Close
Menu

ਰਾਜੇ ਵੜਿੰਗ ਨੇ ਬਹਿਬਲ ਕਲਾਂ ਤੇ ਕੋਟਕਪੂਰਾ ‘ਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਉਣ ‘ਤੇ ਸੁਖਬੀਰ ਬਾਦਲ ਨੂੰ ਦੂਜਾ ਜਨਰਲ ਡਾਇਰ ਦੱਸਿਆ

-- 08 May,2019

੍ਹ ਕਿਸੇ ਨੂੰ ਵੀ ਭਾਰਤ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦੇਵਾਂਗੇ – ਕੈਪਟਨ ਅਮਰਿੰਦਰ ਸਿੰਘ
੍ਹ ਸਾਡੀ ਸਰਕਾਰ ਛੇਤੀ ਹੀ 1.2 ਲੱਖ ਅਸਾਮੀਆਂ ਭਰੇਗੀ – ਮੁੱਖ ਮੰਤਰੀ
ਸਰਦੂਲਗੜ੍ਹ, 8 ਮਈ:
ਪੰਜਾਬ ਕਾਂਗਰਸ ਨੇ ਬਠਿੰਡਾ ਦੇ ਚੋਣ ਮੈਦਾਨ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ | ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੂਜਾ ਜਨਰਲ ਡਾਇਰ ਕਰਾਰ ਦਿੱਤਾ | ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਮੁਲਕ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਕਿਸੇ ਵੀ ਕੀਮਤ ‘ਤੇ ਤਬਾਹ ਨਹੀਂ ਹੋਣ ਦੇਵੇਗੀ |
ਅਕਾਲੀਆਂ ਅਤੇ ਉਸ ਦੇ ਭਾਈਵਾਲ ਭਾਜਪਾ ਦੇ ਵਿਰੁੱਧ ਜ਼ੋਰਦਾਰ ਹੱਲਾ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਪੰਜਾਬ ਅਤੇ ਮੁਲਕ ਦੀ ਤਰੱਕੀ ਨੂੰ ਯਕੀਨੀ ਬਣਾ ਸਕਦੀ ਹੈ | ਉਨ੍ਹਾਂ ਨੇ 1.2 ਲੱਖ ਅਸਾਮੀਆਂ ਭਰਨ ਦਾ ਵੀ ਵਾਅਦਾ ਕੀਤਾ ਜਿਸ ਨੂੰ ਪਿਛਲੀ ਸਰਕਾਰ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਕੇ ਸਰਕਾਰ ਦੇ ਫੰਡਾਂ ਅਤੇ ਵਸੀਲਿਆਂ ਦੀ ਦੁਰਵਰਤੋਂ ਕੀਤੀ | ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਦਕਿ ਉਨ੍ਹਾਂ ਦੀ ਸਰਕਾਰ ਨੇ ਦੋ ਸਾਲਾਂ ਵਿੱਚ ਹੀ ਅੱਠ ਲੱਖ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਈਆਂ |
ਸ਼੍ਰੋਮਣੀ ਅਕਾਲੀ ਦਲ ਦੀ ਕੱਦਾਵਰ ਆਗੂ ਹਰਸਿਮਰਤ ਬਾਦਲ ਵਿਰੁੱਧ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਨਿੱਤਰੇ ਰਾਜ ਵੜਿੰਗ ਨੇ ਅੱਜ ਦੁਪਹਿਰ ਇੱਥੇ ਪਾਰਟੀ ਦੀ ਚੋਣ ਰੈਲੀ ਦੌਰਾਨ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੀ ਸੰਗਤ ਉੱਪਰ ਗੋਲੀ ਚਲਾਉਣ ਦੇ ਹੁਕਮ ਦੇਣ ਨਾਲ ਸੁਖਬੀਰ ਬਾਦਲ ਦੂਜਾ ਜਨਰਲ ਡਾਇਰ ਸਾਬਤ ਹੋਇਆ ਹੈ ਕਿਉਂਜੋ ਉਸ ਵੇਲੇ ਉਹ ਸੂਬੇ ਦਾ ਉਪ ਮੁੱਖ ਮੰਤਰੀ ਹੋਣ ਤੋਂ ਇਲਾਵਾ ਗ੍ਰਹਿ ਮੰਤਰੀ ਵੀ ਸੀ | ਉਨ੍ਹਾਂ ਕਿਹਾ ਕਿ ਇਸ ਦੁਖਦਾਇਕ ਘਟਨਾ ਤੋਂ ਬਾਅਦ ਵੀ ਬਾਦਲ ਜ਼ਿੰਮੇਵਾਰ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਜੁਰਮ ‘ਤੇ ਪਰਦਾ ਪਾਉਂਦੇ ਰਹੇ | ਉਨ੍ਹਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਅਕਾਲੀਆਂ ਨੂੰ ਵੋਟਾਂ ਪਾਵੇਗਾ, ਉਹ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦਾ ਭਾਗੀਦਾਰ ਬਣ ਜਾਵੇਗਾ |
ਵੜਿੰਗ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇਜਾਜ਼ਤ ਤੋਂ ਬਿਨਾਂ ਗੋਲੀ ਨਹੀਂ ਚੱਲ ਸਕਦੀ ਸੀ | ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦਿੱਤਾ ਅਤੇ ਫਿਰ ਇਸ ਉੱਪਰ ਪਰਦਾ ਪਾਇਆ | ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਚਿਤਾਵਨੀ ਦਿੱਤੀ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਮੁਕੰਮਲ ਕੀਤੀ ਜਾਵੇਗੀ ਅਤੇ ਇਸ ਕਾਰੇ ਲਈ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ |
ਹਰਸਿਮਰਤ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਦਾ ਵਤੀਰਾ ਤੇ ਤੌਰ-ਤਰੀਕੇ ਗੰਭੀਰ ਸਿਆਸਤਦਾਨ ਵਾਲੇ ਨਹੀਂ ਹਨ | ਉਨ੍ਹਾਂ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੁਸੀਂ ਦੇਖ ਹੀ ਲਿਆ ਹੈ ਕਿ ਇਸ ਨੇ ਪਿਛਲੇ 10 ਸਾਲਾਂ ਵਿੱਚ ਕੀਤਾ ਕੀ ਹੈ? ਉਨ੍ਹਾਂ ਕਿਹਾ ਕਿ ਵੜਿੰਗ ਵੱਲੋਂ ਉਨ੍ਹਾਂ ਦੇ ਮੁੱਦੇ ਸੰਸਦ ਵਿੱਚ ਉਠਾਏ ਜਾਣਗੇ |
ਪੰਜਾਬ ਦਾ ਬਾਰਦਾਨਾ ਹਰਿਆਣਾ ਨੂੰ ਭੇਜਣ ‘ਤੇ ਹਰਸਿਮਰਤ ਅਤੇ ਅਕਾਲੀਆਂ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਤਾਂ ਕਿਸਾਨਾਂ ਦੀ ਪ੍ਰਵਾਹ ਤੱਕ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਤੋਂ ਬਾਰਦਾਨੇ ਦਾ ਬੰਦੋਬਸਤ ਕੀਤਾ ਹੈ ਅਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |
ਮੁਲਕ ਦੇ ਧਰਮ ਨਿਰਪੱਖ ਢਾਂਚੇ ਦੀ ਰਾਖੀ ਅਤੇ ਬਦਲਾਅ ਲਿਆਉਣ ਲਈ ਵੋਟਾਂ ਦੀ ਮੰਗ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਸਾਰੇ ਧਰਮਾਂ ਦਾ ਸਾਂਝਾ ਮੁਲਕ ਹੈ ਤੇ ਇਹੋ ਹੀ ਇਸ ਦੀ ਵਿਲੱਖਣਤਾ ਅਤੇ ਸ਼ਕਤੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੁਲਕ ਦੀਆਂ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਖੇਰੂੰ-ਖੇਰੂੰ ਹੋਣ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ |
ਨਰਿੰਦਰ ਮੋਦੀ ਵੱਲੋਂ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ‘ਚ ਨਾਕਾਮ ਰਹਿਣ ‘ਤੇ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੁਮਲਿਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ ਅਤੇ ਫੌਜ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ |
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਮਾਜ ਦੇ ਕਿਸੇ ਵੀ ਤਬਕੇ ਖਾਸ ਕਰਕੇ ਕਿਸਾਨਾਂ ਲਈ ਕੱਖ ਵੀ ਨਹੀਂ ਕੀਤਾ ਜਦਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਬਹੁਤ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ ਅਤੇ ਉਨ੍ਹਾਂ ਲਈ ਵਿਸ਼ੇਸ਼ ਤੌਰ ‘ਤੇ ਕਰਜ਼ਾ ਮੁਆਫੀ ਸਕੀਮ ਲਿਆਂਦੀ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਵੀ ਇਹ ਵਾਅਦਾ ਕੀਤਾ ਹੈ ਕਿ ਪਾਰਟੀ ਦੇ ਸੱਤਾ ਵਿੱਚ ਆਉਣ ‘ਤੇ ਦੇਸ਼ ਭਰ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ |
ਮੁੱਖ ਮੰਤਰੀ ਨੇ ਰੈਲੀ ਵਿੱਚ ਹਾਜ਼ਰ ਲੋਕਾਂ ਨਾਲ ਭਾਵੁਕ ਸਾਂਝ ਪ੍ਰਗਟਾਉਂਦਿਆਂ ਕਿਹਾ ਕਿ ਬਾਬਾ ਆਲ੍ਹਾ ਸਿੰਘ ਦੇ ਪੁੱਤਰ ਬਾਬਾ ਸਰਦੂਲ ਸਿੰਘ ਦੀ ਮੌਤ ਇੱਥੇ ਹੋਈ ਸੀ ਜਿਸ ਕਰਕੇ ਇਸ ਜਗ੍ਹਾ ਦੀ ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਵਿਸ਼ੇਸ਼ ਮਹੱਤਤਾ ਹੈ |

Facebook Comment
Project by : XtremeStudioz