Close
Menu

ਰਾਫਾਲ ਬਾਰੇ ਝੂਠ ਫੈਲਾ ਰਹੀ ਹੈ ਕਾਂਗਰਸ: ਜੇਤਲੀ

-- 30 August,2018

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਰਾਫ਼ਾਲ ਸਮਝੌਤੇ ਸਬੰਧੀ ਦੇਸ਼ ਵਿੱਚ ਝੂਠ ਫੈਲਾਉਣ ਦੀ ਫਰਜ਼ੀ ਮੁਹਿੰਮ ਚਲਾ ਰਹੇ ਹਨ ਅਤੇ ਅਜਿਹਾ ਕਰਕੇ ਉਹ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਇਸ ਸਬੰਧੀ ਕਾਂਗਰਸ ਤੋਂ 15 ਸਵਾਲ ਕੀਤੇ ਹਨ। ਜੇਤਲੀ ਨੇ ਕਿਹਾ ਕਿ 2007 ਵਿੱਚ ਯੂਪੀਏ ਸਰਕਾਰ ਵੱਲੋਂ ਫਰਾਂਸ ਨਾਲ 36 ਰਾਫਾਲ ਲੜਾਕੂ ਜਹਾਜ਼ ਖਰੀਦਣ ਸਬੰਧੀ ਜੋ ਸਮਝੌਤਾ ਹੋਇਆ ਸੀ ਐਨਡੀਏ ਸਰਕਾਰ ਨੇ 10 ਅਪਰੈਲ 2015 ਵਿੱਚ ਉਸ ਤੋਂ ਵਧੀਆ ਸ਼ਰਤਾਂ ’ਤੇ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਇਹ ਸਵਾਲ ਕਰ ਰਿਹਾ ਹਾਂ ਕਿਉਂਕਿ ਇਸ ਨਾਲ ਰਾਸ਼ਟਰੀ ਹਿੱਤ ਪ੍ਰਭਾਵਿਤ ਹੋ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਤਤਕਾਲ ਇਸ ਦਾ ਜਵਾਬ ਦੇਵੇਗੀ।’’ ਜੇਤਲੀ ਨੇ ਕਿਹਾ ਕਿ ਰਾਫ਼ਾਲ ਵਿਵਾਦ ਪੂਰੀ ਤਰ੍ਹਾਂ ਨਾਲ ਝੂਠ ’ਤੇ ਆਧਾਰਤ ਹੈ। ਉਨ੍ਹਾਂ ਕਿਹਾ ਰਾਸ਼ਟਰੀ ਰਾਜਨੀਤਕ ਦਲਾਂ ਅਤੇ ਉਨ੍ਹਾਂ ਦੇ ਜ਼ਿੰਮੇਵਾਰ ਆਗੂਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੱਖਿਆ ਸੌਦਿਆਂ ਬਾਰੇ ਜਨਤਕ ਬਹਿਸ ਵਿੱਚ ਪੈਣ ਤੋਂ ਪਹਿਲਾਂ ਖੁਦ ਨੂੰ ਤੱਥਾਂ ਤੋਂ ਜਾਣੂ ਕਰਵਾਉਣ। ਜੇਤਲੀ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਤਿੰਨ ਤਰੀਕਿਆਂ ਨਾਲ ਇਸ ਮੁੱਦੇ ’ਤੇ ਦੋਸ਼ੀ ਹਨ। ਇਸ ਸੌਦੇ ਵਿੱਚ ਇਕ ਦਹਾਕੇ ਤੋਂ ਵਧ ਦੀ ਦੇਰੀ ਕਰਕੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ, ਕੀਮਤ ਅਤੇ ਪ੍ਰਕਿਰਿਆ ਬਾਰੇ ਝੂਠ ਫੈਲਾਉਣਾ ਅਤੇ ਇਸ ਤਰ੍ਹਾਂ ਦੇ ਮੁੱਦੇ ਉਠਾ ਕੇ ਰੱਖਿਆ ਖ਼ਰੀਦ ਨੂੰ ਹੋਰ ਟਾਲਣਾ ਸ਼ਾਮਲ ਹੈ।

Facebook Comment
Project by : XtremeStudioz