Close
Menu

ਰਾਮਕੁਮਾਰ ਰਾਮਨਾਥਨ ਦੀ ਸਿੰਗਲਜ਼ ‘ਚ ਚੁਣੌਤੀ ਖਤਮ, ਹੁਣ ਡਬਲਜ਼ ਕੁਆਰਟਰ ਫਾਈਨਲ ‘ਚ ਉਮੀਦ

-- 01 November,2018

ਨਵੀਂ ਦਿੱਲੀ— ਭਾਰਤ ਦੇ ਰਾਮਕੁਮਾਰ ਰਾਮਨਾਥਨ ਨੂੰ ਸ਼ੇਨਜ਼ੇਨ ਚੈਲੰਜਰ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਬੁੱਧਵਾਰ ਨੂੰ ਉਹ ਹਮਵਤਨ ਸਾਕੇਤ ਮਾਈਨੇਨੀ ਨਾਲ ਪੁਰਸ਼ ਡਬਲਜ਼ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ। ਭਾਰਤ ਵੱਲੋਂ ਦੁਨੀਆ ਦੇ 121 ਨੰਬਰ ਦੇ ਖਿਡਾਰੀ ਨੂੰ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ‘ਚ ਮਿਸਰ ਦੇ ਦੁਨੀਆ ਦੇ 202ਵੇਂ ਨੰਬਰ ਦੇ ਖਿਡਾਰੀ ਮੁਹੰਮਦ ਸਫਵਤ ਖਿਲਾਫ 6-7, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਫਵਤ ਖਿਲਾਫ ਰਾਮਕੁਮਾਰ ਦਾ ਇਹ ਪਹਿਲਾ ਮੁਕਾਬਲਾ ਸੀ।
ਇਸ ਹਾਰ ਦੇ ਨਾਲ ਕੁਆਲੀਫਾਇਰ ਸ਼ਸ਼ੀ ਕੁਮਾਰ ਮੁਕੁੰਦ ਦੇ ਰੂਪ ‘ਚ ਸਿੰਗਲਜ਼ ਡਰਾਅ ‘ਚ ਭਾਰਤ ਦੀ ਇਕਮਾਤਰ ਚੁਣੌਤੀ ਬਚੀ ਹੈ। ਉਹ ਵੀਰਵਾਰ ਨੂੰ ਅੱਠਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਫਿਲਿਪ ਪੋਲੀਵੋ ਨਾਲ ਭਿੜਨਗੇ। 21 ਸਾਲ ਸ਼ਸ਼ੀ ਨੇ ਇਸ 75 ਹਜ਼ਾਰ ਡਾਲਰ ਇਨਾਮੀ ਹਾਰਡਕੋਰਟ ਪ੍ਰਤੀਯੋਗਿਤਾ ‘ਚ ਯੀਬਿੰਗ ਵੂ ਨੂੰ 1 ਘੰਟੇ, 20 ਮਿੰਟ ਤਕ ਚੱਲੇ ਮੈਚ 7-6, 6-2 ਨਾਲ ਹਰਾ ਕੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ ਸੀ। ਵੂ ਨੇ ਪਿਛਲੇ ਸਾਲ ਜੂਨੀਅਰ ਯੂ.ਐੱਸ.ਏ. ਓਪਨ ਦਾ ਖਿਤਾਬ ਜਿੱਤਿਆ ਸੀ ਅਤੇ ਇਸ ਤੋਂ ਬਾਅਦ ਉਹ ਜੂਨੀਅਰ ਵਰਗ ‘ਚ ਨੰਬਰ ਇਕ ਵੀ ਬਣੇ ਸੀ।
ਇਸ ਵਿਚਾਲੇ ਰਾਮਕੁਮਾਰ ਅਤੇ ਮਾਈਨੇਨੀ ਨੇ ਮਾਓ ਸ਼ਿਨ ਗੋਂਗ ਅਤੇ ਝੀ ਝੇਂਗ ਨੂੰ 6-3, 3-6, 10-8 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ । ਜੀਵਨ ਨੇਦੁਨਚੇਝੀਅਨ ਅਤੇ ਐਨ ਸ਼੍ਰੀ ਰਾਮ ਬਾਲਾਜੀ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਨੇ ਵੀ ਸਫਵਤ ਅਤੇ ਐਲੇਕਸਾਂਦਰ ਨੇਦੋਵਿਸੋਚ ਦੀ ਜੋੜੀ ਨੂੰ ਪਹਿਲੇ ਦੌਰ ‘ਚ 7-5, 2-6, 10-7 ਨਾਲ ਹਰਾਇਆ। ਪੈਰਿਸ ‘ਚ ਰੋਲੇਕਸ ਮਾਸਟਰਜ਼ ‘ਚ ਭਾਰਤ ਦੇ ਰੋਹਨ ਬੋਪੰਨਾ ਅਤੇ ਐਡਵਰਡ ਰੋਜਰ ਵੇਸਲਿਨ ਨੇ ਰੋਬਿਨ ਹਾਸ ਅਤੇ ਮਾਤਵੇ ਮਿਡਲਕੂਪ ਨੂੰ 7-6, 5-7, 10-5 ਨਾਲ ਹਰਾ ਕੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਪਹਿਲੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੌਥਾ ਦਰਜਾ ਪ੍ਰਪਾਤ ਪ੍ਰਜਨੇਸ਼ ਨੂੰ ਸਪੇਨ ਦੇ ਅਲੇਜਾਦਰੋ ਡੇਵਿਡੋਵਿਚ ਫੋਫਿਨਾ ਦੇ ਹੱਥੋਂ 3-6, 4-6 ਨਾਲ ਹਾਰ ਝੱਲਣੀ ਪਈ ਸੀ। ਉਨ੍ਹਾਂ ਤੋਂ ਇਲਾਵਾ ਸਾਕੇਤ ਮਾਈਨੇਨੀ ਨੂੰ ਪੈਰ ‘ਚ ਪ੍ਰੇਸ਼ਾਨੀ ਕਾਰਨ ਫਰਾਂਸ ਦੇ ਯੋਹਾਨ ਟੇਟਲੋਟ ਖਿਲਾਫ ਮੁਕਾਬਲੇ ‘ਚੋਂ ਹਟਣਾ ਪਿਆ। ਉਦੋਂ ਮਾਈਨੇਨੀ 0-6 ਨਾਲ ਪਿੱਛੇ ਚੱਲ ਰਹੇ ਸੀ।

Facebook Comment
Project by : XtremeStudioz