Close
Menu

ਰਾਫ਼ਾਲ ਸਮਝੌਤੇ ’ਚ ਮੋਦੀ ਦੀ ਭੂਮਿਕਾ ਦੀ ਵੀ ਜਾਂਚ ਹੋਵੇ: ਰਾਹੁਲ

-- 14 March,2019

ਚੇਨੱਈ, 14 ਮਾਰਚ
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਜੀਜਾ ਰੌਬਰਟ ਵਾਡਰਾ ਦੀ ਪੜਤਾਲ ਹੋ ਸਕਦੀ ਹੈ ਤਾਂ ਰਾਫ਼ਾਲ ਸਮਝੌਤੇ ਵਿੱਚ ਪ੍ਰਧਾਨ ਮੰਤਰੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਉਹ ਇੱਥੇ ਇਕ ਕਾਲਜ ਵਿੱਚ ਵਿਦਿਆਰਥਣਾਂ ਨੂੰ ਸੰਬੋਧਨ ਕਰ ਰਹੇ ਸਨ।
ਵਿਦਿਆਰਥਣਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਕਾਨੂੰਨ ਸਾਰਿਆਂ ’ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ, ਨਾ ਕਿ ਸਿਰਫ਼ ਚੋਣਵੇਂ ਵਿਅਕਤੀਆਂ ’ਤੇ। ਉਨ੍ਹਾਂ ਰਾਫ਼ਾਲ ਜੰਗੀ ਜਹਾਜ਼ਾਂ ਦੇ ਸਮਝੌਤੇ ਵਿੱਚ ਅਪਣਾਈ ਗਈ ਖ਼ਰੀਦ ਪ੍ਰਕਿਰਿਆ ਅਤੇ ਜਹਾਜ਼ਾਂ ਦੀ ਕੀਮਤ ਬਾਰੇ ਦੋਸ਼ ਦੁਹਰਾਏ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਮੀਡੀਆ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਮੌਜੂਦਾ ਹਾਲਾਤ ਲਈ ਸ੍ਰੀ ਮੋਦੀ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਇਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਲ ਵਿੱਚ ਲਗਾਓ ਹੈ ਅਤੇ ਸੰਸਦ ਵਿੱਚ ਸ੍ਰੀ ਮੋਦੀ ਨੂੰ ਕਾਫੀ ਗੁੱਸੇ ਵਿੱਚ ਦੇਖ ਕੇ ਉਹ ਉਨ੍ਹਾਂ ਦੇ ਗਲੇ ਲੱਗ ਕੇ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਯੂਪੀਏ ਦੀ ਚੋਣ ਮੁਹਿੰਮ ਆਰੰਭਣ ਲਈ ਦੋ ਦਿਨ ਦੇ ਤਾਮਿਲਨਾਡੂ ਦੌਰੇ ’ਤੇ ਆਏ ਸ੍ਰੀ ਗਾਂਧੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਲਈ ਉਨ੍ਹਾਂ ਦੇ ਦਿਲ ਵਿੱਚ ਕੋਈ ਨਫ਼ਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਹਾਈ ਸਬੰਧੀ ਫ਼ੈਸਲਾ ਅਦਾਲਤ ਹੀ ਲਏਗੀ।

Facebook Comment
Project by : XtremeStudioz