Close
Menu

ਰਾਜੋਆਣਾ ਨੂੰ ਮੈਡੀਕਲ ਜਾਂਚ ਲਈ ਭਾਰੀ ਸੁਰੱਖਿਆ ਪ੍ਰਬੰਧਾਂ ਹੇਠਾਂ ਹਸਪਤਾਲ ਲਿਆਂਦਾ

-- 23 September,2015

ਪਟਿਆਲਾ, 23 ਸਤੰਬਰ: ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਇਥੋਂ ਦੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਆਪਣੀ ਫਾਂਸੀ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਦੇ ਕੇਸ ਦਾ ਜਲਦੀ ਨਿਪਟਾਰਾ ਚਾਹੁੰਦਾ ਹੈ | ਉਸ ਦਾ ਕਹਿਣਾ ਹੈ ਕਿ ਉਸ ਵੱਲੋਂ ਪੱਤਰ ਲਿਖਣ ਦੇ ਬਾਵਜੂਦ ਰਾਸ਼ਟਰਪਤੀ ਇਸ ‘ਤੇ ਆਪਣਾ ਫੈਸਲਾ ਦੇਣ ਵਿਚ ਦੇਰੀ ਕਰ ਰਹੇ ਹਨ | ਰਾਜੋਆਣਾ ਨੇ ਅੱਜ ਇਥੇ ਕਿਹਾ ਕਿ ਰਾਸ਼ਟਰਪਤੀ ਨੂੰ ਹੋਰ ਦੇਰ ਨਹੀਂ ਕਰਨੀ ਚਾਹੀਦੀ | ਰਾਜੋਆਣਾ ਨੇ ਉਸ ਵੱਲੋਂ ਕੀਤੇ ਗਏ ਕਾਰਜ ਦਾ ਰਾਜਨੀਤਕ ਲੋਕਾਂ ਵੱਲੋਂ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰਨ ਦੀ ਗੱਲ ਵੀ ਆਖੀ | ਇਸ ਗੱਲ ਦਾ ਪ੍ਰ੍ਰਗਟਾਵਾ ਉਨ੍ਹਾਂ ਨੇ ਅੱਜ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਉਸ ਵਕਤ ਕੀਤਾ, ਜਦੋਂ ੳੁਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਤੋਂ ਮੈਡੀਕਲ ਜਾਂਚ ਲਈ ਇਥੇ ਲਿਆਂਦਾ ਗਿਆ|

ਡੀ.ਐਸ.ਪੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠਾਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠਾਂ ਇਥੇ ਲਿਆਂਦੇ ਗਏ ਰਾਜੋਆਣਾ ਦਾ ਡਾਕਟਰਾਂ ਨੇ ਪਹਿਲਾਂ ਤੋਂ ਲੱਗੀ ਐਨਕਾਂ ਦਾ ਨੰਬਰ ਵਧਾ ਦਿੱਤਾ ਗਿਆ | ਪਿੱਠ ਅਤੇ ਗੋਡੇ ਵਿਚ ਦਰਦ ਸਬੰਧੀ ਦਵਾਈਆਂ ਸਮੇਤ ਐਕਸਰਸਾਈਜ਼ ਦਾ ਸੁਝਾਅ ਵੀ ਦਿੱਤਾ | ਰਾਜੋਆਣਾ ਨੇ ਬਲੱਡ ਪ੍ਰੈਸ਼ਰ ਘਟਣ ਦੀ ਸ਼ਿਕਾਇਤ ਵੀ ਕੀਤੀ | ਦਵਾਈਆਂ ਲਿਖਦਿਆਂ, ਡਾਕਟਰਾਂ ਵੱਲੋਂ ਦੋ ਮਹੀਨੇ ਬਾਅਦ ਮੁੜ ਲਿਆਉਣ ਬਾਰੇ ਆਖਿਆ | ਦੋ ਘੰਟਿਆਂ ਬਾਅਦ ਉਸ ਨੂੰ ਮੁੜ ਜੇਲ੍ਹ ਵਿਚ ਛੱਡ ਦਿੱਤਾ ਗਿਆ | ਇਸ ਮੌਕੇ ਹਸਪਤਾਲ ਤੇ ਜੇਲ੍ਹ ਸਮੇਤ ਸਾਰੇ ਰੂਟ ਅਤੇ ਆਲਾ ਦੁਆਲਾ ਵੀ ਪੁਲੀਸ ਛਾਉਣੀ ਬਣਿਆ ਰਿਹਾ | ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਵਾਪਰੇ ਕਤਲ ਕਾਂਡ ਸਬੰਧੀ ਰਾਜੋਆਣਾ ਨੂੰ ਜਦੋਂ 31 ਮਾਰਚ 2012 ਨੂੰ ਫਾਂਸੀ ਦੇਣ ਦੇ ਹੁਕਮ ਆਏ, ਤਾਂ ਰਾਜੋਆਣਾ ਨੇ ਰਹਿਮ ਦੀ ਅਪੀਲ ਦਾਇਰ ਕਰਨ ਤੋਂ ਜਵਾਬ ਦੇ ਦਿੱਤਾ| ਇਸੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਗਈ,ਜਿਸ ‘ਤੇ ਤਿੰਨ ਦਿਨ ਪਹਿਲਾਂ 28 ਮਾਰਚ 2012 ਨੂੰ ਫਾਂਸੀ ‘ਤੇ ਰੋਕ ਲੱਗ ਗਈ, ਜੋ ਅਜੇ ਤੱਕ ਵੀ ਜਾਰੀ ਹੈ| ਪਿਛਲੇ ਮਹੀਨੇ ਰਾਜੋਆਣਾ ਨੇ ਰਾਸ਼ਟਰਪਤੀ ਨੂੰ ਅਪੀਲ ਦੇ ਇਸ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ ਪੱਤਰ ਵੀ ਲਿਖਿਆ ਸੀ |
ਇਸੇ ਦੌਰਾਨ ਰਹਿਮ ਦੀ ਅਪੀਲ ਖਾਰਜ ਹੋਣ ‘ਤੇ ਵੀ ਫਾਂਸੀ ਦੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਸਕੇਗੀ ਕਿਉਂਕਿ ਫਾਂਸੀ ‘ਤੇ ਰੋਕ ਮੌਕੇ ਰਾਸ਼ਟਰਪਤੀ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਰਹਿਮ ਦੀ ਅਪੀਲ ਖਾਰਜ ਵੀ ਹੋ ਜਾਵੇ, ਤਾਂ ਫਾਂਸੀ ‘ਤੇ ਅਮਲ ਤੋਂ ਪਹਿਲਾਂ ਇਹ ਵਾਚਣਾ ਜ਼ਰੂਰੀ ਹੋਵੇਗਾ ਕਿ ਕੈਦੀ ਦੇ ਕਿਸੇ ਸ਼ਹਿ ਦੋਸ਼ੀ ਦੀ ਕੋਈ ਅਪੀਲ ਬਕਾਇਆ ਨਾ ਹੋਵੇ ਕਿਉਂਕਿ ਸ਼ਹਿ ਦੋਸ਼ੀ ਦੀ ਅਪੀਲ ਦੌਰਾਨ ਮਿਲਣ ਵਾਲੇ ਲਾਭ ਦਾ ਫਾਂਸੀ ਕੈਦੀ ਪੂਰਾ ਹੱਕਦਾਰ ਹੁੰਦਾ ਹੈ | ਇਸ ਕਰਕੇ ਜਿੰਨੀ ਦੇਰ ਸ਼ਹਿ ਦੋਸ਼ੀਆਂ ਦੀਆਂ ਅਪੀਲਾਂ ਅਦਾਲਤਾਂ ਵਿਚ ਸੁਣਵਾਈ ਅਧੀਨ ਹਨ, ਓਨੀ ਦੇਰ ਰਹਿਮ ਦੀ ਅਪੀਲ ਖਾਰਜ ਹੋਣ ‘ਤੇ ਵੀ ਫਾਂਸੀ ‘ਤੇ ਅਮਲ ਨਹੀਂ ਹੋ ਸਕਦਾ |

Facebook Comment
Project by : XtremeStudioz