Close
Menu

ਰਾਜੀਵ ਗਾਂਧੀ ਦੇ ਬੁੱਤ ਦੀ ਤੋੜਫੋੜ ਲਈ ਸੁਖਬੀਰ ਮੁਆਫੀ ਮੰਗੇ-ਕੈਪਟਨ ਅਮਰਿੰਦਰ ਸਿੰਘ

-- 25 December,2018

ਕਾਨੂੰਨ ਆਪਣੇ ਹੱਥ ’ਚ ਲੈਣ ਵਿਰੁੱਧ ਅਕਾਲੀਆਂ ਨੂੰ ਤਾੜਨਾ

ਲੁਧਿਆਣਾ ਪੁਲੀਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ

ਚੰਡੀਗੜ, 25 ਦਸੰਬਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੁਧਿਆਣਾ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਘਟੀਆ ਸਿਆਸਤ ਖੇਡਣੀ ਬੰਦ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚਿਤਾਵਨੀ ਦਿੱਤੀ ਕਿ ਅਜਿਹੀਆਂ ਕਾਰਵਾਈਆਂ ਲੋਕ ਸਭਾ ਚੋਣਾਂ ਵਿੱਚ ਉਨਾਂ ਦੀ ਪਾਰਟੀ ਨੂੰ ਪੁੱਠੀਆਂ ਪੈਣਗੀਆਂ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਉਸ ਦੀ ਪਾਰਟੀ ਦੇ ਵਰਕਰਾਂ ਦੀ ਇਸ ਘਿਨਾਉਣੀ ਕਾਰਵਾਈ ਲਈ ਤੁਰੰਤ ਮੁਆਫੀ ਮੰਗਣ ਲਈ ਆਖਿਆ ਕਿਉਂ ਜੋ ਅਕਾਲੀ ਵਰਕਰ ਅਗਾਮੀ ਚੋਣਾਂ ਵਿੱਚ ਵੋਟਾਂ ਹਾਸਲ ਲਈ ਅਜਿਹੇ ਕਦਮ ਚੁੱਕ ਰਹੇ ਹਨ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਅਜਿਹੀਆਂ ਹੋਛੀਆਂ ਤੇ ਨਿੰਦਣਯੋਗ ਕਾਰਵਾਈਆਂ ਨਾਲ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਭਾਈਚਾਰੇ ਵਿਰੁੱਧ ਕੀਤੇ ਗੁਨਾਹਾਂ ਤੇ ਪਾਪਾਂ ਤੋਂ ਮੁਆਫੀ ਨਹੀਂ ਮਿਲਣ ਵਾਲੀ। 

  ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾ ਪੁਲੀਸ ਨੂੰ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰਕੇ ਉਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਅਕਾਲੀਆਂ ’ਤੇ ਵਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ 10 ਵਰਿਆਂ ਦੇ ਸ਼ਾਸਨਕਾਲ ਦੌਰਾਨ ਕੀਤੇ ਗੁਨਾਹਾਂ ਕਰਕੇ ਉਨਾਂ ਦੀ ਪਾਰਟੀ ਦੀ ਸ਼ਾਖ ਪੂਰੀ ਤਰਾਂ ਖੁਰ ਚੁੱਕੀ ਹੈ ਅਤੇ ਹੁਣ ਲੋਕਾਂ ਦਾ ਸਮਰਥਨ ਜੁਟਾਉਣ ਲਈ ਤਰਲੋਮੱਛੀ ਹੋ ਰਹੇ ਬਾਦਲ ਤੇ ਉਨਾਂ ਦੇ ਸਮਰਥਕ ਨੀਵੇਂ ਪੱਧਰ ’ਤੇ ਡਿੱਗ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਹੈ ਕਿ 1984 ਦੇ ਸਿੱਖ ਦੰਗਿਆਂ ਵਿੱਚ ਗਾਂਧੀ ਪਰਿਵਾਰ ਦਾ ਨਾਂ ਕਦੀ ਵੀ ਨਹੀਂ ਆਇਆ ਪਰ ਉਹ ਫਿਰ ਵੀ ਸਿਆਸੀ ਲਾਹਾ ਖੱਟਣ ਲਈ ਇਸ ਮਾਮਲੇ ਵਿੱਚ ਗਾਂਧੀ ਪਰਿਵਾਰ ਨੂੰ ਲਪੇਟ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਮੁੜ ਦੁਹਰਾਇਆ ਕਿਹਾ ਕਿ ’84 ਦੇ ਸਿੱਖ ਦੰਗਿਆਂ ਵਿਰੁੱਧ ਹਿੰਸਾ ਵਿੱਚ ਕੁਝ ਕੁ ਕਾਂਗਰਸੀਆਂ ਤੋਂ ਇਲਾਵਾ ਭਾਜਪਾ ਅਤੇ ਆਰ.ਐਸ.ਐਸ. ਦੇ ਵਰਕਰਾਂ ਵੀ ਸ਼ਾਮਲ ਸਨ ਅਤੇ ਅਦਾਲਤਾਂ ਇਨਾਂ ਖਿਲਾਫ਼ ਕਾਰਵਾਈ ਕਰਨ ਲਈ ਆਪਣਾ ਕੰਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ ਅਤੇ ਦੰਗਿਆਂ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦੰਗਿਆਂ ਦੇ ਮੱਦੇਨਜ਼ਰ ਗਾਂਧੀ ਪਰਿਵਾਰ ਦੀ ਕਿਸੇ ਤਰਾਂ ਦੀ ਸ਼ਮੂਲੀਅਤ ਹੁੰਦੀ ਤਾਂ ਪੀੜਤਾਂ ’ਚੋਂ ਕੁਝ ਲੋਕ ਤਾਂ ਉਨਾਂ ਦਾ ਨਾਂ ਲੈਂਦੇ। ਮੁੱਖ ਮੰਤਰੀ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਉਹ ਤਾਂ ਨਿੱਜੀ ਤੌਰ ’ਤੇ ਪੀੜਤਾਂ ਨੂੰ ਮਿਲਣ ਲਈ ਸ਼ਰਨਾਰਥੀ ਕੈਂਪਾਂ ਵਿੱਚ ਗਏ ਹਨ ਜਦਕਿ ਸੁਖਬੀਰ ਆਪਣਾ ਬੋਰੀ-ਬਿਸਤਰਾ ਗੋਲ ਕਰਕੇ ਅਮਰੀਕਾ ਚਲਾ ਗਿਆ ਸੀ ਜਿਸ ਕਰਕੇ ਉਸ ਨੂੰ ਉਸ ਵੇਲੇ ਵਾਪਰੀਆਂ ਘਟਨਾਵਾਂ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਨਿਰਾਸ਼ਾ ’ਚ ਡੁੱਬੇ ਅਕਾਲੀ ਸਿਆਸੀ ਲਾਹਾ ਖੱਟਣ ਲਈ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਰਹੇ ਹਨ ਜਿਸ ਦੀ ਉਨਾਂ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਇਜਾਜ਼ਤ ਨਹੀਂ ਦੇਵੇਗੀ। ਉਨਾਂ ਕਿਹਾ ਕਿ ਉਹ ਸੂਬੇ ਵਿੱਚ ਸਖ਼ਤ ਘਾਲਣਾ ਘਾਲ ਕਰਕੇ ਹਾਸਲ ਕੀਤੀ ਅਮਨ-ਸ਼ਾਂਤੀ ਵਿੱਚ ਕਿਸੇ ਨੂੰ ਵੀ ਵਿਘਨ ਨਹੀਂ ਪਾਉਣ ਦੇਣਗੇ।

Facebook Comment
Project by : XtremeStudioz