Close
Menu

ਰਾਮਦੇਵ ਵੱਲੋਂ ਮੰਤਰੀ ਦਾ ਅਹੁਦਾ ਲੈਣ ਤੋਂ ਨਾਂਹ

-- 22 April,2015

ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਦੇ ਨਾਲ ਨਾਗਰਿਕਾਂ ਦਾ ਰੂਹਾਨੀ ਤੇ ਬੌਧਿਕ ਵਿਕਾਸ ਵੀ ਅਹਿਮ ਹੈ।
ਇੱਥੇ ਮੋਤੀ ਲਾਲ ਨਹਿਰੂ ਖੇਡ ਸਕੂਲ, ਰਾਈ ਜ਼ਿਲ੍ਹਾ ਸੋਨੀਪਤ ਵਿੱਚ ਬਾਬਾ ਰਾਮਦੇਵ, ਜਿਨ੍ਹਾਂ ਨੂੰ ਯੋਗ ਤੇ ਆਯੁਰਵੇਦ ਦੇ ਪ੍ਰਚਾਰ ਲਈ ਹਰਿਆਣਾ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ, ਦੇ ਸਨਮਾਨ ਵਿੱਚ ਕਰਵਾਏ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ  ਪੰਚਕੂਲਾ ਵਿੱਚ ਸਥਾਪਤ ਕੀਤੇ ਜਾ ਰਹੇ ਵਿਸ਼ਵ ਪੱਧਰੀ ਕੁਦਰਤੀ ਮੈਡੀਕਲ ਕੇਂਦਰ ਦੀ ਤਰ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਆਯੂਸ਼ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ 6500 ਪਿੰਡਾਂ ਵਿੱਚ 2-2 ਏਕੜ ਖੇਤਰ ਵਿੱਚ ਜਿੰਮ ਖੋਲ੍ਹੇ ਜਾਣਗੇ ਤੇ ਪਹਿਲੇ ਪੜਾਅ ਵਿੱਚ 1,000 ਪਿੰਡਾਂ ਵਿੱਚ ਜਿੰਮ ਖੋਲ੍ਹ ਕੇ ਸ਼ੁਰੂਆਤ ਕੀਤੀ ਜਾਵੇਗੀ।  ਇਸ ਦੌਰਾਨ ਹਰਿਆਣਾ ਸਰਕਾਰ ਵੱਲੋਂ ਸਿਹਤ ਤੇ ਆਯੂਸ਼ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਤੇ ਪਤੰਜਲੀ ਯੋਗਪੀਠ ਵੱਲੋਂ ਆਚਾਰੀਆ ਬਾਲਕ੍ਰਿਸ਼ਨ ਨੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਅਨਿਲ ਵਿੱਜ ਦੀ ਹਾਜ਼ਰੀ ਵਿੱਚ ਸਮਝੌਤੇ ’ਤੇ ਦਸਤਖਤ ਕੀਤੇ। ਸਮਾਰੋਹ ਦੌਰਾਨ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਹਰਿਆਣਾ  ਦੇ ਇਤਿਹਾਸ ਵਿੱਚ ਇਹ ਮਾਣ ਦਾ ਸਮਾਂ ਹੈ ਕਿ ਪੂਰੇ ਵਿਸ਼ਵ ਨੂੰ ਯੋਗ ਕਰਵਾਉਣ ਵਾਲੇ ਬਾਬਾ ਰਾਮਦੇਵ ਹਰਿਆਣਾ ਵਿੱਚ ਪੈਦਾ ਹੋਏ ਹਨ।
ਬਾਬਾ ਰਾਮਦੇਵ ਨੇ ਕਿਹਾ ਕਿ ਪਤੰਜਲੀ ਯੋਗਪੀਠ ਵੱਲੋਂ ਜ਼ਿਲ੍ਹਾ ਪਾਣੀਪਤ ਦੇ ਡਿਕਾਡਲਾ ਗੁਰੂਕੁਲ ਵਿੱਚ ਇਕ ਲੱਖ ਵਿਦਿਆਰਥੀਆਂ ਨੂੰ ਅਧਿਆਤਮਕ ਤੇ ਬੌਧਿਕ ਸਿੱਖਿਆ ਦਿੱਤੀ ਜਾਵੇਗੀ। ਪਤੰਜਲੀ ਯੋਗਪੀਠ ਰਾਹੀਂ ਪੁੱਤਰਜੀਵਨ ਦਵਾਈ ਦੇਣ ਲਈ ਹੋ ਰਹੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਇਸ ਦਵਾਈ ਦਾ ਨਾਂ ਸਾਡੇ ਰਿਸ਼ੀਆਂ ਵੱਲੋਂ ਰੱਖਿਆ ਗਿਆ ਹੈ। ਇਸ ਨਾਲ ਲੜਕੇ ਜਾਂ ਲੜਕੀ ਪੈਦਾ ਹੋਣ ਦੀ ਕੋਈ ਗੱਲ ਨਹੀਂ ਹੈ, ਇਹ ਸਿਰਫ਼ ਅੌਰਤਾਂ ਦਾ ਬਾਂਝਪਣ ਰੋਗ ਦੂਰ ਕਰਨ ਲਈ ਦਿੱਤੀ ਜਾਂਦੀ ਹੈ।ਇਸ ਮੌਕੇ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਹਰਿਆਣਾ ਸਕਰਾਰ ਦੇ ਧੰਨਵਾਦੀ ਹਨ, ਜਿਨ੍ਹਾਂ ਯੋਗ ਤੇ ਆਯੁਰਵੇਦ ਲਈ ਉਨ੍ਹਾਂ ਨੂੰ ਬਰਾਂਡ ਅੰਬੈਸਡਰ ਬਣਾਇਆ ਹੈ ਪਰ ਉਹ ਕੈਬਨਿਟ ਮੰਤਰੀ ਦਾ ਦਰਜਾ ਨਹੀਂ ਲੈਣਾ ਚਾਹੁੰਦੇ। ਉਹ ਫਕੀਰ ਹਨ ਅਤੇ ਫਕੀਰ ਹੀ ਰਹਿਣਾ ਚਾਹੁੰਦੇ ਹਨ।

Facebook Comment
Project by : XtremeStudioz