋੜ ਕੇ ਟੀਮ ਨੂੰ 19.5 ਓਵਰਾਂ ਵਿਚ ਸੱਤ ਵਿਕਟਾਂ ‘ਤੇ 140 ਦੌੜਾਂ ਬਣਾ ਕੇ ਜਿੱਤ ਦਰਜ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਸੁਪਰ ਕਿੰਗਜ਼ ਨੇ ਆਸ਼ੀਸ਼ ਨਹਿਰਾ (28 ਦੌੜਾਂ ‘ਤੇ 3 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਆਰ. ਸੀ. ਬੀ. ਨੂੰ 8 ਵਿਕਟਾਂ ‘ਤੇ 139 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ। ਰਵੀਚੰਦਰਨ ਅਸ਼ਵਿਨ ਨੇ ਬੇਹੱਦ ਕਫਾਇਤੀ ਗੇਂਦਬਾਜ਼ੀ ਕਰਦੇ ਹੋਏ 13 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਡਵੇਨ ਬ੍ਰਾਵੋ ਤੇ ਮੋਹਿਤ ਸ਼ਰਮਾ ਨੇ ਵੀ ਕ੍ਰਮਵਾਰ 21 ਤੇ 22 ਦੌੜਾਂ ਦੇ ਕੇ ਇਕ ਵਿਕਟ ਲਈ।
ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੋਏ ਦੋਵੇਂ ਲੀਗ ਮੈਚਾਂ ਵਿਚ ਵੀ ਸੁਪਰ ਕਿੰਗਜ਼ ਨੇ ਹੀ ਜਿੱਤ ਦਰਜ ਕੀਤੀ ਸੀ। ਚੇਨਈ ਦੀ ਟੀਮ 22 ਅਪ੍ਰੈਲ ਨੂੰ ਬੰਗਲੌਰ ਵਿਚ 27 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ 4 ਮਈ ਨੂੰ ਚੇਨਈ ਵਿਚ ਆਰ. ਸੀ. ਬੀ.  ਨੂੰ 24 ਦੌੜਾਂ ਨਾਲ ਹਰਾਇਆ ਸੀ।

Facebook Comment
Project by : XtremeStudioz