Close
Menu

ਰਾਖਵੇਂਕਰਨ ਨੂੰ ਲੈ ਕੇ ਗੁੱਜਰ ਭਾਈਚਾਰੇ ਦਾ ਅੰਦੋਲਨ ਭਖਿਆ

-- 25 May,2015

ਭਰਤਪੁਰ/ਜੈਪੁਰ-ਨੌਕਰੀਆਂ ਵਿਚ 5 ਫੀਸਦੀ ਰਾਖਵਾਂਕਰਨ ਦੇਣ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਦੇ ਇਕ ਦਿਨ ਬਾਅਦ ਅੱਜ ਗੁੱਜਰ ਭਾਈਚਾਰੇ ਦੇ ਲੋਕਾਂ ਵੱਲੋਂ ਜੈਪੁਰ-ਆਗਰਾ ਹਾਈਵੇ ਬੰਦ ਕਰਕੇ ਰਾਜਸਥਾਨ ਦੇ ਕਈ ਹਿੱਸਿਆਂ ਵਿਚ ਜਾਮ ਲਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਪੂਰੇ ਸੂਬੇ ਵਿਚ ਅੰਦੋਲਨ ਫੈਲਾਅ ਦੇਣਗੇ | ਇਸ ਦੌਰਾਨ ਪੁਲਿਸ ਨੇ ਗੁੱਜਰਾਂ ਦੇ ਕੁਝ ਆਗੂਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਗੁੱਜਰਾਂ ਦੇ ਅੰਦੋਲਨ ਦੇ ਪਹਿਲੇ ਦਿਨ ਵੀਰਵਾਰ ਨੂੰ ਭਰਤਪੁਰ ਵਿਚ ਦਿੱਲੀ-ਮੁੰਬਈ ਰੇਲ ਮਾਰਗ ਜਾਮ ਕਰਨ ‘ਤੇ ਕਈ ਗੱਡੀਆਂ ਪ੍ਰਭਾਵਿਤ ਹੋਈਆਂ ਸਨ, ਅੱਜ ਭਾਈਚਾਰੇ ਦੇ ਲੋਕਾਂ ਨੇ ਦੌਸਾ ਵਿਚ ਕੌਮੀ ਹਾਈਵੇ 11 ਅਤੇ ਸੂਬਾਈ ਮਾਰਗ ਸਵੈਮਾਧੋਪੁਰ ਵਿਖੇ ਜਾਮ ਲਾ ਦਿੱਤਾ | ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਾ ਜਿਨ੍ਹਾਂ ਨੇ ਸਾਲ 2008 ਵਿਚ ਵੀ ਅੰਦੋਲਨ ਚਲਾਇਆ ਸੀ, ਦੀ ਅਗਵਾਈ ਵਿਚ ਦੌਸਾ ਦੇ ਸਿਕੰਦਰਾ ਕਸਬੇ ਵਿਚ ਵੱਡੀ ਗਿਣਤੀ ਵਿਚ ਗੁੱਜਰ ਇਕੱਠੇ ਹੋਏ ਤੇ ਪੁਰਾਣੇ ਅੰਦੋਲਨ ਦੌਰਾਨ ਮਾਰੇ ਗਏ 21 ਲੋਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਸਿਕੰਦਰਾ ਦੇ ਕੌਮੀ ਮਾਰਗ ‘ਤੇ ਜਾਮ ਲਾ ਦਿੱਤਾ | ਇਸ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ | ਇਸ ਦੌਰਾਨ ਗੁੱਜਰ ਆਰਕਸ਼ਨ ਸੰਘਰਸ਼ ਸਮਿਤੀ ਦੇ ਬੁਲਾਰੇ ਹਿੰਮਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਰਾਜ ਦੇ ਬਾਕੀ ਹਿੱਸਿਆਂ ਵਿਚ ਵੀ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਸਾਡੀ ਸਰਕਾਰ ਨਾਲ ਗੱਲਬਾਤ ਹੋਈ ਜੋ ਸਫ਼ਲ ਨਹੀਂ ਹੋ ਸਕੀ | ਸਰਕਾਰ ਨੂੰ ਚਾਹੀਦਾ ਹੈ ਕਿ ਸਾਡੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰੇ | ਗੁੱਜਰ ਭਾਈਚਾਰੇ ਨੇ ਆਪਣਾ ਅੰਦੋਲਨ ਵੀਰਵਾਰ ਨੂੰ ਦਿੱਲੀ-ਮੁੰਬਈ ਰੇਲਵੇ ਲਾਈਨ ‘ਤੇ ਗੱਡੀਆਂ ਦੀ ਆਵਾਜਾਈ ਰੋਕ ਕੇ ਸ਼ੁਰੂ ਕੀਤਾ ਜਿਸ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਜਦਕਿ ਕਈ ਗੱਡੀਆਂ ਨੂੰ ਰੱਦ ਕਰਨਾ ਪਿਆ | ਬੀਤੇ ਦਿਨ ਰਾਸਸਥਾਨ ਸਰਕਾਰ ਤੇ ਭਾਈਚਾਰੇ ਦੇ ਲੋਕਾਂ ਵਿਚਾਲੇ ਗੱਲਬਾਤ ਹੋਈ ਜੋ ਬੇਸਿੱਟਾ ਰਹੀ | ਇਸ ਦੌਰਾਨ ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਨੇ ਦੋਸ਼ ਲਾਇਆ ਕਿ ਸਰਕਾਰ ਮੰਗਾਂ ਦੇ ਹੱਲ ਲਈ ਗੰਭੀਰ ਨਹੀਂ ਹੈ ਤੇ ਨਾ ਹੀ ਉਸ ਨੇ ਕੋਈ ਸਪੱਸ਼ਟ ਤਜਵੀਜ਼ ਪੇਸ਼ ਕੀਤੀ ਹੈ |
ਗੱਲਬਾਤ ਅੱਜ ਕਰਾਂਗੇ-ਰਾਠੌਰ
ਇਸ ਦੌਰਾਨ ਮੰਤਰੀ ਸ੍ਰੀ ਰਾਜੇਂਦਰ ਰਾਠੌਰ ਨੇ ਕਿਹਾ ਕਿ ਗੁੱਜਰ ਭਾਈਚਾਰੇ ਦੇ ਨੇਤਾਵਾਂ ਨਾਲ ਸੋਮਵਾਰ ਨੂੰ ਗੱਲਬਾਤ ਕੀਤੀ ਜਾਵੇਗੀ |

Facebook Comment
Project by : XtremeStudioz