Close
Menu

ਰਾਸ਼ਟਰਪਤੀ ਕੋਵਿੰਦ ਵੱਲੋਂ ਚਿੱਲੀ ’ਚ ਪਰਵਾਸੀ ਭਾਰਤੀਆਂ ਨਾਲ ਮੁਲਾਕਾਤ

-- 02 April,2019

ਸਾਂਤਿਆਗੋ, 2 ਅਪਰੈਲ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਚਿੱਲੀ ਦੀ ਰਾਜਧਾਨੀ ’ਚ ਪਲਾਜ਼ਾ ਡੀ ਲਾ ਇੰਡੀਆ ਸਥਿਤ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਦੇ ਸਬੰਧ ਵਿਚ ਉਨ੍ਹਾਂ ਬੁੱਤ ਦੇ ਆਲੇ-ਦੁਆਲੇ ਦੇ ਇਲਾਕੇ ਦੇ ਸੁੰਦਰੀਕਰਨ ਲਈ 53,000 ਅਮਰੀਕੀ ਡਾਲਰ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਬੋਲੀਵੀਆ ਤੇ ਕ੍ਰੋਏਸ਼ੀਆ ਦੇ ਦੌਰੇ ਮਗਰੋਂ ਐਤਵਾਰ ਨੂੰ ਇੱਥੇ ਪੁੱਜੇ ਰਾਸ਼ਟਰਪਤੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਭਾਰਤੀ ਲੋਕ ਚਿਲੀ ਦੇ ਸਭਿਆਚਾਰ ਵਿਚ ਪੂਰੀ ਤਰ੍ਹਾਂ ਰਚ-ਮਿਚ ਗਏ ਹਨ।
ਉਨ੍ਹਾਂ ਭਾਰਤ ਦੀ ਅਤੇ ਆਪਣੀ ਖ਼ੁਦ ਦੀ ਚੰਗੀ ਪਛਾਣ ਕਾਇਮ ਕਰ ਲਈ ਹੈ। ਰਾਸ਼ਟਰਪਤੀ ਕੋਵਿੰਦ ਨੇ ਭਾਰਤੀ ਭਾਈਚਾਰੇ ਨੂੰ ਭਾਰਤ ਦੇ ਵਿਕਾਸ ਵਿਚ ਸਹਿਯੋਗ ਦੇਣ ਲਈ ਪ੍ਰੇਰਿਆ ਤੇ ਕਿਹਾ ਕਿ ਦੂਤਾਵਾਸ ਦੁਆਰਾ ਰੱਖੇ ਜਾਂਦੇ ਸਮਾਗਮਾਂ ਤੇ ਕਰਵਾਏ ਜਾਂਦੇ ਉੱਦਮਾਂ ਵਿਚ ਭਾਈਚਾਰਾ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਰਾਬਤਾ ਸਾਰਿਆਂ ਲਈ ਲਾਭਕਾਰੀ ਸਾਬਿਤ ਹੁੰਦਾ ਹੈ, ਫਿਰ ਚਾਹੇ ਉਹ ਚਿਲੀ ਵਿਚ ਹੀ ਹੋਵੇ ਜਾਂ ਪਿੱਛੇ ਭਾਰਤ ਨਾਲ ਜੁੜਦਾ ਹੋਵੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਦਾ ਮੁਲਕ ਦੇ ਵਿਕਾਸ ਵਿਚ ਹਮੇਸ਼ਾ ਅਣਮੁੱਲਾ ਯੋਗਦਾਨ ਰਿਹਾ ਹੈ ਤੇ ਭਵਿੱਖ ਵਿਚ ਵੀ ਰਹੇਗਾ। ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕਰਨ ਮੌਕੇ ਚਿਲੀ ਦੇ ਮੇਅਰ ਐਵਲਿਨ ਮੈਥੀ ਵੀ ਹਾਜ਼ਰ ਸਨ। ਰਾਸ਼ਟਰਪਤੀ ਕੋਵਿੰਦ ਨੇ ਚਿਲੀ ਦੇ ਨੋਬਲ ਪੁਰਸਕਾਰ ਜੇਤੂ ਕਵੀ ਪਾਬਲੋ ਨੇਰੂਦਾ ਨੂੰ ਸਮਰਪਿਤ ਅਜਾਇਬਘਰ ਦਾ ਵੀ ਦੌਰਾ ਕੀਤਾ।

Facebook Comment
Project by : XtremeStudioz