Close
Menu

ਰਾਜ ਸਰਕਾਰ ਵੱਲੋਂ ਝੋਨੇ ਦਾ ਦਾਣਾ-ਦਾਣਾ ਮੰਡੀਆਂ ‘ਚੋਂ ਕੀਤਾ ਜਾਵੇਗਾ ਖ੍ਰੀਦ: ਬਾਦਲ

-- 03 October,2015

ਤਰਨਤਾਰਨ, 3 ਅਕਤੂਬਰ 2015 : ਸ੍ਰੋਮਣੀ ਅਕਾਲੀ ਦਲ ਬੀਤੇ ਸਮਿਆਂ ਵਾਂਗ ਭਵਿੱਖ ਵਿਚ ਵੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਮਰਪਤ ਰਹੇਗਾ ਅਤੇ ਝੋਨੇ ਦੇ ਚਾਲੂ ਖ੍ਰੀਦ ਸੀਜਨ ਦੌਰਾਨ ਕਿਸਾਨਾਂ ਦਾ ਮੰਡੀਆਂ ਵਿਚ ਆਉਣ ਵਾਲਾ ਇਕ-ਇਕ ਝੋਨੇ ਦਾ ਦਾਣਾ ਖ੍ਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਇਹ ਐਲਾਨ ਅੱਜ ਖਡੂਰ ਸਾਹਿਬ ਵਿਖੇ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਸਮੇਂ ਆਯੋਜਿਤ ਕੀਤੇ ਗਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਚਿੰਤਿਤ ਰਿਹਾ ਹੈ ਅਤੇ ਹਰ ਹਾਲਤ ਵਿਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਦੀਆਂ ਮੰਡੀਆਂ ਵਿਚ ਸਰਕਾਰ ਵੱਲੋਂ ਖ੍ਰੀਦ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਮੇਂ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਵੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਸੂਬੇ ਵਿਚ ਮੁਸ਼ਕਿਲ ਆਈ ਹੈ ਤਾਂ ਹਮੇਸ਼ਾ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਵਾਸਤੇ ਅੱਗੇ ਆਈ ਹੈ ਅਤੇ ਕਾਂਗਰਸ ਨੇ ਹਮੇਸ਼ਾ ਦੇਸ਼ ਦੇ ਕਿਸਾਨਾਂ ਦੀ ਲੁੱਟ-ਘਸੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇ ਕੇ 28 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਟਿਊਬਵੈਲਾਂ ਦੇ ਬਿੱਲ ਖੁਦ ਭਰੇ ਹਨ ਅਤੇ ਜੇਕਰ ਸਰਕਾਰ ਕਿਸਾਨਾਂ ਦੀ ਮਦਦ ‘ਤੇ ਨਾ ਆਉਂਦੀ ਤਾਂ ਖੇਤੀ ਸੰਕਟ ਵਿਚ ਫਸੀ ਪੰਜਾਬ ਦੀ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੁੰਦਾ। ਇਸੇ ਤਰ੍ਹਾਂ ਸੂਬੇ ਅੰਦਰ ਗੰਨੇ ਦੀ ਅਦਾਇਗੀ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਸਰਕਾਰ ਵੱਲੋਂ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਲਈ ਕਾਰਗਰ ਕਦਮ ਚੁੱਕੇ ਹਨ ਅਤੇ ਮਾਲਵੇ ਖੇਤਰ ਵਿਚ ਨਰਮੇ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੇ 644 ਕਰੋੜ ਰੁਪਏ ਮੁਆਵਜੇ ਵਜੋਂ ਜਾਰੀ ਕੀਤੇ ਹਨ।
ਕਾਂਗਰਸ ਦੀ ਸਖਤ ਅਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਮੌਜੂਦਾ ਮਾੜੀ ਆਰਥਿਕ ਹਾਲਤ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ ਕਿਉਂਕਿ ਕੇਂਦਰ ਵਿਚ ਲੰਮਾਂ ਸਮਾਂ ਰਾਜ ਕਰਨ ਵਾਲੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਵੀ ਕਿਸਾਨ ਪੱਖੀ ਨੀਤੀਆਂ ਨਹੀਂ ਅਪਨਾਈਆਂ ਜਿਸਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਸਿੱਟੇ ਵਜੋਂ ਕਿਸਾਨ ਇਸ ਵਕਤ 32 ਹਜ਼ਾਰ ਕਰੋੜ ਦੇ ਵੱਡੇ ਕਰਜੇ ਹੇਠ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਮਰ ਤੋੜਣ ਦੇ ਬਾਵਜੂਦ ਕਾਂਗਰਸ ਦੇ ਲੀਡਰ ਆਪਣੇ ਸੋੜੇ ਰਾਜਨੀਤਕ ਹਿੱਤਾਂ ਲਈ ਮੌਜੂਦਾ ਖੇਤੀ ਸੰਕਟ ‘ਤੇ ਮਗਰਮੱਛ ਦੇ ਅੱਥਰੂ ਬਹਾ ਰਹੇ ਹਨ।
ਕਾਂਗਰਸ ਪਾਰਟੀ ਤੇ ਤਾਬੜਤੋੜ ਹਮਲੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਕਾਂਗਰਸ ਪਾਰਟੀ ਵੱਲੋਂ ਕੀਤੇ ਪਾਪਾਂ ਨੂੰ ਕਦੀ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਪ੍ਰੇਸ਼ਨ ਬਲਿਉਸਟਾਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਕਿਵੇਂ ਭੁੱਲ੍ਹ ਸਕਦੀ ਹੈ ਜਿਸ ਨਾਲ ਸਿੱਖਾਂ ਦੇ ਮਨਾਂ ‘ਤੇ ਡੂਘੇ ਜਖਮ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਪਾਟੀ ਦੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਸੋਚੀ-ਸਮਝੀ ਨੀਤੀ ਅਧੀਨ ਪੰਜਾਬੀ ਬੋਲਦੇ ਇਲਾਕੇ, ਸੂਬੇ ਦੀ ਰਾਜਧਾਨੀ ਚੰਡੀਗੜ੍ਹ ਅਤੇ ਦਰਿਆਵਾਂ ਦੇ ਪਾਣੀਆਂ ‘ਤੇ ਡਾਕਾ ਮਾਰਿਆ ਹੈ।
ਸ. ਬਾਦਲ ਨੇ ਕਿਹਾ ਕਿ ਕੇਂਦਰ ਵਿਚਲੀ ਐੱਨ.ਡੀ.ਏ. ਸਰਕਾਰ ਦੇ ਇਕ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਵੱਡੀ ਪੱਧਰ ‘ਤੇ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਵੱਡੇ-ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਸੂਬੇ ਲਈ ਮਨਜੂਰ ਕੀਤੇ ਗਏ ਹਨ। ਜਿਸ ਵਿਚ ਆਲ ਇੰਡੀਆ ਇੰਡਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਇੰਡੀਅਨ ਇੰਸਟੀਚਿਊਟ ਆਫ ਮੈਨਜਮੈਂਟ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰਿਸਰਚ ਜਿਹੇ ਪ੍ਰੋਜੈਕਟ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਅਤੇ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਜਿਸ ਨਾਲ ਪਵਿੱਤਰ ਸ਼ਹਿਰ ਦੇ ਵਿਕਾਸ ਲਈ ਵੱਡੀ ਮਾਤਰਾ ਵਿਚ ਫੰਡ ਜਾਰੀ ਕੀਤੇ ਜਾਣਗੇ।
ਇਸ ਸਮਾਗਮ ਸਮੇਂ ਸੰਬੋਧਨ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 48 ਸਾਲਾਂ ਦੇ ਰਾਜ ਦੌਰਾਨ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਅਣਗੋਲਿਆ ਕੀਤਾ ਹੈ ਅਤੇ ਕਾਂਗਰਸ ਤੇ ਖਾਸ ਤੌਰ ‘ਤੇ ਗਾਂਧੀ ਪਰਿਵਾਰ ਦੇ ਘਟੀਆ ਰਾਜ ਪ੍ਰਬੰਧ ਦੇ ਸਿੱਟੇ ਵਜੋਂ  ਦੇਸ਼ ਦੇ ਲੋਕ ਕਈ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਲੀਡਰਸ਼ਿਪ ਦੇ ਅੰਤਰਗਤ ਸਫਲਤਾ ਦਾ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਦੇ ਸਦਕਾ ਪੰਜਾਬ ਦੇਸ਼ ਵਿਚ ਬਿਜਲੀ ਪੱਖੋਂ ਬਹੁਲਤਾ ਵਾਲਾ ਸੂਬਾ ਬਣ ਗਿਆ ਹੈ। ਕਾਂਗਰਸ ਪਾਰਟੀ ਅਤੇ ਇਕ ਸਾਲ ਪਹਿਲਾਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਪੰਜਾਬ ਦੇ ਖੇਤੀ ਸੰਕਟ ‘ਤੇ ਮਗਰਮੱਛ ਹੰਝੂ ਕੇਰਨ ਦੀ ਅਲੋਚਨਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਇਹ ਪਾਰਟੀਆਂ ਕਿਸਾਨਾਂ ਦੀ ਮਾੜੀ ਹਾਲਤ ਤੋਂ ਰਾਜਨਤਕ ਫਾਇਦਾ ਪ੍ਰਾਪਤ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀਆਂ ਹਨ ਜਦਕਿ ਸੂਬੇ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਸ੍ਰੋਮਣੀ ਅਕਾਲੀ ਦਲ ਦੀ ਇਕ ਅਜਿਹੀ ਪਾਰਟੀ ਹੈ, ਜਿਸਨੇ ਹਰ ਸੰਕਟ ਸਮੇਂ ਕਿਸਾਨਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਖ-ਵੱਖ ਲੀਡਰ ਸੂਬੇ ਅੰਦਰ ਪਾਰਟੀ ਦੀ ਮੁਖਤਿਆਰੀ ਹਾਸਲ ਕਰਨ ਵਾਸਤੇ ਇਕ-ਦੂਜੇ ਵਿਰੁੱਧ ਘਟੀਆ ਇਲਜਾਮਬਾਜੀ ਕਰ ਰਹੇ ਹਨ ਜਦਕਿ ਆਪ ਪਾਰਟੀ ਆਪਣੇ ਮੁੱਢਲੇ ਸਿਧਾਂਤ ਤੋਂ ਹੀ ਉੱਖੜ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦਾ ਇਕੋ-ਇਕ ਸੂਬਾ ਹੈ ਜਿਸ ਵਿਚ ਸਭ ਤੋਂ ਵੱਧ ਟੈਕਸ ਲੋਕਾਂ ਦੇ ਉੱਪਰ ਥੋਪਿਆ ਗਿਆ ਹੈ ਅਤੇ ਆਪ ਦੇ ਘਟੀਆ ਰਾਜ ਪ੍ਰਬੰਧ ਦੇ ਸਿੱਟੇ ਵਜੋਂ ਦਿੱਲੀ ਦੇ ਲੋਕ ਵੱਡੇ ਆਰਥਿਕ ਬੋਝ ਥੱਲੇ ਨਪੀੜੇ ਗਏ ਹਨ।
ਵੱਡੀ ਗਿਣਤੀ ਵਿਚ ਇਕੱਤਰ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਆਸ ਪ੍ਰਗਟਾਈ ਕਿ ਕੇਂਦਰ ਦੀ ਐੱਨ.ਡੀ.ਏ. ਸਰਕਾਰ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਵਾਸਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਜਿਵੇਂ ਸਾਬਕਾ ਫੌਜੀਆਂ ਦੀ ਇਕ ਰੈਂਕ, ਇਕ ਪੈਨਸ਼ਨ ਸਕੀਮ ਲਾਗੂ ਕਰਕੇ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਨਾਮਵਰ ਖੇਤੀ ਵਿਗਿਆਨੀਆਂ ਦੀਆਂ ਸਿਫਾਰਸ਼ਾਂ ਲਾਗੂ ਕਰੇਗੀ।
ਇਸ ਮੌਕੇ ‘ਤੇ ਬੋਲਦਿਆਂ ਸ. ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਨੇ ਸ. ਬਾਦਲ ਵੱਲੋਂ ਆਪਣੇ 60 ਸਾਲਾ ਤੋਂ ਵੱਧ ਰੀਜਨੀਤਕ ਜੀਵਨ ਦੌਰਾਨ ਸੂਬੇ ਅਤੇ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸ੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਹਿੱਤਾਂ ਲਈ ਕੀਤੇ ਗਏ ਸੰਘਰਸ਼ਾਂ ਦਾ ਹਵਾਲਾ ਦਿੰਦਿਆਂ ਸ. ਬ੍ਰਹਮਪੁਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਕਾ ਪ੍ਰਸਤ ਪਾਰਟੀਆਂ ਦੇ ਫੌਕੇ ਨਾਅਰਿਆਂ ਵਿਚ ਨਾ ਆਉਣ ਅਤੇ ਸੂਬੇ ਦੇ ਵਡੇਰੇ ਹਿੱਤਾਂ ਲਈ ਸ੍ਰੋਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰਨ।
ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਆਪ ਪਾਰਟੀ ਦੀ ਅੰਦਰੂਨੀ ਲੜਾਈ ਨੇ ਪਾਰਟੀ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦਾ ਕੋਈ ਸਾਰਥਕ ਪ੍ਰੋਗਰਾਮ ਅਤੇ ਵਿਚਾਰਧਾਰਾ ਨਹੀਂ ਹੈ ਸਗੋਂ ਉਹ ਫੌਕੇ ਨਾਅਰਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸ. ਬਾਦਲ ਨੇ ਅੱਗੇ ਦੱਸਿਆ ਕਿ ਆਉਂਦੇ ਕੁਝ ਦਿਨਾਂ ਵਿਚ ਸੂਬੇ ਦੇ ਸਮੁੱਚੇ ਵਿਕਾਸ ਦਾ ਖਾਕਾ ਤਿਆਰ ਕਰਨ ਲਈ ਵਿਧਾਨ ਸਭਾ ਹਲਕਾਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੂਬੇ ਦੇ ਪੰਡੂ ਅਤੇ ਸ਼ਹਿਰੀ ਖੇਤਰਾਂ ਦੇ ਵਿਆਪਕ ਵਿਕਾਸ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਘਟੀਆ ਕੀਟਨਾਸ਼ਕ ਸਪਲਾਈ ਕਰਨ ਵਿਚ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਸਕੱਤਰ ਖੇਤੀਬਾੜੀ ਨੂੰ ਸੂਬੇ ਅੰਦਰ ਘਟੀਆ ਕੀਟਨਾਸ਼ਕਾਂ ਦੀ ਸਪਲਾਈ ਸੰਬੰਧੀ ਲੋੜੀਂਦੀ ਇਨਕੁਆਰੀ ਕਰਕੇ ਰਿਪੋਰਟ ਦੇਣ ਲਈ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸਦੇ ਨਾਲ ਹੀ ਸੂਬੇ ਅੰਦਰ ਘਟੀਆ ਦਵਾਈ ਖ੍ਰੀਦਣ ਵਾਲੇ ਅਧਿਕਾਰੀ, ਕਰਮਚਾਰੀ ਅਤੇ ਡੀਲਰਾਂ ਦੀ ਇਨਕੁਆਰੀ ਕਰਨ ਲਈ ਤਿੰਨ ਇੰਸਪੈਕਟਰ ਜਨਰਲ ਦੇ ਅਧਾਰਿਤ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ ਜਿਸਦੀ ਸੁਪਰਵੀਜਨ ਏ.ਡੀ.ਜੀ.ਪੀ. ਕ੍ਰਾਈਮ ਕਰ ਰਹੇ ਹਨ।
ਸਮਾਗਮ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਖਡੂਰ ਸਾਹਿਬ ਵਿਖੇ 235 ਲੱਖ ਰੁਪਏ ਖਰਚ ਕਰਕੇ ਬਣਾਏ ਗਏ ਪੰਜਾਬ ਦੇ ਪਹਿਲੇ ਵਿਰਾਸਤੀ ਦਿੱਖ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਹ ਸਕੂਲ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸਰਕਾਰ ਵੱਲੋਂ ਦਿੱਤੇ ਫੰਡਾਂ ਨਾਲ ਸਾਂਝੇ ਤੌਰ ‘ਤੇ ਉਸਾਰਿਆ ਗਿਆ ਹੈ।
ਇਸ ਮੌਕੇ ‘ਤੇ ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕੱਤਰ, ਵਿਧਾਇਕ ਸ. ਮਨਜੀਤ ਸਿੰਘ ਮੰਨਾ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤਰਨਤਾਰਨ, ਸ. ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ, ਸ. ਅਲਵਿੰਦਰਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸ੍ਰੀ ਲੋਕ ਨਾਥ ਆਂਗਰਾ ਆਈ.ਜੀ., ਸ੍ਰੀ ਕੰਵਰ ਵਿਜੇ ਪ੍ਰਤਾਪ ਡੀ.ਆਈ.ਜੀ., ਡਾ. ਐੱਸ. ਕਰਨਾਰਾਜੂ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ੍ਰੀ ਮਨਮੋਹਨ ਕੁਮਾਰ ਸ਼ਰਮਾ ਐੱਸ.ਐੱਸ.ਪੀ., ਸ. ਗੁਰਬਚਨ ਸਿੰਘ ਕਰਮੂੰਵਾਲਾ ਆਦਿ ਹਾਜਰ ਸਨ।

Facebook Comment
Project by : XtremeStudioz