Close
Menu

ਰਾਜਾ ਵੜਿੰਗ ਦੀ ਨਿਯੁਕਤੀ ਨਾਲ ਮੁਕਤਸਰ ਮੁੜ ਕੌਮੀ ਸਿਆਸੀ ਨਕਸ਼ੇ ’ਤੇ ਆਇਆ

-- 27 December,2014

* ਮੇਰੀ ਨਿਯੁਕਤੀ ਭਾਈ-ਭਤੀਜਾਵਾਦ ਮੁਕਤ ਕਾਂਗਰਸ ਦਾ ਸਬੂਤ: ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਸ਼ਿੰਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਕਾਰਨ ਮੁਕਤਸਰ ਨੂੰ ਪੰਜਾਬ ਦੀ ਸਿਆਸਤ ’ਚ ਅਹਿਮ ਸਥਾਨ ਹਾਸਲ ਹੈ ਪਰ ਹੁਣ ਇੱਥੋਂ ਦੇ ਵਸਨੀਕ ਤੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬਣਨ ਕਰਕੇ ਇਹ ਇਲਾਕਾ ਕੌਮੀ ਪੱਧਰ ਦੀ ਸਿਆਸਤ ਵਿੱਚ ਵੀ ਅਹਿਮ ਹੋ ਗਿਆ ਹੈ। ਆਖਿਆ ਜਾਂਦਾ ਹੈ ਕਿ ਰਾਜਾ ਵੜਿੰਗ ਵਜੋਂ ਜਾਣਿਆ ਜਾਂਦਾ ਅਮਰਿੰਦਰ ਸਿੰਘ ਵੜਿੰਗ ਭਵਿੱਖ ਵਿੱਚ ਮਾਲਵਾ ਖਿੱਤੇ ਵਿੱਚ ਅਕਾਲੀਆਂ ਲਈ ਵੱਡੀ ਚੁਣੌਤੀ ਸਾਬਤ ਹੋਵੇਗਾ।
ਨਵੀਂ ਦਿੱਲੀ ਵਿਖੇ ਪਾਰਟੀ ਮੁਖੀ ਨੂੰ ਮਿਲਣ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਮਿਲਣ ਵਾਲੇ ਉਨ੍ਹਾਂ ਦੇ ਸਮਰਥਕਾਂ ਤੇ ਸ਼ੁਭਚਿੰਤਕਾਂ ਦਾ ਤਾਂਤਾ ਲੱਗਿਆ ਹੋਇਆ ਸੀ ਜਿਨ੍ਹਾਂ ਵਿੱਚ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਯੂਥ ਕਾਂਗਰਸ ਦੇ ਸੀਨੀਅਰ ਆਗੂ ਮਾਣਵੀ ਰਾਮ ਖਟੀਕ ਵੀ ਸ਼ਾਮਲ ਸਨ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਹੋਣ ’ਤੇ ਪ੍ਰਤਿਕਿਰਿਆ ਜ਼ਾਹਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨੇ ਕਾਂਗਰਸ ਉਪਰ ਭਾਈ-ਭਤੀਜਾਵਾਦ ਤੇ ਆਮ ਵਰਕਰ ਨੂੰ ਅਣਗੌਲਿਆਂ ਕਰਨ ਦੇ ਲੱਗਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ ਕਿਉਂਕਿ ਉਹ ਨਾ ਤਾਂ ਗਾਂਧੀ ਪਰਿਵਾਰ ਦੇ ਜੀਅ ਹਨ ਤੇ ਨਾ ਹੀ ਕਿਸੇ ਵੱਡੇ ਸਿਆਸੀ ਕੁਨਬੇ ’ਚੋਂ ਤੇ ਨਾ ਹੀ ਰਾਜੇ-ਮਹਾਰਾਜਿਆਂ ਦੇ ਖਾਨਦਾਨ ’ਚੋਂ। ਉਨ੍ਹਾਂ ਕਿਹਾ ਕਿ ਬਲਾਕ ਪ੍ਰਧਾਨ ਤੋਂ ਤੁਰੇ ਆਮ ਵਰਕਰ ਨੂੰ ਕੌਮੀ ਪ੍ਰਧਾਨ ਬਣਾਉਣਾ ਸਾਬਤ ਕਰਦਾ ਹੈ ਕਿ ਕਾਂਗਰਸ ਵਿੱਚ ਕੰਮ ਕਰਨ ਵਾਲਿਆਂ ਦੀ ਹੀ ਵੁੱਕਤ ਹੈ ਤੇ ਰਾਹੁਲ ਗਾਂਧੀ ਦਾ ਇਹੀ ਏਜੰਡਾ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਦੇ ਮੁਖੀਆਂ ਤੋਂ ਵੱਖਰਾ ਕਰਦਾ ਹੈ।
ਸ੍ਰੀ ਵੜਿੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਹੁਣ ਸ਼ੁਰੂ ਕੀਤੀ ‘ਡਿਜੀਟਲ ਭਾਰਤ’ ਯੋਜਨਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਵੱਲੋਂ 2008 ਤੋਂ ‘ਆਨਲਾਈਨ ਪ੍ਰਫਾਰਮੈਂਸ ਸਿਸਟਮ’ ਹੇਠ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਕੋਈ ਵੀ ਬੂਥ ਪੱਧਰ ਦਾ ਅਖੀਰਲੀ ਲਾਈਨ ਵਿੱਚ ਖੜ੍ਹਾ ਵਰਕਰ ਆਪਣੀ ਆਈ.ਡੀ. ਬਣਾ ਕੇ ਡਾਊਨਲੋਡ ਕਰਕੇ ਕੌਮੀ ਪੱਧਰ ’ਤੇ ਨਾਮਜ਼ਦਗੀ ਦਰਜ ਕਰਵਾ ਸਕਦਾ ਹੈ।
ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਉਪਰੰਤ ਅਪਣਾਉਣ ਵਾਲੀ ਕਾਰਜਸ਼ੈਲੀ ਸਬੰਧੀ ਉਨ੍ਹਾਂ ਕਿਹਾ ਕਿ ਅਜੇ ਤਾਂ ਉਹ ਆਪਣਾ ਚਾਰਜ ਸੰਭਾਲ ਰਹੇ ਹਨ ਪਰ ਫਿਰ ਵੀ ਰਾਹੁਲ ਗਾਂਧੀ ਵੱਲੋਂ ਦਿੱਤੀ ਸੇਧ ਅਨੁਸਾਰ ਉਹ ਕਾਂਗਰਸ ਨੂੰ ਆਮ ਆਦਮੀ ਦੇ ਨੇੜੇ ਲਿਆਉਣ ਲਈ ਵਿਸ਼ੇਸ਼ ਯਤਨ ਕਰਨਗੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜੱਦੀ ਪਿੰਡ ਵੜਿੰਗ, ਰਿਹਾਇਸ਼ ਮੁਕਤਸਰ ਤੇ ਵਿਧਾਇਕ ਹਲਕਾ ਗਿੱਦੜਬਾਹਾ ਹੈ। ਸ੍ਰੀ ਵੜਿੰਗ ਦੇ ਦਾਦਾ ਸੰਪੂਰਨ ਸਿੰਘ ਨੇ ਲੰਮਾ ਸਮਾਂ ਪਹਿਲਾਂ ਐਸਜੀਪੀਸੀ ਦੀਆਂ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਨੂੰ ਹਰਾਇਆ ਸੀ।
ਸ੍ਰੀ ਵੜਿੰਗ ਨੇ ਆਪਣਾ ਸਿਆਸੀ ਸਫ਼ਰ 2000 ਵਿੱਚ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਵਜੋਂ ਸ਼ੁਰੂ ਕੀਤਾ ਸੀ। 2002 ਵਿੱਚ ਉਹ ਜ਼ਿਲ੍ਹਾ ਪ੍ਰਧਾਨ ਤੇ 2005 ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਬੁਲਾਰੇ ਨਾਮਜ਼ਦ ਕੀਤੇ ਗਏ ਸਨ। 2008 ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਾਸਤੇ ਕਰਵਾਈ ਵੋਟਿੰਗ ਵਿੱਚ ਰਾਜਾ ਵੜਿੰਗ, ਰਵਨੀਤ ਸਿੰਘ ਬਿੱਟੂ ਕੋਲੋਂ 487 ਵੋਟਾਂ ਦੇ ਫ਼ਰਕ ਨਾਲ ਪਛੜ ਗਏ ਸਨ। ਇਸ ਤੋਂ ਬਾਅਦ 2009 ਵਿੱਚ ਉਨ੍ਹਾਂ ਨੂੰ ਆਲ ਇੰਡੀਆ ਯੂਥ ਕਾਂਗਰਸ ਦਾ ਜਨਰਲ ਸਕੱਤਰ ਨਾਮਜ਼ਦ ਕੀਤਾ ਗਿਆ ਸੀ। 2012 ਵਿੱਚ ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ 18399 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵਿਧਾਇਕ ਬਣਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਗਤ ਦਰਸ਼ਨ ਦੌਰਾਨ ਸਿੱਧੇ ਸਵਾਲ ਕਰਨ, ਵਿਧਾਨ ਸਭਾ ਵਿੱਚ ਸਰਕਾਰ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨਚਿੰਨ੍ਹ ਲਾਉਣ ਤੇ ਸੱਤਾਧਾਰੀ ਧਿਰ ਦੀਆਂ ਜ਼ਿਆਦਤੀਆਂ ਅਤੇ ਲੋਕ ਵਿਰੋਧੀ ਫ਼ੈਸਲੇ ਨਾਟਕੀ ਰੂਪ ਵਿੱਚ ਉਭਾਰਨ ਕਾਰਨ ਵੀ ਰਾਜਾ ਵੜਿੰਗ ਸੁਰਖ਼ੀਆਂ ਵਿੱਚ ਰਹੇ ਹਨ।
ਵਿਧਾਇਕ ਰਾਜਾ ਵੜਿੰਗ ਵੱਲੋਂ ਲੋਕਾਂ ਦੇ ਨੇੜੇ ਰਹਿਣ ਲਈ ਹਰ ਪਿੰਡ ਵਿੱਚ 10-10 ਵਰਕਰ ਨਿਯੁਕਤ ਕੀਤੇ ਗਏ ਹਨ ਜਿਹੜੇ ਹਰ ਗਤੀਵਿਧੀ ਬਾਰੇ ਵਿਧਾਇਕ ਦਫ਼ਤਰ ਵਿੱਚ ਸੂਚਨਾ ਭੇਜਦੇ ਹਨ। ਉਨ੍ਹਾਂ ਦੇ ਨਿੱਜੀ ਸਕੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰੀ ਵੜਿੰਗ ਹਰ ਅਮੀਰ-ਗਰੀਬ ਦੇ ਦੁੱਖ-ਸੁੱਖ ’ਚ ਸ਼ਾਮਲ ਹੁੰਦੇ ਹਨ ਤੇ ਮਾਲੀ ਮਦਦ ਵੀ ਕਰਦੇ ਹਨ। ਲੋਕਾਂ ਦੇ ਬਹੁਤੇ ਝਗੜੇ ਤਾਂ ਉਹ ਦੋਵਾਂ ਧਿਰਾਂ ਨੂੰ ਸਮਝਾ-ਬੁਝਾ ਕੇ ਹੱਲ ਕਰ ਦਿੰਦੇ ਹਨ ਜਿਸ ਕਰਕੇ ਉਹ ਹਲਕੇ ਵਿੱਚ ਹਰਮਨਪਿਆਰੇ ਹਨ।
ਮੋਦੀ ਅਤੇ ਭਾਜਪਾ ਦੀ ਨੁਕਤਾਚੀਨੀ
ਰਾਜਾ ਵੜਿੰਗ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਭਾਵੁਕ ਗੱਲਾਂ ਬਾਤਾਂ ਤੇ ਡਿਜੀਟਲ ਤਕਨੀਕ ਨਾਲ ਲੋਕਾਂ ਦੇ ਨੇੜੇ ਹਨ ਪਰ ਉਹ ਲੋਕਾਂ ਦੇ ਦਿਲ ਵਿੱਚ ਨਹੀਂ ਵਸ ਸਕੇ। ਇਸ ਲਈ ਉਹ (ਵੜਿੰਗ) ਯੂਥ ਕਾਂਗਰਸ ਲੀਡਰਸ਼ਿਪ ਨੂੰ ਲੋਕਾਂ ਦੇ ਨੇੜੇ ਲਿਆਉਣ ਲਈ ਪ੍ਰੇਰਿਤ ਕਰਨਗੇ ਕਿਉਂਕਿ ਲੋਕ ਹੀ ਸਿਆਸੀ ਪਾਰਟੀਆਂ ਦੀ ਤਾਕਤ ਹਨ। ਪੰਜਾਬ ਦੇ ਸਿਆਸੀ ਦ੍ਰਿਸ਼ ਸਬੰਧੀ ਆਪਣੀ ਨਵੀਂ ਜ਼ਿੰਮੇਵਾਰੀ ਦੇ ਆਧਾਰ ’ਤੇ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਦੂਹਰਾ ਮਾਪਦੰਡ ਵਰਤ ਰਹੀ ਹੈ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਵਿੱਚ ਪੰਜਾਬ ’ਚ ਨਸ਼ਿਆਂ ਦੇ ਵਾਧੇ ’ਤੇ ਚਿੰਤਾ ਜ਼ਾਹਰ ਕਰਦੇ ਹਨ ਤੇ ਦੂਜੇ ਪਾਸੇ ਨਸ਼ਿਆਂ ਦੇ ਮਾਮਲੇ ਵਿੱਚ ਫਸੇ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ।

Facebook Comment
Project by : XtremeStudioz