Close
Menu

ਰਾਫਾਲ ਨੇ ਫੇਰ ਰੋਕੀ ਦੋਵਾਂ ਸਦਨਾਂ ਦੀ ਕਾਰਵਾਈ

-- 19 December,2018

ਨਵੀਂ ਦਿੱਲੀ, 19  ਦਸੰਬਰ
ਕੇਂਦਰ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਰਾਫਾਲ ਸੌਦੇ ਕਾਰਨ ਬਣੇ ਟਕਰਾਅ ਨੇ ਮੰਗਲਵਾਰ ਨੂੰ ਫੇਰ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਇਆ। ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਾਰਨ ਦੋਵਾਂ ਸਦਨਾਂ ਨੂੰ ਅੱਜ ਫੇਰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਾਮਿਲਨਾਡੂ ਦੀਆਂ ਸਿਆਸੀ ਪਾਰਟੀਆਂ ਏਆਈਏਡੀਐੱਮਕੇ ਤੇ ਡੀਐੱਮਕੇ ਨੇ ਕਾਵੇਰੀ ਡੈਮ ਮੁੱਦੇ ’ਤੇ ਵਿਰੋਧ ਜਤਾਇਆ ਜਦਕਿ ਟੀਡੀਪੀ ਨੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਸੰਸਦ ਦੀ ਕਾਰਵਾਈ ਵਿਚ ਵਿਘਨ ਨਾ ਪਾਉਣ ਦੀਆਂ ਕੀਤੀਆਂ ਅਪੀਲਾਂ ਦੀ ਪਰਵਾਹ ਨਾ ਕਰਦਿਆਂ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਕੇਂਦਰ ਦੇ ਵਿਰੋਧ ਵਿਚ ਲਿਖੇ ਪੋਸਟਰ ਲਹਿਰਾਏ। ਕਾਂਗਰਸੀ ਮੈਂਬਰ ਵਿਰੋਧ ਜਤਾਉਂਦਿਆਂ ਸਪੀਕਰ ਦੀ ਕੁਰਸੀ ਅੱਗੇ ਆ ਗਏ ਤੇ ਰਾਫਾਲ ਜੰਗੀ ਜਹਾਜ਼ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਕਰਨ ਲੱਗੇ। ਇਸੇ ਰੌਲੇ-ਰੱਪੇ ਦੌਰਾਨ ਕੌਮੀ ਡਿਜ਼ਾਈਨ ਸੰਸਥਾਨ ਸੋਧ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ। ਇਹ ਬਿੱਲ ਇਨ੍ਹਾਂ ਨੂੰ ਕੌਮੀ ਮਹੱਤਵ ਦੀਆਂ ਸੰਸਥਾਵਾਂ ਐਲਾਨਣ ਬਾਰੇ ਸੀ। ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਚੇਅਰਮੈਨ ਵੈਂਕਈਆ ਨਾਇਡੂ ਦੀਆਂ ਮੈਂਬਰਾਂ ਨੂੰ ਸ਼ਾਂਤ ਰਹਿਣ ਦੀਆਂ ਕੀਤੀਆਂ ਕਈ ਅਪੀਲਾਂ ਦੇ ਬਾਵਜੂਦ ਸੰਸਦ ਦੀ ਕਾਰਵਾਈ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਘਨ ਪਾਇਆ। ਸ੍ਰੀ ਨਾਇਡੂ ਨੇ ਹਾਲਾਂਕਿ ਇਸ ਮੌਕੇ ਤੂਫ਼ਾਨ ਨਾਲ ਪ੍ਰਭਾਵਿਤ ਸੂਬਿਆਂ ਦੇ ਲੋਕਾਂ ਨਾਲ ਸਬੰਧਤ ਮੁੱਦੇ, ਕੀਮਤਾਂ ਵਿਚ ਵਾਧੇ ਤੇ ਖੇਤੀ ਨਾਲ ਸਬੰਧਤ ਅਹਿਮ ਮੁੱਦੇ ਮੈਂਬਰਾਂ ਦੇ ਧਿਆਨ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਏਆਈਏਡੀਐੱਮਕੇ ਤੇ ਡੀਐੱਮਕੇ ਦੇ ਮੈਂਬਰਾਂ ਨੇ ਕਾਵੇਰੀ ਨਦੀ ਉੱਤੇ ਡੈਮ ਉਸਾਰੇ ਜਾਣ ਦਾ ਵਿਰੋਧ ਕਰਦਿਆਂ ਪੋਸਟਰ ਹਵਾ ’ਚ ਲਹਿਰਾਏ। ਉਤਲੇ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਕੇਂਦਰ ਖ਼ਿਲਾਫ਼ ਰਾਫਾਲ ਸੌਦੇ ਬਾਰੇ ਰੱਖੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ’ਤੇ ਚਰਚਾ ਹੋਣੀ ਚਾਹੀਦੀ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਆਮ ਚੋਣਾਂ ਤੋਂ ਪਹਿਲਾਂ ਇਹ ਇਕ ਅਹਿਮ ਸੈਸ਼ਨ ਹੈ, ਪਰ ਵਿਰੋਧ ਕਾਰਨ ਕਾਰਵਾਈ ਦਾ ਅੱਗੇ ਨਾ ਵਧਣਾ ਅਫ਼ੋਸਸਜਨਕ ਹੈ। ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਵਿਚਾਰ-ਚਰਚਾ ਲਈ ਤਿਆਰ ਹਨ, ਪਰ ਪਹਿਲਾਂ ਰਾਫਾਲ ਬਾਰੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਗਠਿਤ ਕੀਤੀ ਜਾਵੇ।

Facebook Comment
Project by : XtremeStudioz