Close
Menu

ਰਾਜ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਤੇ ਖਿਡਾਰੀਆਂ ਦੀ ਭਲਾਈ ਲਈ ਪੂਰੀ ਤਰਾਂ ਯਤਨਸ਼ੀਲ : ਬਾਦਲ

-- 23 September,2013

53

ਫਰੀਦਕੋਟ,23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਪੰਜ ਰੋਜ਼ਾ ਪ੍ਰੋਗਰਾਮਾਂ ਦੀ ਲੜੀ ਵਜੋਂ ਅੱਜ ਨਹਿਰੂ ਸਟੇਡੀਅਮ ਵਿਖੇ ਆਯੋਜਿਤ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਅਤੇ ਪੇਂਡੂ ਖੇਡ ਮੇਲੇ ਦਾ ਆਗਾਜ਼ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ ਪਰਕਾਸ਼ ਬਾਦਲ ਨੇ ਕਿਹਾ ਕਿ ਮਹਾਂਨ ਸੂਫੀ ਸੰਤ ਬਾਬਾ ਫਰੀਦ ਜੀ ਨੇ ਸਮੂਹ ਲੁਕਾਈ ਨੂੰ ਰੁਹਾਨੀਅਤ ਦੇ ਸੰਦੇਸ਼ ਦੇ ਨਾਲ ਨਾਲ ਮਨੁੱਖਤਾ ਦਾ ਭਲਾ, ਮਿੱਠਤ, ਹਲੀਮੀ ਅਤੇ ਸਾਦਗੀ ਹੀ ਨਹੀਂ ਬਲਕਿ ਬੁਰੇ ਦਾ ਵੀ ਭਲਾ ਕਰਨ ਦਾ ਸੰਦੇਸ਼ ਦਿੱਤਾ ਹੈ ਜਿਸਨੂੰ ਕਿ ਅਜੋਕੇ ਹਾਲਾਤਾਂ ਵਿੱਚ ਜ਼ਿੰਦਗੀ ਵਿੱਚ ਹਕੀਕੀ ਤੌਰ ‘ਤੇ ਲਾਗੂ ਕਰਨ ਦੀ ਜਰੂਰਤ ਹੈ।

ਮੁੱਖ ਮੰਤਰੀ ਪੰਜਾਬ ਨੇ ਖੇਡ ਮੇਲੇ ਦਾ ਉਦਘਾਟਨ ਉਪਰੰਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਖੇਡਾਂ ਨੂੰ ਉਚੇਚੇ ਤੌਰ ‘ਤੇ ਉਤਸ਼ਾਹਤ ਕਰਨ ਲਈ ਅਤੇ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਉਹਨਾਂ ਨੂੰ ਏਸ਼ੀਅਨ, ਕਾਮਵੈਲਥ ਗੇਮਾਂ ਅਤੇ ਉਲੰਪਿਕ ਵਿੱਚ ਮਾਰਕਾ ਮਾਰਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਨਾ ਸਿਰਫ ਭਾਰੀ ਨਗਦ ਇਨਾਮ ਦੇ ਹੀ ਨਿਵਾਜਿਆ ਬਲਕਿ ਉਹਨਾ ਨੂੰ ਸਰਕਾਰੀ ਗਜ਼ਟਿਡ ਨੌਕਰੀਆਂ ‘ਤੇ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਪੰਜਾਬ ਨਾਲ ਸਬੰਧਤ ਹਾਕੀ ਖਿਡਾਰੀਆਂ ਨੂੰ ਵੱਡੇ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹਨਾ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਖਿਡਾਰੀਆਂ ਨੂੰ ਦੇਸ਼ ਵਿੱਚ ਚੰਗੀ ਤਕਨੀਕ ਅਤੇ ਪਾਏਦਾਰ ਸਹੂਲਤਾਂ ਨਹੀਂ ਉਪਲਭਦ ਹੋ ਰਹੀਆਂ ਜਿਸ ਕਾਰਣ ਭਾਰਤ ਮੈਡਲਾਂ ਦੀ ਦੌੜ ਵਿੱਚ ਪਿੱਛੇ ਰਹਿ ਜਾਂਦਾ ਹੈ। ਇਸ ਮੌਕੇ ਉਨ੍ਹ ਨੇ ਫਰੀਦਕੋਟ ਸਭਿਆਚਾਰਕ ਸੁਸਾਇਟੀ ਨੂੰ ਮੇਲੇ ਦੇ ਪ੍ਰਬੰਧਾਂ ਲਈ 25 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਵੀ ਭੇਂਟ ਕੀਤਾ। ਇਸ ਮੌਕੇ ਅੰਟਾਰਟਿਕਾ ਮਿਸਨ ਵਿਚ ਦੇਸ ਦੀ ਪ੍ਰਤਿਨਿਧਤਾ ਕਰਨ ਵਾਲੀ ਜਿਲ੍ਹੇ ਨਾਲ ਸਬੰਧਤ ਕੁਮਾਰੀ  ਸੋਨਲ ਅਸਗੋਤਰਾ  ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਫਰੀਦਕੋਟ ਸਭਿਆਚਾਰਕ ਸੁਸਾਇਟੀ ਵੱਲੋਂ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ।

ਇਸਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਫਰੀਦਕੋਟ ਪੁੱਜਦਿਆਂ ਹੀ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਸੀਸ ਨਿਵਾਉਣ ਗਏ ਅਤੇ ਉਹਨਾ ਫਰੀਦ ਜੀ ਦਰਗਾਹ ‘ਤੇ ਵੀ ਮੱਥਾ ਟੇਕਿਆ। ਇਸ ਮੌਕੇ ਸ: ਇੰਦਰਜੀਤ ਸਿੰਘ ਸੋਖੋਂ ਖਾਲਸਾ ਮੁੱਖ ਸੇਵਾਦਾਰ ਟਿੱਲਾ ਬਾਬਾ ਸੇਖ ਫਰੀਦ ਨੇ ਮੁੱਖ ਮੰਤਰੀ ਨੂੰ ਸਿਰੋਪਾ ਭੇਂਟ ਕੀਤਾ।

ਅੱਜ ਨਹਿਰੂ ਸਟੇਡੀਮ ਵਿਖੇ ਪੇਂਡੂ ਖੇਡਾਂ ਦਾ ਆਨੰਦ ਮਾਨਣ ਵਾਲੇ ਭਾਰੀ ਗਿਣਤੀ ਵਿੱਚ ਦਰਸ਼ਕਾਂ ਦੀ ਭੀੜ ਵੇਖਣ ਨੂੰ ਮਿਲੀ। ਅੱਜ ਦੇ ਇਸ ਪੇਂਡੂ ਮੇਲੇ ਵਿੱਚ ਕਬੱਡੀ, ਘੋੜ ਸਵਾਰੀ, ਕੁੱਤਿਆਂ ਦੀ ਦੌੜ, ਬਾਜੀਗਰਾਂ ਦੇ ਕਰਤੱਵ, ਗੱਤਕਾ, ਘੋੜੀਆਂ ਦੇ ਨਾਂਚ, ਮੋਟਰਸਾਈਕਲ ਸਵਾਰਾਂ ਦੇ ਕਰਤੱਵ ਆਦਿ ਮੁਕਾਬਲੇ ਦਰਸ਼ਕਾਂ ਦੀ ਖਾਸ ਖਿੱਚ ਕੇਂਦਰ ਬਣੀਆਂ। ਸ੍ਰ ਬਾਦਲ ਨੇ ਇਸ ਪੇਂਡੂ ਖੇਡ ਮੇਲੇ ਨੂੰ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਿੱਚੋਂ ਚੋਟੀ ਦਾ ਮੇਲਾ ਕਰਾਰ ਦਿੱਤਾ। ਇਸ ਮੌਕੇ ‘ਤੇ ਬੀਬੀ ਪਰਮਜੀਤ ਕੌਰ ਗੁਲਸ਼ਨ, ਸ੍ਰ ਮਨਤਾਰ ਸਿੰਘ ਬਰਾੜ ਮੁੱਖ ਸੰਸਦੀ ਸਕੱਤਰ, ਸ੍ਰੀ ਦੀਪ ਮਲਹੋਤਰਾ ਹਲਕਾ ਵਿਧਾਇਕ, ਕਮਿਸਸ਼ਨਰ ਸ੍ਰੀ ਵੀ ਕੇ ਸਰਮਾ, ਡਿਪਟੀ ਕਮਿਸ਼ਨਰ ਸ਼੍ਰੀ  ਅਰਸ਼ਦੀਪ ਸਿੰਘ ਥਿੰਦ, ਸ੍ਰ. ਗੁਰਮੀਤ ਸਿੰਘ ਰੰਧਾਵਾ ਐਸ.ਐਸ. ਪੀ,  ਪਰਮਬੰਸ ਸਿੰਘ ਰੋਮਾਣਾ, ਲਖਵੀਰ ਸਿੰਘ ਅਰਾਈਆਂਵਾਲਾ, ਹਰਜੀਤ ਸਿੰਘ ਭੋਲੂਵਾਲਾ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਮਸ਼ਹੂਰ ਗਾਇਕ ਸੁਰਜੀਤ ਭੁੱਲਰ ਅਤੇ ਸ਼ੁਦੇਸ਼ ਕੁਮਾਰੀ  ਨੇ ਆਪਣੇ ਮਨੋਹਰ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।

Facebook Comment
Project by : XtremeStudioz