Close
Menu

ਰਾਫ਼ਾਲ ਬਾਰੇ ਮੋਦੀ ਨੂੰ ‘ਬਲੈਕਮੇਲ’ ਕਰ ਰਹੇ ਨੇ ਪਰੀਕਰ: ਰੈੱਡੀ

-- 22 December,2018

ਪਣਜੀ, 22 ਦਸੰਬਰ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੈੱਡੀ ਨੇ ਅੱਜ ਦੋਸ਼ ਲਾਇਆ ਕਿ ਗੋਆ ਦਾ ਮੁੱਖ ਮੰਤਰੀ ਮਨੋਹਰ ਪਰੀਕਰ ਆਪਣੀ ਕੁਰਸੀ ਬਚਾਉਣ ਲਈ ਰਾਫ਼ਾਲ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬਲੈਕਮੇਲ’ ਕਰ ਰਿਹਾ ਹੈ। ਸ੍ਰੀ ਰੈੱਡੀ ਇਥੇ ਮਾਰਗਾਓਂ ਕਸਬੇ ’ਚ ਪਾਰਟੀ ਦੀ ‘ਜਨ ਆਕ੍ਰੋਸ਼’ ਰੈਲੀ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਰੈੱਡੀ ਨੇ ਕਿਹਾ ਕਿ ਕਾਂਗਰਸ ਨੂੰ ਸੰਸਦ ਵਿੱਚ ਰਾਫ਼ਾਲ ਸਮਝੌਤੇ ’ਤੇ ਚਰਚਾ ਕਰਨ ’ਚ ਕੋਈ ਇਤਰਾਜ਼ ਨਹੀਂ ਹੈ, ਪਰ ਅਜਿਹਾ ਤਾਂ ਹੀ ਸੰਭਵ ਹੈ ਜਦੋਂ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਇਸ ਦੀ ਜਾਂਚ ਕਰ ਕੇ ਤੱਥਾਂ ਨੂੰ ਇਕੱਠਾ ਕਰੇ। ਉਧਰ ਭਾਜਪਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਵੀ ਕਾਂਗਰਸ ਰਾਫ਼ਾਲ ਮੁੱਦੇ ’ਤੇ ਬੇਵਜ੍ਹਾ ਖਿੱਚ ਰਹੀ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸੀਨੀਅਰ ਕਾਂਗਰਸੀ ਆਗੂ ਜੈਪਾਲ ਰੈਡੀ ਨੇ ਕਿਹਾ ਕਿ 2019 ’ਚ ਲੋਕ ਸਭਾ ਚੋਣਾਂ ਜਿੱਤ ਕੇ ਜਦੋਂ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਏਗੀ ਤਾਂ ਉਹ ਰਾਫ਼ਾਲ ਸਮਝੌਤੇ ਦੀ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਕਿ ਉਹ ਚਰਚਾ ਲਈ ਤਿਆਰ ਹਨ। ਉਨ੍ਹਾਂ ਨੂੰ ਕੁਝ ਤੱਥ ਇਕੱਠੇ ਕਰਨੇ ਹਨ ਅਤੇ ਇਹ ਜੇਪੀਸੀ ਵੱਲੋਂ ਹੀ ਕੀਤਾ ਜਾ ਸਕਦਾ ਹੈ। ਜੇਪੀਸੀ ਤੱਥਾਂ ਨੂੰ ਇਕੱਠਾ ਕਰਨ ਦਾ ਕੰਮ ਕਰਦੀ ਹੈ, ਉਨ੍ਹਾਂ ਨੂੰ ਤੱਥਾਂ ਬਾਰੇ ਜਾਣਕਾਰੀ ਨਹੀਂ ਹੈ। ਤੱਥਾਂ ਬਾਰੇ ਪੂਰੀ ਜਾਣਕਾਰੀ ਹੋਏ ਬਿਨਾਂ ਹੀ ਤੁਸੀਂ ਕਿਸੇ ਨਤੀਜੇ ’ਤੇ ਕਿਵੇਂ ਪਹੁੰਚ ਸਕਦੇ ਹੋ? ਸ੍ਰੀ ਰੈਡੀ ਨੇ ਕਿਹਾ ਕਿ ਜਿੱਥੋਂ ਤੱਕ ਅਦਾਲਤ ਦਾ ਸਵਾਲ ਹੈ, ਹਾਈ ਕੋਰਟ ਨੇ ਤੈਅ ਕੀਤਾ ਹੈ ਕਿ ਉਸ ਨੇ ਕੀ ਕਰਨਾ ਹੈ। ਹਾਈ ਕੋਰਟ ਦਾ ਫ਼ੈਸਲਾ ਕਮੇਟੀ ਦੇ ਮੁੱਦੇ ’ਤੇ ਹੈ। ਇਸ ’ਤੇ ਮੁੜ ਤੋਂ ਵਿਚਾਰ ਹੋ ਸਕਦਾ ਹੈ।

Facebook Comment
Project by : XtremeStudioz